11 ਦਿਨਾਂ ਬਾਅਦ ਖੁੱਲ੍ਹਿਆ ਡਰਾਈਵਿੰਗ ਟੈਸਟ ਟਰੈਕ 11 ਦਿਨਾਂ ਬਾਅਦ ਖੁੱਲ੍ਹਿਆ ਆਰਟੀਏ ਦਾ ਆਨਲਾਈਨ ਡਰਾਈਵਿੰਗ ਟੈਸਟ ਟਰੈਕ, ਪਹਿਲੇ ਦਿਨ ਹੀ ਪਸਰਿਆ ਸੰਨਾਟਾ
Publish Date: Fri, 28 Aug 2026 09:34 PM (IST)
Updated Date: Fri, 28 Aug 2026 09:37 PM (IST)
ਲਖਬੀਰ, ਪੰਜਾਬੀ ਜਾਗਰਣ, ਜਲੰਧਰ : 11 ਦਿਨਾਂ ਤੋਂ ਬੰਦ ਪਿਆ ਆਰਟੀਏ ਦਾ ਆਨਲਾਈਨ ਡਰਾਈਵਿੰਗ ਟੈਸਟ ਟਰੈਕ ਆਖ਼ਿਰਕਾਰ ਸ਼ੁੱਕਰਵਾਰ ਨੂੰ ਖੁੱਲ੍ਹ ਗਿਆ। ਟਰੈਕ ਖੁੱਲ੍ਹਣ ਦੇ ਨਾਲ ਹੀ ਉਮੀਦ ਸੀ ਕਿ ਲੰਬੇ ਸਮੇਂ ਤੋਂ ਉਡੀਕ ਕਰ ਰਹੇ ਬਿਨੈਕਾਰਾਂ ਦੀ ਭੀੜ ਪਹੁੰਚੇਗੀ ਤੇ ਡਰਾਈਵਿੰਗ ਟੈਸਟ ਦੀ ਪ੍ਰਕਿਰਿਆ ਮੁੜ ਰਫ਼ਤਾਰ ਫੜੇਗੀ ਪਰ ਪਹਿਲੇ ਦਿਨ ਹੀ ਤਸਵੀਰ ਇਸ ਦੇ ਬਿਲਕੁਲ ਉਲਟ ਰਹੀ। ਟਰੈਕ ’ਤੇ ਮੁਲਾਜ਼ਮ ਤਾਂ ਡਿਊਟੀ ’ਤੇ ਪਹੁੰਚੇ ਪਰ ਕੋਈ ਵੀ ਬਿਨੈਕਾਰ ਡਰਾਈਵਿੰਗ ਟੈਸਟ ਦੇਣ ਲਈ ਨਹੀਂ ਆਇਆ। ----------------------- ਟਰੈਕ ਖੁੱਲ੍ਹਿਆ, ਪਰ ਬਿਨੈਕਾਰ ਨਹੀਂ ਪਹੁੰਚੇ ਹੜਤਾਲ ਕਾਰਨ ਪਿਛਲੇ 11 ਦਿਨਾਂ ਤੋਂ ਆਰਟੀਏ ਦਾ ਆਨਲਾਈਨ ਡਰਾਈਵਿੰਗ ਟੈਸਟ ਟਰੈਕ ਬੰਦ ਪਿਆ ਸੀ। ਇਸ ਕਾਰਨ ਡਰਾਈਵਿੰਗ ਲਾਇਸੈਂਸ ਨਾਲ ਸਬੰਧਤ ਆਨਲਾਈਨ ਟੈਸਟ ਦਾ ਕੰਮ ਪੂਰੀ ਤਰ੍ਹਾਂ ਪ੍ਰਭਾਵਿਤ ਰਿਹਾ। ਸ਼ੁੱਕਰਵਾਰ ਨੂੰ ਹੜਤਾਲ ਖ਼ਤਮ ਹੋਣ ਤੋਂ ਬਾਅਦ ਟਰੈਕ ਮੁੜ ਖੋਲ੍ਹਿਆ ਗਿਆ। ਪਹਿਲੇ ਦਿਨ ਇਕ ਵੀ ਬਿਨੈਕਾਰ ਟੈਸਟ ਦੇਣ ਲਈ ਨਾ ਪਹੁੰਚਣ ਕਾਰਨ ਪੂਰਾ ਸਿਸਟਮ ਲਗਭਗ ਖਾਲੀ ਨਜ਼ਰ ਆਇਆ। ਮੁਲਾਜ਼ਮਾਂ ਦੀ ਮੌਜੂਦਗੀ ਤੋਂ ਇਲਾਵਾ ਕੋਈ ਖਾਸ ਗਤੀਵਿਧੀ ਨਜ਼ਰ ਨਹੀਂ ਆਈ। ਹੁਣ ਸਭ ਤੋਂ ਵੱਡਾ ਸਵਾਲ ਉਨ੍ਹਾਂ ਬਿਨੈਕਾਰਾਂ ਦਾ ਹੈ, ਜਿਨ੍ਹਾਂ ਦੇ ਟੈਸਟ ਪਿਛਲੇ 11 ਦਿਨਾਂ ਦੌਰਾਨ ਨਹੀਂ ਹੋ ਸਕੇ। ਇੰਨੇ ਦਿਨਾਂ ਤੋਂ ਰੁਕੇ ਕੰਮ ਨੂੰ ਆਮ ਹਾਲਾਤ ਵਿੱਚ ਲਿਆਉਣ ਲਈ ਕਿੰਨਾ ਸਮਾਂ ਲੱਗੇਗਾ, ਇਹ ਦੇਖਣਾ ਅਹਿਮ ਹੋਵੇਗਾ। ---------------------------- ਸਬ-ਰਜਿਸਟਰਾਰ ਦਫ਼ਤਰਾਂ ’ਚ ਵੀ ਰੌਣਕਾਂ ਗ਼ਾਇਬ ਹੜਤਾਲ ਕਾਰਨ ਕਈ ਦਿਨਾਂ ਤੋਂ ਪ੍ਰਭਾਵਿਤ ਰਜਿਸਟਰੀ ਦਾ ਕੰਮ ਮੁੜ ਸ਼ੁਰੂ ਹੋਣ ਦੇ ਬਾਵਜੂਦ ਪਹਿਲੇ ਦਿਨ ਦਫ਼ਤਰਾਂ ਵਿਚ ਸੀਮਤ ਗਤੀਵਿਧੀ ਹੀ ਦੇਖਣ ਨੂੰ ਮਿਲੀ। ਜਲੰਧਰ ਦੇ ਸਬ-ਰਜਿਸਟਰਾਰ-1 ਦਫ਼ਤਰ ਵਿੱਚ ਸ਼ੁੱਕਰਵਾਰ ਨੂੰ 77 ਦਸਤਾਵੇਜ਼ ਦਰਜ ਕੀਤੇ ਗਏ। ਕੰਮਕਾਜ ਸ਼ੁਰੂ ਹੋਣ ਦੇ ਬਾਵਜੂਦ ਦਫ਼ਤਰ ’ਚ ਰਜਿਸਟਰੀ ਕਰਵਾਉਣ ਵਾਲਿਆਂ ਦੀ ਭੀੜ ਨਹੀਂ ਰਹੀ। ਉੱਥੇ ਹੀ ਸਬ-ਰਜਿਸਟਰਾਰ-2 ਦਫ਼ਤਰ ਵਿੱਚ 60 ਰਜਿਸਟਰੀਆਂ ਦਰਜ ਹੋਈਆਂ। ਦੋਵਾਂ ਦਫ਼ਤਰਾਂ ਦੇ ਅੰਕੜਿਆਂ ਨੂੰ ਮਿਲਾ ਕੇ ਦੇਖਿਆ ਜਾਵੇ ਤਾਂ ਕੁੱਲ 137 ਦਸਤਾਵੇਜ਼/ਰਜਿਸਟਰੀਆਂ ਦਰਜ ਹੋਈਆਂ। --------------------------