ਲੋਕੋ ਲਾਬੀ ’ਚ ਰਨਿੰਗ ਸਟਾਫ ਦੇ ਮੈਂਬਰਾਂ ਨੇ ਕੀਤਾ ਪ੍ਰਦਰਸ਼ਨ ਲੋਕੋ ਲਾਬੀ ’ਚ ਰਨਿੰਗ ਸਟਾਫ਼ ਦੇ ਮੈਂਬਰਾਂ ਨੇ ਕੀਤਾ ਪ੍ਰਦਰਸ਼ਨ, ਅਧਿਕਾਰੀਆਂ ਦੀਆਂ ਨੀਤੀਆਂ ਦੀ ਕੀਤੀ ਨਿਖੇਧੀ
Publish Date: Thu, 22 Oct 2026 07:46 PM (IST)
Updated Date: Thu, 22 Oct 2026 07:48 PM (IST)
ਅਧਿਕਾਰੀਆਂ ਦੀਆਂ ਨੀਤੀਆਂ ਦੀ ਕੀਤੀ ਨਿਖੇਧੀ ਪੱਤਰ ਪ੍ਰੇਰਕ, ਪੰਜਾਬੀ ਜਾਗਰਣ, ਜਲੰਧਰ : ਆਲ ਇੰਡੀਆ ਲੋਕੋ ਰਨਿੰਗ ਸਟਾਫ ਐਸੋਸੀਏਸ਼ਨ (ਏਆਈਐੱਲਆਰਐੱਸਏ) ਦੇ ਫ਼ਿਰੋਜ਼ਪੁਰ ਮੰਡਲ ਵੱਲੋਂ ਰੇਲਵੇ ਪ੍ਰਸ਼ਾਸਨ ਦੀ ਬੇਰੁਖ਼ੀ ਦੇ ਵਿਰੋਧ ’ਚ ਪ੍ਰਦਰਸ਼ਨ ਕੀਤਾ ਗਿਆ। ਰਨਿੰਗ ਸਟਾਫ ਦੀਆਂ 20 ਫ਼ੀਸਦੀ ਤੋਂ ਵੱਧ ਅਸਾਮੀਆਂ ਖਾਲੀ ਪਈਆਂ ਹਨ, ਜਿਸ ਕਾਰਨ ਡਿਊਟੀ ’ਤੇ ਤਾਇਨਾਤ ਮੁਲਾਜ਼ਮਾਂ ’ਤੇ ਕੰਮ ਦਾ ਵਾਧੂ ਬੋਝ ਵਧ ਰਿਹਾ ਹੈ। ਇਸ ਤੋਂ ਇਲਾਵਾ ਮੁਲਾਜ਼ਮਾਂ ਨੂੰ ਨਿਰਧਾਰਤ ਛੁੱਟੀਆਂ ਤੇ ਆਰਾਮ ਦਾ ਸਮਾਂ ਸਿਰ ’ਤੇ ਨਾ ਮਿਲਣ ਕਾਰਨ ਉਨ੍ਹਾਂ ਦਾ ਮਾਨਸਿਕ ਤਣਾਅ ਵੀ ਵਧ ਰਿਹਾ ਹੈ। ਜੇਕਰ ਅਜਿਹੇ ਹਾਲਾਤ ’ਚ ਕੋਈ ਅਣਸੁਖਾਵੀਂ ਘਟਨਾ ਵਾਪਰਦੀ ਹੈ ਤਾਂ ਇਸ ਦੀ ਜ਼ਿੰਮੇਵਾਰੀ ਰੇਲਵੇ ਪ੍ਰਸ਼ਾਸਨ ਦੀ ਹੋਵੇਗੀ। ਮੁਲਾਜ਼ਮਾਂ ਨੇ ਮੰਗ ਕੀਤੀ ਕਿ ਤਨਖ਼ਾਹ ’ਚ ਬੇਲੋੜੀਆਂ ਕਟੌਤੀਆਂ ਬੰਦ ਕੀਤੀਆਂ ਜਾਣ। ਬਕਾਇਆ ਭੁਗਤਾਨ ਤੇ ਕਿਲੋਮੀਟਰ ਏਰੀਅਰ ਜਾਰੀ ਕੀਤਾ ਜਾਵੇ। ਇਸ ਦੇ ਨਾਲ ਹੀ ਸਹਾਇਕ ਲੋਕੋ ਪਾਇਲਟ (ਏਐੱਲਪੀ) ਮੁਲਾਜ਼ਮਾਂ ਦੇ ਲੰਬਿਤ ਇੰਕਰੀਮੈਂਟ ਏਰੀਅਰ ਤੇ ਵਜ਼ੀਫ਼ੇ ਦਾ ਭੁਗਤਾਨ ਕੀਤਾ ਜਾਵੇ। ਸੀਨੀਅਰ ਏਐੱਲਪੀ ਤੇ ਸੀਨੀਅਰ ਐੱਲਪੀਐੱਸ ਦੀ ਅਪਗ੍ਰੇਡੇਸ਼ਨ ਸਮੇਤ ਹੋਰ ਸਾਰੀਆਂ ਲੰਬਿਤ ਮੰਗਾਂ ਦਾ ਜਲਦ ਹੱਲ ਕਰਨ ਦੀ ਵੀ ਮੰਗ ਕੀਤੀ ਗਈ। ਇਸ ਦੌਰਾਨ ਰੇਲ ਗੱਡੀਆਂ ਦੇ ਸੰਚਾਲਨ ’ਚ ਕਿਸੇ ਕਿਸਮ ਦੀ ਰੁਕਾਵਟ ਨਹੀਂ ਆਈ। ਪ੍ਰਦਰਸ਼ਨ ’ਚ ਸਿਰਫ਼ ਉਹੀ ਮੁਲਾਜ਼ਮ ਸ਼ਾਮਲ ਹੋਏ, ਜਿਨ੍ਹਾਂ ਦੀ ਉਸ ਸਮੇਂ ਰੇਲ ਗੱਡੀਆਂ ਦੇ ਸੰਚਾਲਨ ਸਬੰਧੀ ਡਿਊਟੀ ਨਹੀਂ ਸੀ।