ਆਰਟੀਓ ਦੀ ਕਲਰਕ ਨੂੰ ਦੋ ਟੁੱਕ, ਕੰਮ ’ਚ ਲਾਪਰਵਾਹੀ ਬਰਦਾਸ਼ਤ ਨਹੀਂ ਆਰਟੀਓ ਦੀ ਕਲਰਕ ਨੂੰ ਦੋ ਟੁੱਕ, ਕੰਮ ’ਚ ਲਾਪਰਵਾਹੀ ਬਰਦਾਸ਼ਤ ਨਹੀਂ
Publish Date: Thu, 08 Oct 2026 07:47 PM (IST)
Updated Date: Thu, 08 Oct 2026 07:50 PM (IST)
--ਦਫਤਰ ਦੀ ਕੀਤੀ ਅਚਨਚੇਤ ਚੈਕਿੰਗ, ਏਜੰਟਾਂ ਨੂੰ ਦਫਤਰਾਂ ਤੋਂ ਦੂਰ ਰਹਿਣ ਦੇ ਨਿਰਦੇਸ਼ ਲਖਬੀਰ, ਪੰਜਾਬੀ ਜਾਗਰਣ, ਜਲੰਧਰ ਆਰਟੀਓ ਦਫ਼ਤਰ ’ਚ ਵੀਰਵਾਰ ਨੂੰ ਉਸ ਸਮੇਂ ਹਲਚਲ ਵਧ ਗਈ, ਜਦੋਂ ਆਰਟੀਓ ਬਲਜਿੰਦਰ ਢਿੱਲੋਂ ਨੇ ਦਫ਼ਤਰ ਦਾ ਦੌਰਾ ਕਰਕੇ ਕਰਮਚਾਰੀਆਂ ਦੇ ਕੰਮਕਾਜ ਦੀ ਬਾਰੀਕੀ ਨਾਲ ਜਾਂਚ ਕੀਤੀ। ਨਿਰੀਖਣ ਦੌਰਾਨ ਖਾਸ ਤੌਰ ’ਤੇ ਨਵੇਂ ਕਲਰਕ ਸੁਖਰਾਜ ਮੱਟੂ ਦੀ ਕਾਰਗੁਜ਼ਾਰੀ ’ਤੇ ਨਜ਼ਰ ਰੱਖੀ ਗਈ ਤੇ ਉਨ੍ਹਾਂ ਨੂੰ ਜਨਤਾ ਨਾਲ ਸਬੰਧਤ ਕੰਮਾਂ ਨੂੰ ਲੈ ਕੇ ਸਪੱਸ਼ਟ ਤੇ ਸਖ਼ਤ ਨਿਰਦੇਸ਼ ਦਿੱਤੇ ਗਏ। ਦੱਸਿਆ ਜਾ ਰਿਹਾ ਹੈ ਕਿ ਇਕ ਦਿਨ ਪਹਿਲਾਂ ਹੀ ਕਲਰਕ ਕਿਰਨ ਦਾ ਪੂਰਾ ਕੰਮ ਸੁਖਰਾਜ ਮੱਟੂ ਨੂੰ ਸੌਂਪਿਆ ਗਿਆ ਸੀ। ਜ਼ਿੰਮੇਵਾਰੀ ਸੰਭਾਲਣ ਦੇ ਅਗਲੇ ਹੀ ਦਿਨ ਆਰਟੀਓ ਬਲਜਿੰਦਰ ਢਿੱਲੋਂ ਨੇ ਦਫ਼ਤਰ ਪਹੁੰਚ ਕੇ ਚੈਕਿੰਗ ਕੀਤੀ ਤੇ ਇਹ ਪਰਖਿਆ ਗਿਆ ਕਿ ਨਵੇਂ ਕਲਰਕ ਵੱਲੋਂ ਕੰਮਕਾਜ ਕਿਸ ਤਰ੍ਹਾਂ ਸੰਭਾਲਿਆ ਜਾ ਰਿਹਾ ਹੈ ਤੇ ਲੋਕਾਂ ਨਾਲ ਸਬੰਧਤ ਕੰਮ ਨਿਰਧਾਰਤ ਪ੍ਰਕਿਰਿਆ ਅਨੁਸਾਰ ਹੋ ਰਹੇ ਹਨ ਜਾਂ ਨਹੀਂ। ਨਿਰੀਖਣ ਦੌਰਾਨ ਆਰਟੀਓ ਨੇ ਸੁਖਰਾਜ ਮੱਟੂ ਨੂੰ ਸਪੱਸ਼ਟ ਸ਼ਬਦਾਂ ’ਚ ਕਿਹਾ ਕਿ ਦਫ਼ਤਰ ’ਚ ਆਉਣ ਵਾਲੇ ਲੋਕਾਂ ਨੂੰ ਕਿਸੇ ਵੀ ਤਰ੍ਹਾਂ ਦੀ ਪਰੇਸ਼ਾਨੀ ਨਹੀਂ ਹੋਣੀ ਚਾਹੀਦੀ। -------------------------------- ਏਜੰਟਾਂ ਦੀ ਮੌਜੂਦਗੀ ’ਤੇ ਵੀ ਸਖ਼ਤ ਨਿਰੀਖਣ ਦੌਰਾਨ ਏਜੰਟਾਂ ਦੀਆਂ ਗਤੀਵਿਧੀਆਂ ਨੂੰ ਲੈ ਕੇ ਵੀ ਆਰਟੀਓ ਵੱਲੋਂ ਕਰਮਚਾਰੀਆਂ ਨੂੰ ਸਪੱਸ਼ਟ ਨਿਰਦੇਸ਼ ਦਿੱਤੇ ਗਏ। ਉਨ੍ਹਾਂ ਕਿਹਾ ਕਿ ਕਿਸੇ ਵੀ ਏਜੰਟ ਨੂੰ ਕਿਸੇ ਕਲਰਕ ਕੋਲ ਖੜ੍ਹੇ ਹੋਣ ਦੀ ਇਜਾਜ਼ਤ ਨਹੀਂ ਹੋਣੀ ਚਾਹੀਦੀ। ਦਫ਼ਤਰ ’ਚ ਕਰਮਚਾਰੀਆਂ ਤੇ ਆਮ ਲੋਕਾਂ ਵਿਚਕਾਰ ਕੰਮਕਾਜ ਦੀ ਪ੍ਰਕਿਰਿਆ ਸਪੱਸ਼ਟ ਤੇ ਪਾਰਦਰਸ਼ੀ ਰਹਿਣੀ ਚਾਹੀਦੀ ਹੈ। ਆਰਟੀਓ ਦੇ ਇਸ ਨਿਰੀਖਣ ਨੂੰ ਦਫ਼ਤਰ ਦੀ ਕਾਰਗੁਜ਼ਾਰੀ ’ਤੇ ਸਿੱਧੀ ਨਜ਼ਰ ਰੱਖਣ ਦੀ ਕਵਾਇਦ ਵਜੋਂ ਦੇਖਿਆ ਜਾ ਰਿਹਾ ਹੈ। ਖਾਸ ਕਰਕੇ ਨਵੇਂ ਕਲਰਕ ਨੂੰ ਜ਼ਿੰਮੇਵਾਰੀ ਸੌਂਪੇ ਜਾਣ ਦੇ ਤੁਰੰਤ ਬਾਅਦ ਹੋਏ ਇਸ ਨਿਰੀਖਣ ਨੇ ਚਰਚਾ ਛੇੜ ਦਿੱਤੀ ਹੈ। ਹੁਣ ਦੇਖਣਾ ਇਹ ਹੋਵੇਗਾ ਕਿ ਆਰਟੀਓ ਦੇ ਸਖ਼ਤ ਨਿਰਦੇਸ਼ਾਂ ਤੋਂ ਬਾਅਦ ਦਫ਼ਤਰ ’ਚ ਜਨਤਾ ਦੇ ਕੰਮਕਾਜ ਦੀ ਰਫ਼ਤਾਰ ਕਿੰਨੀ ਤੇਜ਼ ਹੁੰਦੀ ਹੈ ਤੇ ਏਜੰਟਾਂ ਦੀ ਦਖ਼ਲਅੰਦਾਜ਼ੀ ’ਤੇ ਕਿੰਨੀ ਹੱਦ ਤੱਕ ਰੋਕ ਲੱਗਦੀ ਹੈ।