ਆਰਟੀਏ ਨੇ ਕੱਢਿਆ ਰਾਹ: ਅਧਿਕਾਰੀ ਗ਼ੈਰ-ਹਾਜ਼ਰ ਤਾਂ ਵੀ ਚੱਲੇਗਾ ਅਪਰੂਵਲ ਦਾ ਕੰਮ ਆਰਟੀਏ ਨੇ ਕੱਢਿਆ ਰਾਹ, ਅਧਿਕਾਰੀ ਗੈਰਹਾਜ਼ਰ ਤਾਂ ਵੀ ਚੱਲੇਗਾ ਅਪਰੂਵਲ ਦਾ ਕੰਮ
Publish Date: Fri, 14 Aug 2026 09:42 PM (IST)
Updated Date: Fri, 14 Aug 2026 09:44 PM (IST)
-ਅਪਰੂਵਲ ਦਾ ਪੂਰਾ ਰਿਕਾਰਡ ਰਜਿਸਟਰ ’ਚ ਹੋਵੇਗਾ ਦਰਜ, ਸ਼ਾਮ ਤੱਕ ਨਿਬੇੜਨ ਦੇ ਹੁਕਮ ਲਖਬੀਰ, ਪੰਜਾਬੀ ਜਾਗਰਣ, ਜਲੰਧਰ : ਜਲੰਧਰ ਆਰਟੀਓ ਦਫ਼ਤਰ ਵਿੱਚ ਲਾਇਸੈਂਸ ਅਪਰੂਵਲ ਦੀ ਪੈਂਡੈਂਸੀ ਨੂੰ ਘਟਾਉਣ ਲਈ ਆਰਟੀਏ ਬਲਜਿੰਦਰ ਸਿੰਘ ਵੱਲੋਂ ਨਵੀਂ ਵਿਵਸਥਾ ਸ਼ੁਰੂ ਕਰਨ ਦੇ ਨਿਰਦੇਸ਼ ਦਿੱਤੇ ਗਏ ਹਨ। ਇਸ ਦਾ ਮਕਸਦ ਇਹ ਹੈ ਕਿ ਜੇ ਲਾਇਸੈਂਸ ਅਪਰੂਵਲ ਕਰਨ ਵਾਲਾ ਅਧਿਕਾਰੀ ਕਿਸੇ ਦਿਨ ਦਫ਼ਤਰ ਵਿੱਚ ਮੌਜੂਦ ਨਹੀਂ ਹੈ ਜਾਂ ਕਿਸੇ ਹੋਰ ਸ਼ਹਿਰ ’ਚ ਡਿਊਟੀ ’ਤੇ ਹੈ ਤਾਂ ਇਸ ਕਾਰਨ ਲੋਕਾਂ ਦੇ ਲਾਇਸੈਂਸ ਦਾ ਕੰਮ ਨਾ ਰੁਕੇ। ਜਾਣਕਾਰੀ ਮੁਤਾਬਕ ਆਰਟੀਏ ਵੱਲੋਂ ਇੱਕ ਵੱਖਰਾ ਰਜਿਸਟਰ ਲਾਉਣ ਦੇ ਨਿਰਦੇਸ਼ ਦਿੱਤੇ ਗਏ ਹਨ। ਇਸ ਰਜਿਸਟਰ ’ਚ ਅਧਿਕਾਰੀ ਦੀ ਗੈਰ-ਹਾਜ਼ਰੀ ਦੌਰਾਨ ਅਪਰੂਵਲ ਲਈ ਆਉਣ ਵਾਲੇ ਮਾਮਲਿਆਂ ਦਾ ਪੂਰਾ ਰਿਕਾਰਡ ਦਰਜ ਕੀਤਾ ਜਾਵੇਗਾ। ------------------------------- ਅਧਿਕਾਰੀ ਦੂਜੇ ਸ਼ਹਿਰ ’ਚ ਹੋਵੇ ਤਾਂ ਵੀ ਨਹੀਂ ਰੁਕੇਗਾ ਕੰਮ ਜਲੰਧਰ ’ਚ ਏਆਰਟੀਓ ਕੋਲ ਦੂਜੇ ਸ਼ਹਿਰ ਦਾ ਵੀ ਵਾਧੂ ਚਾਰਜ ਹੈ। ਅਜਿਹੇ ਵਿਚ ਕਈ ਵਾਰ ਅਧਿਕਾਰੀ ਨੂੰ ਦੂਜੇ ਸ਼ਹਿਰ ’ਚ ਡਿਊਟੀ ਦੇਣੀ ਪੈਂਦੀ ਹੈ। ਅਧਿਕਾਰੀ ਦੇ ਦੂਜੇ ਸ਼ਹਿਰ ਵਿੱਚ ਹੋਣ ਕਾਰਨ ਜਲੰਧਰ ’ਚ ਲਾਇਸੈਂਸ ਅਪਰੂਵਲ ਦਾ ਕੰਮ ਪ੍ਰਭਾਵਿਤ ਨਾ ਹੋਵੇ, ਇਸ ਲਈ ਹੁਣ ਇਹ ਵਿਵਸਥਾ ਕੀਤੀ ਗਈ ਹੈ। ਅਧਿਕਾਰੀ ਦੀ ਗੈਰਹਾਜ਼ਰੀ ਦੌਰਾਨ ਜੋ ਵੀ ਅਪਰੂਵਲ ਸਬੰਧੀ ਕੰਮ ਆਵੇਗਾ, ਉਸ ਦਾ ਰਿਕਾਰਡ ਰਜਿਸਟਰ ਵਿੱਚ ਦਰਜ ਕੀਤਾ ਜਾਵੇਗਾ। ਇਸ ਤੋਂ ਬਾਅਦ ਇਨ੍ਹਾਂ ਮਾਮਲਿਆਂ ਨੂੰ ਉਸੇ ਦਿਨ ਸ਼ਾਮ ਤੱਕ ਨਿਪਟਾਉਣ ਦੇ ਹੁਕਮ ਦਿੱਤੇ ਗਏ ਹਨ। ------------------------ ਰੋਜ਼ਾਨਾ ਪਤਾ ਲੱਗੇਗਾ ਕਿੰਨਾ ਕੰਮ ਹੋਇਆ ਨਵੀਂ ਵਿਵਸਥਾ ਤਹਿਤ ਹੁਣ ਲਾਇਸੈਂਸ ਅਪਰੂਵਲ ਦੇ ਕੰਮ ਦਾ ਰੋਜ਼ਾਨਾ ਰਿਕਾਰਡ ਰੱਖਿਆ ਜਾਵੇਗਾ। ਇਸ ਨਾਲ ਇਹ ਪਤਾ ਲੱਗ ਸਕੇਗਾ ਕਿ ਇਕ ਦਿਨ ਵਿੱਚ ਕਿੰਨੇ ਮਾਮਲੇ ਅਪਰੂਵਲ ਲਈ ਆਏ ਅਤੇ ਕਿੰਨੇ ਮਾਮਲਿਆਂ ਨੂੰ ਪੂਰਾ ਕੀਤਾ ਗਿਆ। ਜੇ ਕਿਸੇ ਦਿਨ ਜ਼ਿਆਦਾ ਮਾਮਲੇ ਆਉਂਦੇ ਹਨ ਤਾਂ ਅਗਲੇ ਦਿਨ ਉਨ੍ਹਾਂ ’ਤੇ ਵੀ ਨਜ਼ਰ ਰੱਖੀ ਜਾ ਸਕੇਗੀ। ਇਸ ਤਰ੍ਹਾਂ ਪੈਂਡੈਂਸੀ ਨੂੰ ਹੌਲੀ-ਹੌਲੀ ਘਟਾਉਣ ਦੀ ਕੋਸ਼ਿਸ਼ ਕੀਤੀ ਜਾਵੇਗੀ। ------------------- ਲੋਕਾਂ ਨੂੰ ਵਾਰ-ਵਾਰ ਨਹੀਂ ਲਗਾਉਣੇ ਪੈਣਗੇ ਚੱਕਰ ਲਾਇਸੈਂਸ ਲਈ ਅਪਲਾਈ ਕਰਨ ਵਾਲੇ ਕਈ ਲੋਕ ਫੀਸ ਜਮ੍ਹਾਂ ਕਰਵਾਉਣ ਤੇ ਡਰਾਈਵਿੰਗ ਟੈਸਟ ਦੀ ਪ੍ਰਕਿਰਿਆ ਪੂਰੀ ਕਰਨ ਤੋਂ ਬਾਅਦ ਅਪਰੂਵਲ ਦੀ ਉਡੀਕ ਕਰ ਰਹੇ ਹਨ। ਅਪਰੂਵਲ ’ਚ ਦੇਰੀ ਹੋਣ ਕਾਰਨ ਲੋਕਾਂ ਨੂੰ ਆਪਣੀ ਫਾਈਲ ਦੀ ਸਥਿਤੀ ਜਾਣਨ ਲਈ ਦਫ਼ਤਰ ਦੇ ਚੱਕਰ ਲਾਉਣੇ ਪੈਂਦੇ ਹਨ। ਆਰਟੀਏ ਦੀ ਨਵੀਂ ਵਿਵਸਥਾ ਦਾ ਫਾਇਦਾ ਇਹ ਹੋ ਸਕਦਾ ਹੈ ਕਿ ਅਪਰੂਵਲ ਦਾ ਕੰਮ ਲਗਾਤਾਰ ਚੱਲਦਾ ਰਹੇ ਤੇ ਪੈਂਡਿੰਗ ਮਾਮਲਿਆਂ ਦੀ ਗਿਣਤੀ ਵਧਣ ਦੀ ਬਜਾਏ ਘੱਟ ਹੋਵੇ।