- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼
ਫੂਕੇ ਗਏ ਕਰੋੜਾਂ ਦੇ ਪਟਾਕੇ, ਰਾਤ 3 ਵਜੇ ਤੱਕ ਹੁੰਦੀ ਰਹੀ ‘ਠਾਹ-ਠਾਹ’

-ਆਖ਼ਰੀ ਸਮੇਂ ਤੱਕ ਲਾਇਸੈਂਸਾਂ ਤੇ ਦੁਕਾਨਾਂ ਨੂੰ ਲੈ ਕੇ ਚੱਲਦਾ ਰਿਹਾ ਵਿਵਾਦ
-ਕਰੋੜਾਂ ਦਾ ਕਾਰੋਬਾਰ ਕਰਨ ਵਾਲਿਆਂ ਲਈ ਪ੍ਰਸ਼ਾਸ਼ਨ ਵੱਲੋਂ ਸਹੂਲਤਾਂ ਨਾਮਾਤਰ
ਲਖਬੀਰ, ਪੰਜਾਬੀ ਜਾਗਰਣ, ਜਲੰਧਰ
ਦੀਵਾਲੀ ’ਤੇ ਜਲੰਧਰ ਵਿੱਚ ਪਟਾਕਿਆਂ ਦਾ ਕਾਰੋਬਾਰ ਕਰੋੜਾਂ ਰੁਪਏ ਤੱਕ ਪਹੁੰਚਣ ਦਾ ਅਨੁਮਾਨ ਹੈ। ਦੂਜੇ ਪਾਸੇ ਸਵੇਰੇ ਤਕਰੀਬਨ 3 ਵਜੇ ਤੱਕ ਪਟਾਕਿਆਂ ਦੀ ਆਵਾਜ਼ ਸੁਣਾਈ ਦਿੰਦੀ ਰਹੀ। ਜਲੰਧਰ ਵਿੱਚ ਇਸ ਵਾਰ ਪਟਾਕਿਆਂ ਦੇ ਕਾਰੋਬਾਰ ਦਾ ਕੇਂਦਰ ਬਣੀ ਰਾਓਵਾਲੀ ਮਾਰਕੀਟ ਸਿਰਫ਼ ਵਿਕਰੀ ਕਰਕੇ ਹੀ ਨਹੀਂ, ਸਗੋਂ ਵਿਵਾਦਾਂ ਕਰਕੇ ਵੀ ਸੁਰਖੀਆਂ ਵਿੱਚ ਰਹੀ। ਹੈਰਾਨੀ ਦੀ ਗੱਲ ਇਹ ਰਹੀ ਕਿ ਪਟਾਕਾ ਵਪਾਰੀਆਂ ਨੂੰ ਵਿਕਰੀ ਲਈ ਸਿਰਫ਼ ਤਿੰਨ ਦਿਨ ਹੀ ਮਿਲੇ। ਲਾਇਸੈਂਸਾਂ ਦੀ ਪ੍ਰਕਿਰਿਆ, ਅਦਾਲਤੀ ਮਾਮਲਾ, ਪਿੰਡ ਵਾਸੀਆਂ ਦਾ ਵਿਰੋਧ ਅਤੇ ਵਪਾਰੀਆਂ ਦੇ ਧਰਨੇ ਦੀ ਗੱਲ ਕਾਰਨ ਮਾਰਕੀਟ ਲਗਾਤਾਰ ਚਰਚਾ ਵਿੱਚ ਰਹੀ।
-----------------------------
ਤਿੰਨ ਦਿਨਾਂ ਵਿੱਚ ਕਰੋੜਾਂ ਦਾ ਕਾਰੋਬਾਰ!
ਇਸ ਵਾਰ ਪਟਾਕਾ ਵਪਾਰੀਆਂ ਨੂੰ ਵਿਕਰੀ ਲਈ ਸਿਰਫ਼ ਤਿੰਨ ਦਿਨ ਹੀ ਮਿਲੇ। ਇਸ ਦੇ ਬਾਵਜੂਦ ਮਾਰਕੀਟ ਵਿੱਚ ਗਾਹਕਾਂ ਦੀ ਭੀੜ ਉਮੜੀ ਅਤੇ ਦੇਰ ਰਾਤ ਤੱਕ ਖਰੀਦਦਾਰੀ ਹੁੰਦੀ ਰਹੀ। ਇੱਥੇ ਸਵਾਲ ਇਹ ਵੀ ਉੱਠਦਾ ਹੈ ਕਿ ਜਦੋਂ ਪਟਾਕਿਆਂ ਦੀ ਵਿਕਰੀ ਲਈ ਸਿਰਫ਼ ਤਿੰਨ ਦਿਨ ਤੈਅ ਕੀਤੇ ਗਏ ਸਨ ਤਾਂ ਕੀ ਪ੍ਰਸ਼ਾਸਨ ਵੱਲੋਂ ਟ੍ਰੈਫਿਕ, ਪਾਰਕਿੰਗ, ਅੱਗ ਬੁਝਾਊ ਪ੍ਰਬੰਧਾਂ ਅਤੇ ਲੋਕਾਂ ਦੀ ਸੁਰੱਖਿਆ ਲਈ ਪਹਿਲਾਂ ਤੋਂ ਕੋਈ ਵਿਸ਼ੇਸ਼ ਯੋਜਨਾ ਤਿਆਰ ਕੀਤੀ ਗਈ ਸੀ।
----------------------------
ਨਿਯਮਾਂ ਦੀਆਂ ਉੱਡੀਆਂ ਧੱਜੀਆਂ
ਸ਼ਹਿਰ ਦੇ ਕਈ ਇਲਾਕਿਆਂ ਵਿੱਚ ਰਾਤ 3 ਵਜੇ ਤੱਕ ਪਟਾਕਿਆਂ ਦੀ ਆਵਾਜ਼ ਲਗਾਤਾਰ ਸੁਣਾਈ ਦਿੰਦੀ ਰਹੀ। ਸਵੇਰ ਤੱਕ ਪਟਾਕਿਆਂ ਦਾ ਸ਼ੋਰ ਲੋਕਾਂ ਲਈ ਪਰੇਸ਼ਾਨੀ ਬਣਿਆ ਰਿਹਾ। ਸੁਪਰੀਮ ਕੋਰਟ ਤੇ ਪ੍ਰਦੂਸ਼ਣ ਕੰਟਰੋਲ ਬੋਰਡ ਵੱਲੋਂ ਪਟਾਕੇ ਚਲਾਉਣ ਸਬੰਧੀ ਸਮੇਂ ਅਤੇ ਆਵਾਜ਼ ਦੇ ਨਿਯਮ ਤੈਅ ਕੀਤੇ ਗਏ ਹਨ। ਪੰਜਾਬ ਵਿੱਚ ਵੀ ਨਿਰਧਾਰਤ ਸਮੇਂ ਅਨੁਸਾਰ ਹੀ ਪਟਾਕੇ ਚਲਾਉਣ ਦੀ ਇਜਾਜ਼ਤ ਦਿੱਤੀ ਜਾਂਦੀ ਹੈ। ਇਸ ਦੇ ਬਾਵਜੂਦ ਜੇਕਰ ਰਾਤ ਤਿੰਨ ਵਜੇ ਤੱਕ ਪਟਾਕੇ ਚੱਲਦੇ ਰਹੇ, ਜਦਕਿ ਪ੍ਰਸ਼ਾਸਨ ਨੇ ਰਾਤ 8 ਵਜੇ ਤੋਂ 10 ਵਜੇ ਤੱਕ ਪਟਾਕੇ ਚਲਾਉਣ ਦੇ ਹੁਕਮ ਜਾਰੀ ਕੀਤੇ ਹੋਏ ਸਨ। ਪਟਾਕੇ ਚਲਾਉਣ ਲਈ ਨਿਰਧਾਰਤ ਸਮੇਂ ਦੀ ਪਾਬੰਦੀ ਦਾ ਮਕਸਦ ਲੋਕਾਂ ਨੂੰ ਸ਼ੋਰ ਅਤੇ ਹਵਾ ਪ੍ਰਦੂਸ਼ਣ ਤੋਂ ਬਚਾਉਣਾ ਹੈ। ਖ਼ਾਸ ਕਰਕੇ ਬਜ਼ੁਰਗਾਂ, ਛੋਟੇ ਬੱਚਿਆਂ, ਦਿਲ ਅਤੇ ਸਾਹ ਦੀਆਂ ਬਿਮਾਰੀਆਂ ਤੋਂ ਪੀੜਤ ਲੋਕਾਂ ਨੂੰ ਦੇਰ ਰਾਤ ਤੱਕ ਹੋਣ ਵਾਲੇ ਧਮਾਕਿਆਂ ਕਾਰਨ ਕਾਫ਼ੀ ਮੁਸ਼ਕਲਾਂ ਦਾ ਸਾਹਮਣਾ ਕਰਨਾ ਪੈਂਦਾ ਹੈ। ਸ਼ਹਿਰ ਦਾ ਪ੍ਰਦੂਸ਼ਨ ਆਈਏਕਿਊ 500 ਤੋਂ ਪਾਰ ਰਿਹਾ।
----------------------------
ਹਾਈਵੇ ’ਤੇ ਰਹੇ ਜਾਮ ਵਰਗੇ ਹਾਲਾਤ
ਰਾਓਵਾਲੀ ਪਟਾਕਾ ਮਾਰਕੀਟ ਵਿੱਚ ਪਟਾਕੇ ਖਰੀਦਣ ਲਈ ਉਮੜੀ ਭੀੜ ਨੇ ਟ੍ਰੈਫਿਕ ਪ੍ਰਬੰਧਾਂ ਦੀਆਂ ਕਮੀਆਂ ਨੂੰ ਸਾਹਮਣੇ ਲਿਆ ਦਿੱਤਾ। ਹਾਈਵੇ ਦੇ ਨਾਲ ਲੱਗਦੇ ਇਲਾਕੇ ਵਿੱਚ ਦੁਕਾਨਾਂ ਅਤੇ ਸੜਕਾਂ ’ਤੇ ਵਾਹਨਾਂ ਦੀ ਵਧਦੀ ਗਿਣਤੀ ਕਾਰਨ ਜਾਮ ਦੀ ਸਥਿਤੀ ਬਣੀ ਰਹੀ। ਦੇਰ ਰਾਤ ਤੱਕ ਰਾਹਗੀਰਾਂ ਨੂੰ ਪਰੇਸ਼ਾਨੀਆਂ ਦਾ ਸਾਹਮਣਾ ਕਰਨਾ ਪਿਆ।
--------------------------
ਪੁਲਿਸ ਦੀ ਗਸ਼ਤ ਅਤੇ ਕਾਰਵਾਈ ’ਤੇ ਸਵਾਲ
ਸ਼ਹਿਰ ਵਿੱਚ ਦੀਵਾਲੀ ਮੌਕੇ ਪੁਲਿਸ ਵੱਲੋਂ ਸੁਰੱਖਿਆ ਦੇ ਵਿਸ਼ੇਸ਼ ਪ੍ਰਬੰਧ ਕੀਤੇ ਜਾਂਦੇ ਹਨ। ਬਾਜ਼ਾਰਾਂ ਅਤੇ ਭੀੜ-ਭੜੱਕੇ ਵਾਲੇ ਇਲਾਕਿਆਂ ਵਿੱਚ ਪੁਲਿਸ ਦੀ ਤਾਇਨਾਤੀ ਵੀ ਕੀਤੀ ਜਾਂਦੀ ਹੈ। ਪਰ ਰਾਤ ਤਿੰਨ ਵਜੇ ਤੱਕ ਪਟਾਕਿਆਂ ਦੀ ਆਵਾਜ਼ ਸੁਣਾਈ ਦੇਣ ਦੀਆਂ ਸ਼ਿਕਾਇਤਾਂ ਨੇ ਪੁਲਿਸ ਦੀ ਨਿਗਰਾਨੀ ਅਤੇ ਨਿਯਮਾਂ ਦੀ ਪਾਲਣਾ ਕਰਵਾਉਣ ਦੀ ਕਾਰਗੁਜ਼ਾਰੀ ’ਤੇ ਸਵਾਲ ਖੜ੍ਹੇ ਕਰ ਦਿੱਤੇ ਹਨ।