ਟਰੈਕ ’ਤੇ ਆਰਟੀਓ ਗੁਲਾਟੀ ਦੀ ਦਸਤਕ, ਏਜੰਟਾਂ ਨੂੰ ਭਾਜੜਾਂ ਟਰੈਕ ’ਤੇ ਤੂਸ਼ਿਤਾ ਗੁਲਾਟੀ ਦੀ ਦਸਤਕ, ਏਜੰਟਾਂ ਨੂੰ ਭਾਜੜਾਂ
Publish Date: Thu, 12 Nov 2026 07:26 PM (IST)
Updated Date: Thu, 12 Nov 2026 07:27 PM (IST)
-ਲੋਕਾਂ ਨੂੰ ਪਰੇਸ਼ਾਨੀ ਹੋਈ ਤਾਂ ਸਟਾਫ ਦੀ ਤੈਅ ਹੋਵੇਗੀ ਜਵਾਬਦੇਹੀ : ਆਰਟੀਓ ਲਖਬੀਰ, ਪੰਜਾਬੀ ਜਾਗਰਣ, ਜਲੰਧਰ ਡਰਾਈਵਿੰਗ ਟੈਸਟ ਟਰੈਕ ’ਤੇ ਆਮ ਲੋਕਾਂ ਦੀ ਖੱਜਲ-ਖੁਆਰੀ ਤੇ ਏਜੰਟਾਂ ਦੀ ਦਖ਼ਲਅੰਦਾਜ਼ੀ ਰੋਕਣ ਲਈ ਨਵੀਂ ਆਰਟੀਓ ਤੂਸ਼ਿਤਾ ਗੁਲਾਟੀ ਨੇ ਅਹੁਦਾ ਸੰਭਾਲਦਿਆਂ ਹੀ ਸਖ਼ਤ ਰੁਖ਼ ਅਖ਼ਤਿਆਰ ਕਰ ਲਿਆ ਹੈ। ਹੈਰਾਨੀ ਦੀ ਗੱਲ ਹੈ ਕਿ ਗੁਲਾਟੀ ਨੇ ਵੀਰਵਾਰ ਸਵੇਰੇ ਹੀ ਜੁਆਇਨ ਕੀਤਾ ਤੇ ਉਸੇ ਦਿਨ ਸ਼ਾਮ ਕਰੀਬ 4 ਵਜੇ ਡਰਾਈਵਿੰਗ ਟੈਸਟ ਟਰੈਕ ਦਾ ਅਚਾਨਕ ਦੌਰਾ ਕਰਕੇ ਕੰਮਕਾਜ ਦਾ ਜਾਇਜ਼ਾ ਲਿਆ। ਇਸ ਦੌਰਾਨ ਉਨ੍ਹਾਂ ਨੇ ਸਟਾਫ ਨੂੰ ਸਪੱਸ਼ਟ ਹਦਾਇਤ ਕੀਤੀ ਕਿ ਟਰੈਕ ’ਤੇ ਆਉਣ ਵਾਲੇ ਕਿਸੇ ਵੀ ਬਿਨੈਕਾਰ ਨੂੰ ਬੇਵਜ੍ਹਾ ਪਰੇਸ਼ਾਨੀ ਨਹੀਂ ਹੋਣੀ ਚਾਹੀਦੀ। ਹਰੇਕ ਬਿਨੈਕਾਰ ਦਾ ਕੰਮ ਨਿਯਮਾਂ ਅਨੁਸਾਰ ਤੇ ਤੈਅ ਸਮੇਂ ਅੰਦਰ ਕੀਤਾ ਜਾਵੇ। ਜੇ ਸਟਾਫ ਦੀ ਲਾਪਰਵਾਹੀ, ਬੇਵਜ੍ਹਾ ਦੇਰੀ ਜਾਂ ਗ਼ੈਰ-ਜ਼ਰੂਰੀ ਅੜਿੱਕਿਆਂ ਕਾਰਨ ਕਿਸੇ ਨਾਗਰਿਕ ਨੂੰ ਮੁਸ਼ਕਲ ਆਉਂਦੀ ਹੈ ਤਾਂ ਇਸ ਦੀ ਜਵਾਬਦੇਹੀ ਸਬੰਧਤ ਮੁਲਾਜ਼ਮ ਦੀ ਹੋਵੇਗੀ। ਉਨ੍ਹਾਂ ਸਪੱਸ਼ਟ ਕੀਤਾ ਕਿ ਜਨਤਕ ਕੰਮਾਂ ’ਚ ਰੁਕਾਵਟ ਪਾਉਣ ਵਾਲੇ ਕਰਮਚਾਰੀਆਂ ਖਿਲਾਫ਼ ਸਖ਼ਤ ਰੁਖ਼ ਅਪਣਾਇਆ ਜਾਵੇਗਾ। ਉੱਧਰ, ਦੂਜੇ ਪਾਸੇ ਜਦੋਂ ਏਜੰਟਾਂ ਨੂੰ ਪਤਾ ਚੱਲਿਆ ਕਿ ਨਵੇਂ ਅਧਿਕਾਰੀ ਦਾ ਅੱਜ ਟਰੈਕ ਦਾ ਦੌਰਾ ਹੈ ਤਾਂ ਉਹ ਭੱਜ ਨਿਕਲੇ। -------------------------- ਏਜੰਟਾਂ ਦੀ ਦਖ਼ਲਅੰਦਾਜ਼ੀ ’ਤੇ ਸਿੱਧੀ ਚਿਤਾਵਨੀ ਦੌਰੇ ਦੌਰਾਨ ਆਰਟੀਓ ਨੇ ਏਜੰਟਾਂ ਦੀ ਸਰਗਰਮੀ ਨੂੰ ਲੈ ਕੇ ਵੀ ਸਟਾਫ ਨੂੰ ਸਖ਼ਤ ਹਦਾਇਤਾਂ ਦਿੱਤੀਆਂ। ਉਨ੍ਹਾਂ ਕਿਹਾ ਕਿ ਕਿਸੇ ਵੀ ਏਜੰਟ ਨੂੰ ਮੁਲਾਜ਼ਮਾਂ ਦੇ ਕੋਲ ਖੜ੍ਹੇ ਹੋਣ ਦੀ ਇਜਾਜ਼ਤ ਨਾ ਦਿੱਤੀ ਜਾਵੇ। ਜੇਕਰ ਕੋਈ ਏਜੰਟ ਕਿਸੇ ਕਰਮਚਾਰੀ ਕੋਲ ਪਾਇਆ ਜਾਂਦਾ ਹੈ ਤਾਂ ਏਜੰਟ ਦੇ ਨਾਲ-ਨਾਲ ਸਬੰਧਤ ਮੁਲਾਜ਼ਮ ਖਿਲਾਫ਼ ਵੀ ਕਾਰਵਾਈ ਕੀਤੀ ਜਾਵੇਗੀ। ਇਸ ਤਰ੍ਹਾਂ ਉਨ੍ਹਾਂ ਨੇ ਸਪੱਸ਼ਟ ਸੰਕੇਤ ਦਿੱਤਾ ਕਿ ਸਰਕਾਰੀ ਕੰਮਕਾਜ ’ਚ ਬਾਹਰੀ ਵਿਅਕਤੀਆਂ ਦੀ ਬੇਲੋੜੀ ਦਖ਼ਲਅੰਦਾਜ਼ੀ ਬਰਦਾਸ਼ਤ ਨਹੀਂ ਹੋਵੇਗੀ। ------------------------ ਬਿਨਾਂ ਵਿਚੋਲੇ ਦੇ ਹੋਵੇਗਾ ਲੋਕਾਂ ਦਾ ਕੰਮ ਆਰਟੀਓ ਨੇ ਸਟਾਫ ਨੂੰ ਹਦਾਇਤ ਕੀਤੀ ਕਿ ਡਰਾਈਵਿੰਗ ਟੈਸਟ ਟਰੈਕ ’ਤੇ ਆਉਣ ਵਾਲੇ ਹਰੇਕ ਨਾਗਰਿਕ ਨੂੰ ਬਿਨਾਂ ਪੱਖਪਾਤ ਸਹੂਲਤ ਮਿਲਣੀ ਚਾਹੀਦੀ ਹੈ। ਕਿਸੇ ਵੀ ਵਿਅਕਤੀ ਨੂੰ ਆਪਣਾ ਕੰਮ ਕਰਵਾਉਣ ਲਈ ਏਜੰਟ ਜਾਂ ਵਿਚੋਲੇ ਦਾ ਸਹਾਰਾ ਲੈਣ ਦੀ ਲੋੜ ਨਹੀਂ ਪੈਣੀ ਚਾਹੀਦੀ। ਕਰਮਚਾਰੀ ਲੋਕਾਂ ਨੂੰ ਸਹੀ ਜਾਣਕਾਰੀ ਦੇਣ ਤੇ ਉਨ੍ਹਾਂ ਦੇ ਕੰਮ ਨਿਯਮਾਂ ਅਨੁਸਾਰ ਨਿਪਟਾਉਣ।