- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼
ਬਿਲਗਾ ਇਲਾਕੇ ’ਚ ਲੁੱਟ-ਖੋਹ ਦੀ ਵਾਰਦਾਤ, ਕਬਾੜੀਏ ਤੋਂ ਨਕਦੀ ਤੇ ਮੋਬਾਈਲ ਖੋਹਿਆ

ਰੇਸ਼ਮ ਲਾਲ, ਪੰਜਾਬੀ ਜਾਗਰਣ, ਬਿਲਗਾ : ਥਾਣਾ ਬਿਲਗਾ ਅਧੀਨ ਆਉਂਦੇ ਔਜਲਾ ਤੋਂ ਸੰਗਤਪੁਰ ਰੋਡ ’ਤੇ ਲੁੱਟ-ਖੋਹ ਦੀ ਵਾਰਦਾਤ ਸਾਹਮਣੇ ਆਈ ਹੈ। ਦਿਨ-ਦਿਹਾੜੇ ਵਾਪਰੀ ਇਸ ਘਟਨਾ ’ਚ ਕੁਝ ਅਣਪਛਾਤਿਆਂ ਨੇ ਇਕ ਕਬਾੜੀਏ ਨੂੰ ਨਿਸ਼ਾਨਾ ਬਣਾਉਂਦਿਆਂ ਉਸ ਕੋਲੋਂ ਨਕਦੀ ਤੇ ਮੋਬਾਈਲ ਫ਼ੋਨ ਖੋਹ ਲਿਆ। ਘਟਨਾ ਤੋਂ ਬਾਅਦ ਇਲਾਕਾ ਵਾਸੀਆਂ ’ਚ ਸਹਿਮ ਦਾ ਮਾਹੌਲ ਪਾਇਆ ਜਾ ਰਿਹਾ ਹੈ। ਪੀੜਤ ਰਮੇਸ਼ ਕੁਮਾਰ ਪੁੱਤਰ ਰਾਮ ਪ੍ਰਸ਼ਾਦ ਵਾਸੀ ਰਵਿਦਾਸਪੁਰਾ ਰੋਡ, ਨੂਰਮਹਿਲ ਨੇ ਦੱਸਿਆ ਕਿ ਉਹ ਰੋਜ਼ ਵਾਂਗ ਆਪਣੇ ਕੰਮ ਲਈ ਜਾ ਰਿਹਾ ਸੀ। ਜਦੋਂ ਉਹ ਔਜਲਾ ਤੋਂ ਸੰਗਤਪੁਰ ਨੂੰ ਜਾਂਦੀ ਸੜਕ ’ਤੇ ਪਹੁੰਚਿਆ ਤਾਂ ਕੁਝ ਅਣਪਛਾਤਿਆਂ ਨੇ ਉਸ ਨੂੰ ਘੇਰ ਲਿਆ। ਪੀੜਤ ਮੁਤਾਬਕ ਉਕਤਾਂ ਨੇ ਉਸ ਨੂੰ ਡਰਾ-ਧਮਕਾ ਕੇ ਉਸ ਕੋਲੋਂ ਕਰੀਬ 4,500 ਰੁਪਏ ਦੀ ਨਕਦੀ ਤੇ ਇਕ ਮੋਬਾਈਲ ਫ਼ੋਨ ਖੋਹ ਲਿਆ ਤੇ ਮੌਕੇ ਤੋਂ ਫ਼ਰਾਰ ਹੋ ਗਏ। ਵਾਰਦਾਤ ਦੀ ਸੂਚਨਾ ਮਿਲਣ ’ਤੇ ਪੁਲਿਸ ਟੀਮ ਮੌਕੇ ’ਤੇ ਪਹੁੰਚੀ ਤੇ ਘਟਨਾ ਸਥਾਨ ਦਾ ਜਾਇਜ਼ਾ ਲਿਆ। ਪੀੜਤ ਦੇ ਬਿਆਨ ਦਰਜ ਕਰ ਕੇ ਪੁਲਿਸ ਵੱਲੋਂ ਮਾਮਲੇ ਦੀ ਜਾਂਚ ਸ਼ੁਰੂ ਕਰ ਦਿੱਤੀ ਗਈ ਹੈ। ਪੁਲਿਸ ਵੱਲੋਂ ਆਸ-ਪਾਸ ਲੱਗੇ ਸੀਸੀਟੀਵੀ ਕੈਮਰਿਆਂ ਦੀ ਫੁਟੇਜ ਵੀ ਖੰਗਾਲੀ ਜਾ ਰਹੀ ਹੈ, ਤਾਂ ਜੋ ਮੁਲਜ਼ਮਾਂ ਦੀ ਪਛਾਣ ਕਰ ਕੇ ਉਨ੍ਹਾਂ ਨੂੰ ਕਾਬੂ ਕੀਤਾ ਜਾ ਸਕੇ। ਵਾਰਦਾਤ ਤੋਂ ਬਾਅਦ ਇਲਾਕਾ ਵਾਸੀਆਂ ਨੇ ਪੁਲਿਸ ਪ੍ਰਸ਼ਾਸਨ ਤੋਂ ਖੇਤਰ ’ਚ ਗਸ਼ਤ ਵਧਾਉਣ ਦੀ ਮੰਗ ਕੀਤੀ ਹੈ।