ਦਿਹਾਤੀ ਐੱਸਪੀ ਹੈੱਡਕੁਆਰਟਰ ਹੁੰਦਲ ਨੇ ਥਾਣਾ ਮਕਸੂਦਾਂ ਦਾ ਕੀਤਾ ਅਚਨਚੇਤ ਦੌਰਾ, ਦਿੱਤੀਆਂ ਹਦਾਇਤਾਂ ਦਿਹਾਤੀ ਐੱਸਪੀ ਹੈੱਡਕੁਆਰਟਰ ਹੁੰਦਲ ਨੇ ਥਾਣਾ ਮਕਸੂਦਾਂ ਦਾ ਕੀਤਾ ਅਚਨਚੇਤ ਦੌਰਾ, ਦਿੱਤੀਆਂ ਹਦਾਇਤਾਂ
Publish Date: Sun, 01 Nov 2026 09:49 PM (IST)
Updated Date: Sun, 01 Nov 2026 09:53 PM (IST)
ਅਮਰਜੀਤ ਸਿੰਘ ਵੇਹਗਲ, ਪੰਜਾਬੀ ਜਾਗਰਣ, ਜਲੰਧਰ ਜਲੰਧਰ ਦਿਹਾਤੀ ਐੱਸਪੀ ਹੈੱਡਕੁਆਰਟਰ ਤੇਜਵੀਰ ਸਿੰਘ ਹੁੰਦਲ ਵੱਲੋਂ ਥਾਣਾ ਮਕਸੂਦਾਂ ਦਾ ਅਚਨਚੇਤ ਦੌਰਾ ਕਰਕੇ ਥਾਣੇ ਦੀ ਜਾਂਚ ਕੀਤੀ ਗਈ। ਪੁਲਿਸ ਕੰਮਕਾਜ ’ਚ ਹੋਰ ਪਾਰਦਰਸ਼ਤਾ ਲਿਆਉਣ ਲਈ ਉਨ੍ਹਾਂ ਵੱਲੋਂ ਥਾਣੇ ਦੀ ਰੋਜ਼ਾਨਾ ਕਾਰਜਪ੍ਰਣਾਲੀ, ਰਿਕਾਰਡ ਰਜਿਸਟਰਾਂ ਦਾ ਬਾਰੀਕੀ ਨਾਲ ਜਾਇਜ਼ਾ ਲਿਆ। ਇਸ ਮੌਕੇ ਪੰਜਾਬ ਸਰਕਾਰ ਦੀ ਅਗਵਾਈ ਹੇਠ ਚੱਲ ਰਹੀ ‘ਯੁੱਧ ਨਸ਼ਿਆਂ ਵਿਰੁੱਧ’ ਮੁਹਿੰਮ ਦੀ ਸਮੀਖਿਆ ਕਰਦਿਆਂ ਐੱਸਪੀ ਹੁੰਦਲ ਨੇ ਇਲਾਕੇ ’ਚੋਂ ਨਸ਼ੇ ਦੇ ਕੋਹੜ ਨੂੰ ਜੜ੍ਹੋਂ ਖ਼ਤਮ ਕਰਨ ਲਈ ਸਖ਼ਤ ਨਿਰਦੇਸ਼ ਜਾਰੀ ਕੀਤੇ। ਉਨ੍ਹਾਂ ਵਿਸ਼ੇਸ਼ ਤੌਰ ’ਤੇ ਨਸ਼ਿਆਂ ਦੇ ਹੌਟਸਪੋਟ ਵਜੋਂ ਜਾਣੇ ਜਾਂਦੇ ਪਿੰਡ ਨਾਹਰਪੁਰ ਦਾ ਜ਼ਿਕਰ ਕਰਦਿਆਂ ਕਿਹਾ ਕਿ ਇਸ ਖੇਤਰ ’ਚ ਪੁਲਿਸ ਮੁਲਾਜ਼ਮਾਂ ਵੱਲੋਂ ਚੌਕਸੀ ਨਾਲ ਡਿਊਟੀ ਨਿਭਾਈ ਜਾਵੇ। ਉਨ੍ਹਾਂ ਹੁਕਮ ਦਿੱਤੇ ਕਿ ਪਿੰਡ ਨਾਹਰਪੁਰ ’ਚੋਂ ਨਸ਼ੇ ਦਾ ਮੁਕੰਮਲ ਖਾਤਮਾ ਕਰਨ ਲਈ ਗਸ਼ਤ ਤੇ ਨਾਕਾਬੰਦੀ ਨੂੰ ਹੋਰ ਸਖ਼ਤ ਕੀਤਾ ਜਾਵੇ। ਥਾਣੇ ਦੀ ਇਮਾਰਤ ਦੀ ਮਾੜੀ ਹਾਲਤ ਨੂੰ ਦੇਖਦਿਆਂ ਹੋਇਆਂ ਉਨ੍ਹਾਂ ਥਾਣਾ ਮੁਖੀ ਇੰਸਪੈਕਟਰ ਬਲਵੀਰ ਸਿੰਘ ਨੂੰ ਹਦਾਇਤ ਕੀਤੀ ਕਿ ਥਾਣੇ ਦੀ ਮੁਰੰਮਤ ਤੇ ਲੁੜੀਂਦੇ ਸੁਧਾਰ ਸਬੰਧੀ ਉੱਚ ਅਧਿਕਾਰੀਆਂ ਤੇ ਵਿਭਾਗ ਨੂੰ ਤੁਰੰਤ ਲਿਖਤੀ ਪੱਤਰ ਭੇਜਿਆ ਜਾਵੇ ਤਾਂ ਜੋ ਇਮਾਰਤ ਦੀ ਮੁਰੰਮਤ ਸਮੇਂ ਸਿਰ ਕੀਤੀ ਜਾ ਸਕੇ। ਥਾਣਾ ਮੁਖੀ ਬਲਵੀਰ ਸਿੰਘ ਨੇ ਭਰੋਸਾ ਦਿੱਤਾ ਕਿ ਦਿੱਤੇ ਸਾਰੇ ਹੁਕਮਾਂ ਦੀ ਸਖ਼ਤੀ ਨਾਲ ਪਾਲਣਾ ਕੀਤੀ ਜਾਵੇਗੀ ਤੇ ਇਲਾਕੇ ਨੂੰ ਨਸ਼ਾ ਮੁਕਤ ਬਣਾਉਣ ਲਈ ਹਰ ਸੰਭਵ ਕਦਮ ਚੁੱਕਿਆ ਜਾਵੇਗਾ।