ਦਾਣਾ ਮੰਡੀ ਲਸਾੜਾ ’ਚ ਝੋਨੇ ਦੀ ਖਰੀਦ ਦੇ ਪੁਖਤਾ ਪ੍ਰਬੰਧ ਦਾਣਾ ਮੰਡੀ ਲਸਾੜਾ ’ਚ ਝੋਨੇ ਦੀ ਖਰੀਦ ਦੇ ਪੁਖਤਾ ਪ੍ਰਬੰਧ
Publish Date: Wed, 07 Oct 2026 06:39 PM (IST)
Updated Date: Wed, 07 Oct 2026 06:41 PM (IST)
ਅਜੇ ਸਿੰਘ ਨਾਗੀ, ਪੰਜਾਬੀ ਜਾਗਰਣ, ਫਿਲੌਰ : ਝੋਨੇ ਦੀ ਆਮਦ ਨੂੰ ਦੇਖਦਿਆਂ ਪੰਜਾਬ ਸਰਕਾਰ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਤੇ ਖੁਰਾਕ ਤੇ ਸਿਵਲ ਸਪਲਾਈ ਮੰਤਰੀ ਲਾਲ ਚੰਦ ਕਟਾਰੂਚੱਕ ਦੇ ਨਿਰਦੇਸ਼ਾਂ ਤਹਿਤ ਮਾਰਕੀਟ ਕਮੇਟੀ ਫਿਲੌਰ ਅਧੀਨ ਆਉਂਦੀ ਦਾਣਾ ਮੰਡੀ ਲਸਾੜਾ ’ਚ ਝੋਨੇ ਦੀ ਸਰਕਾਰੀ ਖਰੀਦ ਸ਼ੁਰੂ ਕਰਵਾਈ ਗਈ। ਹਲਕਾ ਇੰਚਾਰਜ ਹਰਜੋਤ ਕੌਰ ਲੋਹਟੀਆ ਨੇ ਸਰਕਾਰੀ ਖਰੀਦ ਦੀ ਸ਼ੁਰੂਆਤ ਕਰਵਾਉਂਦਿਆਂ ਕਿਸਾਨਾਂ ਤੇ ਮਜ਼ਦੂਰਾਂ ਦਾ ਲੱਡੂਆਂ ਨਾਲ ਮੂੰਹ ਮਿੱਠਾ ਕਰਵਾਇਆ। ਇਸ ਮੌਕੇ ਹਰਜੋਤ ਕੌਰ ਲੋਹਟੀਆ ਨੇ ਕਿਹਾ ਕਿ ਝੋਨੇ ਦੀ ਖਰੀਦ ਨੂੰ ਲੈ ਕੇ ਮੰਡੀਆਂ ’ਚ ਪੁਖਤਾ ਪ੍ਰਬੰਧ ਕੀਤੇ ਗਏ ਹਨ। ਆੜ੍ਹਤੀਆਂ, ਕਿਸਾਨਾਂ ਤੇ ਮਜ਼ਦੂਰਾਂ ਨੂੰ ਕਿਸੇ ਵੀ ਤਰ੍ਹਾਂ ਦੀ ਪਰੇਸ਼ਾਨੀ ਨਹੀਂ ਆਉਣ ਦਿੱਤੀ ਜਾਵੇਗੀ। ਉਨ੍ਹਾਂ ਕਿਹਾ ਕਿ ਸਰਕਾਰ ਵੱਲੋਂ ਕਿਸਾਨਾਂ ਦੀ ਫਸਲ ਦੀ ਨਿਰਵਿਘਨ ਖਰੀਦ ਤੇ ਸਮੇਂ ਸਿਰ ਅਦਾਇਗੀ ਨੂੰ ਯਕੀਨੀ ਬਣਾਇਆ ਜਾ ਰਿਹਾ ਹੈ। ਮਾਰਕੀਟ ਕਮੇਟੀ ਦੇ ਸਕੱਤਰ ਸੁਖਜਿੰਦਰ ਸਿੰਘ ਨੇ ਦੱਸਿਆ ਕਿ ਝੋਨੇ ਦਾ ਸਰਕਾਰੀ ਭਾਅ ਏ ਗ੍ਰੇਡ ਲਈ 2461 ਰੁਪਏ ਪ੍ਰਤੀ ਕੁਇੰਟਲ, ਜਦਕਿ ਆਮ ਝੋਨੇ ਦਾ ਭਾਅ 2441 ਰੁਪਏ ਪ੍ਰਤੀ ਕੁਇੰਟਲ ਹੈ। ਉਨ੍ਹਾਂ ਕਿਸਾਨਾਂ ਨੂੰ ਅਪੀਲ ਕੀਤੀ ਕਿ ਉਹ ਆਪਣੀ ਝੋਨੇ ਦੀ ਫਸਲ ਪੂਰੀ ਤਰ੍ਹਾਂ ਸੁਕਾ ਕੇ ਹੀ ਮੰਡੀ ’ਚ ਲੈ ਕੇ ਆਉਣ, ਤਾਂ ਜੋ ਫ਼ਸਲ ਦੀ ਆਮਦ ਹੁੰਦੇ ਹੀ ਖਰੀਦ ਕੀਤੀ ਜਾ ਸਕੇ। ਉਨ੍ਹਾਂ ਕਿਹਾ ਕਿ ਕਿਸਾਨਾਂ ਨੂੰ ਫ਼ਸਲ ਦੀ ਅਦਾਇਗੀ 48 ਘੰਟਿਆਂ ਦੇ ਅੰਦਰ ਉਨ੍ਹਾਂ ਦੇ ਬੈਂਕ ਖਾਤਿਆਂ ’ਚ ਕੀਤੀ ਜਾਵੇਗੀ। ਇਸ ਮੌਕੇ ਆੜ੍ਹਤੀ ਦਲਜੀਤ ਸਿੰਘ ਨੇ ਪੰਜਾਬ ਸਰਕਾਰ ਤੇ ਹਲਕਾ ਇੰਚਾਰਜ ਹਰਜੋਤ ਕੌਰ ਲੋਹਟੀਆ ਦਾ ਝੋਨੇ ਦੀ ਸਰਕਾਰੀ ਖਰੀਦ ਸ਼ੁਰੂ ਕਰਵਾਉਣ ਲਈ ਧੰਨਵਾਦ ਕੀਤਾ। ਇਸ ਮੌਕੇ ਆੜ੍ਹਤੀਆ ਐਸੋਸੀਏਸ਼ਨ ਲਸਾੜਾ ਦੇ ਪ੍ਰਧਾਨ ਯੁੱਧਵੀਰ ਸ਼ਰਮਾ, ਪਨਸਪ ਖਰੀਦ ਏਜੰਸੀ ਦੇ ਇੰਸਪੈਕਟਰ ਬਲਬੀਰ, ਨਰੇਸ਼ ਦੱਤਾ, ਗੁਰਮੀਤ ਸਿੰਘ, ਗਗਨ ਟਰੇਡਜ਼ ਤੋਂ ਨੁਮਾਇੰਦੇ, ਪਵਨ ਕੁਮਾਰ ਸਮੇਤ ਵੱਡੀ ਗਿਣਤੀ ’ਚ ਆੜ੍ਹਤੀਏ, ਕਿਸਾਨ ਤੇ ਮਜ਼ਦੂਰ ਹਾਜ਼ਰ ਸਨ।