- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼
ਪੁਲਿਸ ਡੀਏਵੀ ਪਬਲਿਕ ਸਕੂਲ ਵਿਖੇ ‘ਰਨ ਫਾਰ ਡੀਏਵੀ’ ਮੈਰਾਥਨ ਕਰਵਾਈ

ਤੇਜਿੰਦਰ ਕੌਰ ਥਿੰਦ, ਪੰਜਾਬੀ ਜਾਗਰਣ, ਜਲੰਧਰ : ਗਾਂਧੀ ਜਯੰਤੀ ਦੇ ਮੌਕੇ ’ਤੇ ਡੀਏਵੀ ਕਾਲਜ ਮੈਨੇਜਿੰਗ ਕਮੇਟੀ ਵੱਲੋਂ ਦੇਸ਼ ਭਰ ’ਚ ਕਰਵਾਈ ਜਾ ਰਹੀ ‘ਰਨ ਫਾਰ ਡੀਏਵੀ’ ਮੈਰਾਥਨ ਤਹਿਤ ਪੁਲਿਸ ਡੀਏਵੀ ਪਬਲਿਕ ਸਕੂਲ, ਪੀਏਪੀ ਕੈਂਪਸ ਵਿਖੇ ਦੌੜ ਕਰਵਾਈ ਗਈ। ਇਸ ’ਚ ਜਲੰਧਰ ਦੇ ਵੱਖ-ਵੱਖ ਡੀਏਵੀ ਸਕੂਲਾਂ ਦੇ ਕਰੀਬ 200 ਵਿਦਿਆਰਥੀਆਂ ਨੇ ਉਤਸ਼ਾਹ ਨਾਲ ਹਿੱਸਾ ਲਿਆ। ਇਸ ਮੌਕੇ ਮੇਜ਼ਬਾਨ ਸਕੂਲ ਦੇ ਪ੍ਰਿੰਸੀਪਲ ਡਾ. ਰਾਜਵੀਰ ਸਿੰਘ ਕੰਗ, ਦਇਆਨੰਦ ਮਾਡਲ ਸੀਨੀਅਰ ਸੈਕੰਡਰੀ ਸਕੂਲ ਦੇ ਪ੍ਰਿੰਸੀਪਲ ਵਿਨੋਦ ਕੁਮਾਰ ਤੇ ਡੀਐੱਮਐੱਸ ਦਇਆਨੰਦ ਨਗਰ ਦੇ ਪ੍ਰਿੰਸੀਪਲ ਐੱਸਕੇ ਗੌਤਮ ਮੌਜੂਦ ਸਨ। ਉਨ੍ਹਾਂ ਵੱਲੋਂ ‘ਰਨ ਫਾਰ ਡੀਏਵੀ’ ਨੂੰ ਹਰੀ ਝੰਡੀ ਦੇ ਕੇ ਰਵਾਨਾ ਕੀਤਾ ਗਿਆ। ਮੈਰਾਥਨ ਪੁਲਿਸ ਡੀਏਵੀ ਪਬਲਿਕ ਸਕੂਲ ਦੇ ਵਿਹੜੇ ਤੋਂ ਸ਼ੁਰੂ ਹੋ ਕੇ ਗੇਟ ਨੰਬਰ-5, ਅੰਡਰਬ੍ਰਿਜ, ਟਰੇਨਿੰਗ ਗੇਟ ਨੰਬਰ-1, ਪੀਏਪੀ ਸ਼ੂਟਿੰਗ ਰੇਂਜ ਤੇ ਸਪੋਰਟਸ ਗੇਟ ਨੰਬਰ-2 ਤੋਂ ਹੁੰਦੀ ਹੋਈ ਮੁੜ ਸਕੂਲ ਵਿਖੇ ਸਮਾਪਤ ਹੋਈ। ਦੌੜ ’ਚ ਹਿੱਸਾ ਲੈਣ ਵਾਲੇ ਵਿਦਿਆਰਥੀਆਂ ਲਈ ਰਿਫਰੈਸ਼ਮੈਂਟ ਦਾ ਪ੍ਰਬੰਧ ਵੀ ਕੀਤਾ ਗਿਆ। ਇਸ ਮੌਕੇ ਪ੍ਰਿੰਸੀਪਲ ਡਾ. ਰਾਜਵੀਰ ਸਿੰਘ ਕੰਗ ਨੇ ਵਿਦਿਆਰਥੀਆਂ ਨੂੰ ਮਹਾਤਮਾ ਗਾਂਧੀ ਦੇ ਅਹਿੰਸਾ, ਸ਼ਾਂਤੀ ਤੇ ਆਪਸੀ ਭਾਈਚਾਰੇ ਦੇ ਸੰਦੇਸ਼ ਨੂੰ ਆਪਣੇ ਜੀਵਨ ’ਚ ਅਪਣਾਉਣ ਲਈ ਪ੍ਰੇਰਿਤ ਕੀਤਾ। ਮੈਰਾਥਨ ਦੇ ਲੜਕਿਆਂ ਦੇ ਵਰਗ ’ਚ ਪੁਲਿਸ ਡੀਏਵੀ ਪਬਲਿਕ ਸਕੂਲ ਦੇ ਗੌਰਵ ਕੁਮਾਰ ਨੇ ਪਹਿਲਾ, ਪ੍ਰਭੂ ਪ੍ਰਤਾਪ ਨੇ ਦੂਜਾ ਤੇ ਹਿਮਾਂਸ਼ੂ ਨੇ ਤੀਜਾ ਸਥਾਨ ਹਾਸਲ ਕੀਤਾ। ਲੜਕੀਆਂ ਦੇ ਵਰਗ ’ਚ ਜਸਕੀਰਤ ਕੌਰ ਨੇ ਪਹਿਲਾ, ਮੰਨਤ ਨੇ ਦੂਜਾ ਤੇ ਸਾਨਵੀ ਨੇ ਤੀਜਾ ਸਥਾਨ ਪ੍ਰਾਪਤ ਕੀਤਾ। ਸਕੂਲ ਪ੍ਰਬੰਧਕਾਂ ਵੱਲੋਂ ਜੇਤੂ ਵਿਦਿਆਰਥੀਆਂ ਨੂੰ ਵਧਾਈ ਦਿੱਤੀ ਗਈ।