- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼
ਆਰਟੀਏ ਦਫ਼ਤਰ ’ਚ ਕਲਰਕ ਕੋਰਟ ਪੇਸ਼ੀ ’ਤੇ, ਲੋਕ ਦਫ਼ਤਰ ’ਚ ਭਟਕਦੇ ਰਹੇ!

-ਅਮਨ ਤੇ ਰਮੇਸ਼ ਦੇ ਕੋਰਟ ਜਾਣ ਦੀ ਸੂਚਨਾ ਤੱਕ ਨਹੀਂ ਲਗਾਈ
ਲਖਬੀਰ, ਪੰਜਾਬੀ ਜਾਗਰਣ, ਜਲੰਧਰ
ਸ਼ੁੱਕਰਵਾਰ ਨੂੰ ਆਰਟੀਏ ਦਫ਼ਤਰ ’ਚ ਆਪਣੇ ਜ਼ਰੂਰੀ ਕੰਮ ਕਰਵਾਉਣ ਲਈ ਪਹੁੰਚੇ ਆਮ ਲੋਕਾਂ ਨੂੰ ਉਸ ਸਮੇਂ ਭਾਰੀ ਪਰੇਸ਼ਾਨੀ ਦਾ ਸਾਹਮਣਾ ਕਰਨਾ ਪਿਆ, ਜਦੋਂ ਦਫ਼ਤਰ ਦੇ ਕਲਰਕ ਅਮਨ ਤੇ ਕਲਰਕ ਰਮੇਸ਼ ਕੋਰਟ ਪੇਸ਼ੀ ਦੇ ਸਿਲਸਿਲੇ ’ਚ ਦਫ਼ਤਰ ਤੋਂ ਬਾਹਰ ਰਹੇ। ਹੈਰਾਨੀ ਦੀ ਗੱਲ ਇਹ ਰਹੀ ਕਿ ਦੋਵੇਂ ਕਲਰਕਾਂ ਦੇ ਦਫ਼ਤਰ ’ਚ ਮੌਜੂਦ ਨਾ ਹੋਣ ਸਬੰਧੀ ਆਮ ਲੋਕਾਂ ਨੂੰ ਜਾਣਕਾਰੀ ਦੇਣ ਲਈ ਕੋਈ ਨੋਟੀਫਿਕੇਸ਼ਨ ਜਾਂ ਸੂਚਨਾ ਤੱਕ ਨਹੀਂ ਲਾਈ ਗਈ। ਆਰਟੀਏ ਦਫ਼ਤਰ ’ਚ ਰੋਜ਼ਾਨਾ ਵੱਡੀ ਗਿਣਤੀ ’ਚ ਲੋਕ ਆਪਣੇ ਵਾਹਨਾਂ, ਆਰਸੀ, ਲਾਇਸੈਂਸ, ਪਰਮਿਟ ਤੇ ਹੋਰ ਕੰਮਾਂ ਲਈ ਪਹੁੰਚਦੇ ਹਨ। ਸ਼ੁੱਕਰਵਾਰ ਨੂੰ ਵੀ ਕਈ ਲੋਕ ਆਪਣੇ ਕੰਮ ਦੀ ਉਮੀਦ ਲੈ ਕੇ ਦਫ਼ਤਰ ਪਹੁੰਚੇ, ਪਰ ਸਬੰਧਤ ਕਲਰਕਾਂ ਦੇ ਮੌਜੂਦ ਨਾ ਹੋਣ ਕਾਰਨ ਉਨ੍ਹਾਂ ਨੂੰ ਪਹਿਲਾਂ ਇਹ ਪਤਾ ਕਰਨ ਲਈ ਹੀ ਕਾਫ਼ੀ ਸਮਾਂ ਲਗਾਉਣਾ ਪਿਆ ਕਿ ਅਮਨ ਤੇ ਰਮੇਸ਼ ਕਿੱਥੇ ਹਨ ਤੇ ਉਨ੍ਹਾਂ ਦਾ ਕੰਮ ਕੌਣ ਕਰੇਗਾ।
---------------------
ਕਾਊਂਟਰਾਂ ’ਤੇ ਪੁੱਛਦੇ ਰਹੇ ਲੋਕ
ਸਬੰਧਤ ਕਲਰਕਾਂ ਦੇ ਕਾਊਂਟਰ ’ਤੇ ਨਾ ਮਿਲਣ ਕਾਰਨ ਲੋਕ ਇੱਧਰ-ਉੱਧਰ ਪੁੱਛਗਿੱਛ ਕਰਦੇ ਰਹੇ। ਕਿਸੇ ਨੂੰ ਸਪੱਸ਼ਟ ਜਾਣਕਾਰੀ ਨਹੀਂ ਮਿਲੀ ਕਿ ਦੋਵੇਂ ਕਲਰਕ ਕੋਰਟ ਪੇਸ਼ੀ ਲਈ ਗਏ ਹੋਏ ਹਨ। ਜੇਕਰ ਦਫ਼ਤਰ ’ਚ ਪਹਿਲਾਂ ਹੀ ਇਕ ਨੋਟੀਫਿਕੇਸ਼ਨ ਲਗਾ ਦਿੱਤਾ ਜਾਂਦਾ ਤਾਂ ਲੋਕਾਂ ਨੂੰ ਆਪਣਾ ਸਮਾਂ ਖਰਾਬ ਕਰਕੇ ਕਾਊਂਟਰਾਂ ਦੇ ਚੱਕਰ ਨਾ ਲਗਾਉਣੇ ਪੈਂਦੇ। ਕਈ ਲੋਕਾਂ ਲਈ ਇਹ ਸਿਰਫ਼ ਕੁਝ ਮਿੰਟਾਂ ਦੀ ਅਸੁਵਿਧਾ ਨਹੀਂ ਸੀ। ਦੂਰੋਂ ਆਉਣ ਵਾਲੇ ਲੋਕਾਂ ਨੂੰ ਆਉਣ-ਜਾਣ ਦਾ ਖ਼ਰਚਾ ਕਰਨਾ ਪੈਂਦਾ ਹੈ, ਕੰਮ ਤੋਂ ਛੁੱਟੀ ਲੈ ਕੇ ਦਫ਼ਤਰ ਆਉਣਾ ਪੈਂਦਾ ਹੈ ਤੇ ਜੇਕਰ ਕੰਮ ਨਾ ਹੋਵੇ ਤਾਂ ਮੁੜ ਦਫ਼ਤਰ ਆਉਣ ਦੀ ਨੌਬਤ ਆ ਜਾਂਦੀ ਹੈ।
--------------------------
ਆਮ ਲੋਕਾਂ ਨੂੰ ਜਾਣਕਾਰੀ ਦੇਣ ਦੀ ਜ਼ਿੰਮੇਵਾਰੀ ਕਿਸ ਦੀ?
ਇਹ ਘਟਨਾ ਆਰਟੀਏ ਦਫ਼ਤਰ ਦੇ ਸੂਚਨਾ ਪ੍ਰਬੰਧ ’ਤੇ ਵੀ ਸਵਾਲ ਖੜ੍ਹੇ ਕਰਦੀ ਹੈ। ਜੇ ਦਫ਼ਤਰ ’ਚ ਕੋਈ ਅਧਿਕਾਰੀ ਜਾਂ ਕਰਮਚਾਰੀ ਕਿਸੇ ਕਾਰਨ ਉਪਲਬਧ ਨਹੀਂ ਹੈ ਤਾਂ ਆਮ ਲੋਕਾਂ ਨੂੰ ਇਸ ਦੀ ਜਾਣਕਾਰੀ ਦੇਣ ਲਈ ਕੋਈ ਵਿਵਸਥਾ ਹੋਣੀ ਚਾਹੀਦੀ ਹੈ। ਲੋਕਾਂ ਦਾ ਸਵਾਲ ਹੈ ਕਿ ਉਨ੍ਹਾਂ ਦੇ ਸਮੇਂ ਦੀ ਕੀਮਤ ਕੌਣ ਸਮਝੇਗਾ? ਸਰਕਾਰੀ ਦਫ਼ਤਰ ’ਚ ਕੰਮ ਕਰਵਾਉਣ ਆਇਆ ਵਿਅਕਤੀ ਇਹ ਉਮੀਦ ਲੈ ਕੇ ਆਉਂਦਾ ਹੈ ਕਿ ਉਸ ਨੂੰ ਸਹੀ ਜਾਣਕਾਰੀ ਮਿਲੇਗੀ ਤੇ ਉਸ ਦਾ ਕੰਮ ਨਿਰਧਾਰਤ ਪ੍ਰਕਿਰਿਆ ਅਨੁਸਾਰ ਹੋਵੇਗਾ ਪਰ ਜਦੋਂ ਕਰਮਚਾਰੀ ਮੌਜੂਦ ਨਾ ਹੋਵੇ ਤੇ ਇਸ ਬਾਰੇ ਕੋਈ ਸੂਚਨਾ ਵੀ ਨਾ ਹੋਵੇ ਤਾਂ ਸਭ ਤੋਂ ਵੱਧ ਖੱਜਲ-ਖੁਆਰੀ ਆਮ ਵਿਅਕਤੀ ਦੀ ਹੁੰਦੀ ਹੈ। ਕਲਰਕ ਕੋਰਟ ’ਚ, ਲੋਕ ਆਰਟੀਏ ਦਫ਼ਤਰ ’ਚ ‘ਪੇਸ਼ੀ’ ਭੁਗਤਦੇ ਰਹੇ। ਸ਼ੁੱਕਰਵਾਰ ਦੀ ਸਥਿਤੀ ਨੇ ਇਹ ਸਵਾਲ ਹੋਰ ਗੰਭੀਰ ਕਰ ਦਿੱਤਾ ਕਿ ਦਫ਼ਤਰ ’ਚ ਆਮ ਲੋਕਾਂ ਲਈ ਸੂਚਨਾ ਪ੍ਰਣਾਲੀ ਕਿੰਨੀ ਪ੍ਰਭਾਵਸ਼ਾਲੀ ਹੈ। ਅਮਨ ਤੇ ਰਮੇਸ਼ ਕੋਰਟ ਪੇਸ਼ੀ ’ਤੇ ਸਨ, ਪਰ ਉਨ੍ਹਾਂ ਦੇ ਕੰਮ ਲਈ ਦਫ਼ਤਰ ਪਹੁੰਚੇ ਲੋਕਾਂ ਨੂੰ ਬਿਨਾਂ ਕਿਸੇ ਸਪੱਸ਼ਟ ਸੂਚਨਾ ਦੇ ਉਡੀਕ ਤੇ ਚੱਕਰਾਂ ਦੀ ‘ਪੇਸ਼ੀ’ ਭੁਗਤਣੀ ਪਈ। ਹੁਣ ਦੇਖਣਾ ਇਹ ਹੋਵੇਗਾ ਕਿ ਆਰਟੀਏ ਦਫ਼ਤਰ ਵੱਲੋਂ ਭਵਿੱਖ ’ਚ ਕਰਮਚਾਰੀਆਂ ਦੀ ਗੈਰਹਾਜ਼ਰੀ ਜਾਂ ਕੰਮ ਪ੍ਰਭਾਵਿਤ ਹੋਣ ਦੀ ਸਥਿਤੀ ’ਚ ਆਮ ਲੋਕਾਂ ਨੂੰ ਪਹਿਲਾਂ ਤੋਂ ਜਾਣਕਾਰੀ ਦੇਣ ਲਈ ਕੋਈ ਢੁੱਕਵਾਂ ਪ੍ਰਬੰਧ ਕੀਤਾ ਜਾਂਦਾ ਹੈ ਜਾਂ ਲੋਕਾਂ ਨੂੰ ਇਸੇ ਤਰ੍ਹਾਂ ਦਫ਼ਤਰ ਦੇ ਚੱਕਰ ਕੱਟਣੇ ਪੈਂਦੇ ਰਹਿਣਗੇ।