ਇੱਕੋ ਕਲਰਕ ਦੇ ਸਹਾਰੇ ਚੱਲਿਆ ਆਰਟੀਓ ਦਫ਼ਤਰ! ਇੱਕ ਕਲਰਕ ਦੇ ਸਹਾਰੇ ਚੱਲਿਆ ਆਰਟੀਓ ਦਫ਼ਤਰ!
Publish Date: Thu, 13 Aug 2026 09:00 PM (IST)
Updated Date: Thu, 13 Aug 2026 09:02 PM (IST)
ਲਖਬੀਰ, ਪੰਜਾਬੀ ਜਾਗਰਣ ਜਲੰਧਰ : ਜਲੰਧਰ ਦੇ ਆਰਟੀਓ ਦਫ਼ਤਰ ’ਚ ਵੀਰਵਾਰ ਨੂੰ ਸਟਾਫ ਦੀ ਘਾਟ ਦਾ ਅਸਰ ਦੁਬਾਰਾ ਸਾਫ਼ ਦਿਖਾਈ ਦਿੱਤਾ। ਦਫ਼ਤਰ ’ਚ ਤਾਇਨਾਤ ਤਿੰਨ ਸਰਕਾਰੀ ਕਲਰਕਾਂ ਵਿਚੋਂ ਇਕ ਕੋਰਟ ਡਿਊਟੀ ’ਤੇ ਅਤੇ ਦੂਜਾ ਛੁੱਟੀ ’ਤੇ ਰਿਹਾ, ਜਿਸ ਕਾਰਨ ਦਫ਼ਤਰ ਦਾ ਕੰਮਕਾਜ ਮਹਿਜ਼ ਇਕ ਸਰਕਾਰੀ ਕਲਰਕ ਦੇ ਸਹਾਰੇ ਚੱਲਿਆ। ਇਸ ਦੌਰਾਨ ਤਿੰਨ ਡਾਟਾ ਐਂਟਰੀ ਆਪ੍ਰੇਟਰਾਂ (ਡੀਈਓ) ਨੇ ਵੀ ਕੰਮਕਾਜ ਨੂੰ ਸੰਭਾਲਣ ਵਿੱਚ ਸਹਿਯੋਗ ਦਿੱਤਾ। ਆਰਟੀਓ ਦਫ਼ਤਰ ਵਿਚ ਰੋਜ਼ਾਨਾ ਵੱਡੀ ਗਿਣਤੀ ’ਚ ਲੋਕ ਲਾਇਸੈਂਸ, ਵਾਹਨਾਂ ਨਾਲ ਸਬੰਧਤ ਦਸਤਾਵੇਜ਼ਾਂ ਅਤੇ ਹੋਰ ਕੰਮਾਂ ਲਈ ਪਹੁੰਚਦੇ ਹਨ। ਅਜਿਹੇ ਵਿਚ ਜਦੋਂ ਸਰਕਾਰੀ ਸਟਾਫ ਦੀ ਗਿਣਤੀ ਘੱਟ ਹੋਵੇ ਤਾਂ ਉਪਲਬਧ ਮੁਲਾਜ਼ਮਾਂ ’ਤੇ ਕੰਮ ਦਾ ਵਾਧੂ ਬੋਝ ਪੈਣਾ ਸੁਭਾਵਿਕ ਹੈ। ਹਾਲਾਂਕਿ ਮੌਜੂਦ ਸਟਾਫ ਵੱਲੋਂ ਕੰਮਕਾਜ ਨੂੰ ਜਾਰੀ ਰੱਖਣ ਲਈ ਆਪਣੀ ਜ਼ਿੰਮੇਵਾਰੀ ਨਿਭਾਈ ਗਈ। ਇਕ ਕਲਰਕ ’ਤੇ ਪੂਰੇ ਦਫ਼ਤਰ ਦਾ ਬੋਝ? ਸਵਾਲ ਇਹ ਹੈ ਕਿ ਤਿੰਨ ਸਰਕਾਰੀ ਕਲਰਕਾਂ ਵਿਚੋਂ ਇਕ ਕੋਰਟ ਡਿਊਟੀ ਅਤੇ ਦੂਜਾ ਛੁੱਟੀ ’ਤੇ ਹੋਵੇ ਤਾਂ ਬਚੇ ਹੋਏ ਇਕ ਕਲਰਕ ਤੋਂ ਪੂਰੇ ਦਫ਼ਤਰ ਦਾ ਕੰਮ ਕਿੰਨੀ ਹੱਦ ਤੱਕ ਕਰਵਾਇਆ ਜਾ ਸਕਦਾ ਹੈ? ਤਿੰਨ ਡੀਈਓ ਦੀ ਮੌਜੂਦਗੀ ਨਾਲ ਕੰਮ ਵਿੱਚ ਸਹਿਯੋਗ ਜ਼ਰੂਰ ਮਿਲ ਸਕਦਾ ਹੈ, ਪਰ ਸਰਕਾਰੀ ਕਲਰਕ ਦੀਆਂ ਸਾਰੀਆਂ ਜ਼ਿੰਮੇਵਾਰੀਆਂ ਦਾ ਪੂਰਾ ਬਦਲ ਉਪਲਬਧ ਨਹੀਂ ਹੁੰਦਾ। ਇਸ ਸਥਿਤੀ ਵਿੱਚ ਵਿਭਾਗ ਲਈ ਜ਼ਰੂਰੀ ਬਣ ਜਾਂਦਾ ਹੈ ਕਿ ਜੇਕਰ ਕੋਈ ਸਰਕਾਰੀ ਮੁਲਾਜ਼ਮ ਕੋਰਟ ਡਿਊਟੀ ’ਤੇ ਜਾਂਦਾ ਹੈ ਜਾਂ ਛੁੱਟੀ ’ਤੇ ਰਹਿੰਦਾ ਹੈ ਤਾਂ ਉਸ ਦੀ ਥਾਂ ਵਿਕਲਪਿਕ ਸਟਾਫ਼ ਦੀ ਪਹਿਲਾਂ ਹੀ ਵਿਵਸਥਾ ਕੀਤੀ ਜਾਵੇ, ਤਾਂ ਜੋ ਦਫ਼ਤਰੀ ਕੰਮਕਾਜ ’ਤੇ ਇਸ ਦਾ ਅਸਰ ਨਾ ਪਵੇ। ‘ਸਟਾਫ ਦੀ ਘਾਟ ਦਾ ਖਮਿਆਜ਼ਾ ਜਨਤਾ ਕਿਉਂ ਭੁਗਤੇ?’ ਆਰਟੀਓ ਦਫ਼ਤਰ ਵਿੱਚ ਆਪਣੇ ਕੰਮ ਲਈ ਆਉਣ ਵਾਲੇ ਲੋਕਾਂ ਦਾ ਕਹਿਣਾ ਹੈ ਕਿ ਉਨ੍ਹਾਂ ਨੂੰ ਕਈ ਵਾਰ ਆਪਣੇ ਕੰਮ ਲਈ ਦਫ਼ਤਰ ਦੇ ਚੱਕਰ ਲਗਾਉਣੇ ਪੈਂਦੇ ਹਨ। ਜੇਕਰ ਸਟਾਫ ਦੀ ਘਾਟ ਕਾਰਨ ਕਿਸੇ ਦਿਨ ਕੰਮ ਪ੍ਰਭਾਵਿਤ ਹੁੰਦਾ ਹੈ ਤਾਂ ਇਸ ਦਾ ਸਿੱਧਾ ਅਸਰ ਆਮ ਲੋਕਾਂ ’ਤੇ ਪੈਂਦਾ ਹੈ। ਲੋਕਾਂ ਨੇ ਮੰਗ ਕੀਤੀ ਕਿ ਆਰਟੀਓ ਦਫ਼ਤਰ ਵਿੱਚ ਲੋੜ ਅਨੁਸਾਰ ਸਰਕਾਰੀ ਸਟਾਫ ਦੀ ਤਾਇਨਾਤੀ ਯਕੀਨੀ ਬਣਾਈ ਜਾਵੇ ਤਾਂ ਜੋ ਕਿਸੇ ਇਕ ਮੁਲਾਜ਼ਮ ਦੀ ਕੋਰਟ ਡਿਊਟੀ ਜਾਂ ਛੁੱਟੀ ਕਾਰਨ ਦਫ਼ਤਰੀ ਕੰਮਕਾਜ ਪ੍ਰਭਾਵਿਤ ਨਾ ਹੋਵੇ ਅਤੇ ਆਮ ਲੋਕਾਂ ਨੂੰ ਆਪਣੇ ਕੰਮ ਲਈ ਵਾਰ-ਵਾਰ ਦਫ਼ਤਰ ਦੇ ਚੱਕਰ ਨਾ ਲਗਾਉਣੇ ਪੈਣ।