- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼
ਪ੍ਰਿਤਪਾਲ ਸਿੰਘ, ਪੰਜਾਬੀ ਜਾਗਰਣ,

ਪ੍ਰਿਤਪਾਲ ਸਿੰਘ, ਪੰਜਾਬੀ ਜਾਗਰਣ, ਸ਼ਾਹਕੋਟ : ਸਥਾਨਕ ਪੁਲਿਸ ਨੇ ਇਕ ਹੋਰ ਨਸ਼ਾ ਤਸਕਰ ਨੂੰ ਭਾਰੀ ਮਾਤਰਾ ’ਚ ਨਸ਼ੀਲੀਆਂ ਗੋਲੀਆਂ, ਹੈਰੋਇਨ, ਦਾਤਰ ਤੇ ਇਲੈਕਟ੍ਰੋਨਿਕ ਕੰਡੇ ਸਮੇਤ ਗ੍ਰਿਫ਼ਤਾਰ ਕੀਤਾ ਹੈ। ਡੀਐੱਸਪੀ ਸ਼ਾਹਕੋਟ ਸਰਵਨ ਸਿੰਘ ਬੱਲ ਨੇ ਦੱਸਿਆ ਕਿ ਏਐੱਸਆਈ ਮੇਜਰ ਸਿੰਘ ਚੌਕੀ ਇੰਚਾਰਜ ਤਲਵੰਡੀ ਸੰਘੇੜਾ ਦੀ ਅਗਵਾਈ ਹੇਠ ਪੁਲਿਸ ਪਾਰਟੀ ਨੇ ਗਸ਼ਤ ਦੌਰਾਨ ਕੋਟਲੀ ਗਾਜਰਾਂ ਫਲਾਈਓਵਰ ਦੇ ਹੇਠਾਂ ਇਕ ਸ਼ੱਕੀ ਮੋਟਰਸਾਈਕਲ ਸਵਾਰ ਨੂੰ ਕਾਬੂ ਕੀਤਾ ਹੈ। ਫੜੇ ਗਏ ਵਿਅਕਤੀ ਦੀ ਪਛਾਣ ਪੁਨੀਤ ਗੁਪਤਾ ਪੁੱਤਰ ਰਕੇਸ਼ ਗੁਪਤਾ ਵਾਸੀ ਪੱਤੀ ਖੁਰਮਪੁਰ, ਮਲਸੀਆਂ ਵਜੋਂ ਹੋਈ ਹੈ। ਪੁਲਿਸ ਵੱਲੋਂ ਮੌਕੇ 'ਤੇ ਤਲਾਸ਼ੀ ਦੌਰਾਨ ਉਸ ਕੋਲੋਂ 60 ਨਸ਼ੀਲੀਆਂ ਗੋਲੀਆਂ ਬਰਾਮਦ ਹੋਈਆਂ, ਜਿਸ 'ਤੇ ਤੁਰੰਤ ਕਾਰਵਾਈ ਕਰਦਿਆਂ ਥਾਣਾ ਸ਼ਾਹਕੋਟ ’ਚ ਮੁਕੱਦਮਾ ਨੰਬਰ 158, ਅਧੀਨ ਧਾਰਾ 22 ਐੱਨਡੀਪੀਐੱਸ ਤਹਿਤ ਮਾਮਲਾ ਦਰਜ ਕੀਤਾ ਗਿਆ।
ਡੀਐੱਸਪੀ ਬੱਲ ਨੇ ਦੱਸਿਆ ਕਿ ਗ੍ਰਿਫ਼ਤਾਰ ਕੀਤੇ ਗਏ ਮੁਲਜ਼ਮ ਦਾ ਅਦਾਲਤ ਕੋਲੋਂ ਪੁਲਿਸ ਰਿਮਾਂਡ ਹਾਸਲ ਕਰਕੇ ਜਦੋਂ ਡੂੰਘਾਈ ਨਾਲ ਪੁੱਛਗਿੱਛ ਕੀਤੀ ਗਈ ਤਾਂ ਉਸ ਦੇ ਘਰ ਦੀ ਅਲਮਾਰੀ ਵਿੱਚੋਂ 10 ਗ੍ਰਾਮ ਹੈਰੋਇਨ, 25 ਲਾਈਟਰ, ਇਕ ਦਾਤਰ ਤੇ ਨਸ਼ਾ ਤੋਲਣ ਵਾਲਾ ਇਕ ਇਲੈਕਟ੍ਰੋਨਿਕ ਕੰਡਾ ਬਰਾਮਦ ਕੀਤਾ ਗਿਆ। ਪੁਲਿਸ ਅਨੁਸਾਰ ਫੜਿਆ ਗਿਆ ਮੁਲਜ਼ਮ ਪੁਰਾਣਾ ਅਪਰਾਧੀ ਹੈ ਤੇ ਉਸ ਖ਼ਿਲਾਫ਼ ਪਹਿਲਾਂ ਵੀ ਥਾਣਾ ਸ਼ਾਹਕੋਟ ਵਿਖੇ ਕਈ ਸੰਗੀਨ ਮਾਮਲੇ ਦਰਜ ਹਨ, ਜਿਨ੍ਹਾਂ ’ਚ ਲੁੱਟ-ਖੋਹ ਤੇ ਚੋਰੀ ਦੇ ਮਾਮਲੇ ਹਨ।
----
ਮਹੀਨੇ 'ਚ 34 ਮੁਕੱਦਮੇ ਦਰਜ, 44 ਨੂੰ ਕੀਤਾ ਕਾਬੂ : ਡੀਐਸਪੀ ਬੱਲ
ਡੀਐੱਸਪੀ ਨੇ ਦੱਸਿਆ ਕਿ ਪੁਲਿਸ ਵੱਲੋਂ ਪਿਛਲੇ ਇੱਕ ਮਹੀਨੇ ਦੌਰਾਨ ਸ਼ਾਹਕੋਟ ਸਬ-ਡਵੀਜ਼ਨ ’ਚ ਅਪਰਾਧ ਤੇ ਨਸ਼ਿਆਂ ਨੂੰ ਜੜ੍ਹੋਂ ਪੁੱਟਣ ਲਈ ਪੂਰੀ ਸਖ਼ਤੀ ਵਰਤੀ ਜਾ ਰਹੀ ਹੈ। ਐੱਨਡੀਪੀਐੱਸ ਐਕਟ ਤਹਿਤ ਨਸ਼ਾ ਤਸਕਰਾਂ ਖ਼ਿਲਾਫ਼ 34 ਮੁਕੱਦਮੇ ਦਰਜ ਕਰਕੇ 44 ਮੁਲਜ਼ਮਾ ਨੂੰ ਗ੍ਰਿਫ਼ਤਾਰ ਕਰਕੇ ਇਨ੍ਹਾਂ ਕੋਲੋਂ 551 ਨਸ਼ੀਲੀਆਂ ਗੋਲੀਆਂ ਤੇ 121 ਗ੍ਰਾਮ ਹੈਰੋਇਨ ਬਰਾਮਦ ਕੀਤੀ ਗਈ। ਇਸੇ ਤਰ੍ਹਾਂ ਐਕਸਾਈਜ਼ ਐਕਟ ਤਹਿਤ ਨਾਜਾਇਜ਼ ਸ਼ਰਾਬ ਦਾ ਧੰਦਾ ਕਰਨ ਵਾਲਿਆਂ ਖ਼ਿਲਾਫ਼ 13 ਮੁਕੱਦਮੇ ਦਰਜ ਕਰਕੇ 12 ਮੁਲਜ਼ਮਾ ਕੋਲੋਂ 1,37,430 ਐੱਮਐੱਲ ਨਾਜਾਇਜ਼ ਸ਼ਰਾਬ ਤੇ 3000 ਐੱਮਐੱਲ ਅੰਗਰੇਜ਼ੀ ਸ਼ਰਾਬ ਬਰਾਮਦ ਕੀਤੀ ਗਈ। ਚੋਰੀ ਤੇ ਲੁੱਟ-ਖੋਹ ਵਿਰੁੱਧ ਕਾਰਵਾਈ ਕਰਦਿਆਂ 6 ਮੁਕੱਦਮੇ ਦਰਜ ਕਰਕੇ 12 ਮੁਲਜ਼ਮਾ ਨੂੰ ਸਲਾਖਾਂ ਪਿੱਛੇ ਭੇਜਿਆ ਤੇ ਇਨ੍ਹਾਂ ਕੋਲੋਂ 10 ਮੋਟਰਸਾਈਕਲ ਤੇ 30 ਕਣਕ ਦੀਆਂ ਬੋਰੀਆਂ ਬਰਾਮਦ ਕਰਨ ਤੋਂ ਇਲਾਵਾ 4 ਭਗੌੜੇ ਅਪਰਾਧੀਆਂ ਨੂੰ ਗ੍ਰਿਫ਼ਤਾਰ ਕਰਕੇ ਜੇਲ੍ਹ ਭੇਜਿਆ ਗਿਆ। ਉਨ੍ਹਾਂ ਦੱਸਿਆ ਕਿ ਪੁਲਿਸ ਸਿਰਫ ਨਸ਼ਾ ਤਸਕਰਾਂ ਨੂੰ ਜੇਲ੍ਹ ਹੀ ਨਹੀਂ ਭੇਜ ਰਹੀ, ਸਗੋਂ ਨਸ਼ੇ ਦੀ ਦਲਦਲ ’ਚ ਫਸੇ ਨੌਜਵਾਨਾਂ ਦੀ ਜ਼ਿੰਦਗੀ ਬਚਾਉਣ ਲਈ ਵੀ ਯਤਨਸ਼ੀਲ ਹੈ। ਪਿਛਲੇ ਮਹੀਨੇ ਦੌਰਾਨ ਪੁਲਿਸ ਪ੍ਰਸ਼ਾਸਨ ਦੇ ਯਤਨਾਂ ਸਦਕਾ 98 ਵਿਅਕਤੀਆਂ ਨੂੰ ਨਸ਼ਾ ਛਡਾਊ ਕੇਂਦਰਾਂ ਵਿੱਚ ਦਾਖ਼ਲ ਕਰਵਾਇਆ ਗਿਆ ਤੇ 74 ਵਿਅਕਤੀਆਂ ਨੂੰ ਓਟ ਕਲੀਨਿਕਾਂ ਤੋਂ ਮੁਫ਼ਤ ਦਵਾਈ ਸ਼ੁਰੂ ਕਰਵਾਈ ਗਈ। ਉਨ੍ਹਾਂ ਇਲਾਕਾ ਨਿਵਾਸੀਆਂ ਨੂੰ ਮਾੜੇ ਅਨਸਰਾਂ ਤੇ ਨਸ਼ਾ ਤਸਕਰਾਂ ਦੀ ਸੂਚਨਾ ਤੁਰੰਤ ਪੁਲਿਸ ਨੂੰ ਦੇਣ ਦੀ ਅਪੀਲ ਕੀਤੀ।