- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼
ਹਵਾ ਪ੍ਰਦੂਸ਼ਣ ਘਟਾਉਣ ਲਈ ਸ਼ੁਰੂ ਹੋਵੇਗਾ ਰੋਡ ਸਵੀਪਿੰਗ ਪ੍ਰਾਜੈਕਟ, 50 ਕਰੋੜ ’ਚ ਤਿੰਨ ਸਾਲ ਹੋਵੇਗਾ ਕੰਮ

ਜਾਸ, ਜਲੰਧਰ : ਕੇਂਦਰ ਸਰਕਾਰ ਦੇ ਸਵੱਛ ਹਵਾ ਸਰਵੇਖਣ-2026 ’ਚ ਫਾਡੀ ਸਾਬਤ ਹੋਇਆ ਨਗਰ ਨਿਗਮ ਹੁਣ ਜਲਦ ਤੋਂ ਜਲਦ ਰੋਡ ਸਵੀਪਿੰਗ ਪ੍ਰਾਜੈਕਟ ਸ਼ੁਰੂ ਕਰੇਗਾ। ਇਹ ਪ੍ਰਾਜੈਕਟ ਕਈ ਮਹੀਨੇ ਪਹਿਲਾਂ ਹੀ ਸ਼ੁਰੂ ਹੋਣਾ ਸੀ ਪਰ ਨਿਗਮ ਦਾ ਟੈਂਡਰ ਸਿਰੇ ਨਹੀਂ ਚੜ੍ਹ ਸਕਿਆ। ਹੁਣ ਨਿਗਮ ਨੇ ਮੁੜ ਟੈਂਡਰ ਲਗਾਇਆ ਹੈ, ਜੋ ਇਕ ਹਫ਼ਤੇ ਬਾਅਦ ਖੋਲ੍ਹਿਆ ਜਾਵੇਗਾ। ਇਹ ਟੈਂਡਰ 49.53 ਕਰੋੜ ਰੁਪਏ ਦਾ ਹੈ ਤੇ ਇਸ ਤਹਿਤ ਸ਼ਹਿਰ ਦੀਆਂ ਅੰਦਰੂਨੀ ਸੜਕਾਂ ਦੀ ਸਫ਼ਾਈ ਕੀਤੀ ਜਾਣੀ ਹੈ। ਇਸ ਤੋਂ ਪਹਿਲਾਂ ਵੀ ਨਿਗਮ ਵੱਲੋਂ ਟੈਂਡਰ ਲਗਾਇਆ ਗਿਆ ਸੀ ਪਰ ਕਿਸੇ ਕੰਪਨੀ ਨੇ ਇਸ ’ਚ ਦਿਲਚਸਪੀ ਨਹੀਂ ਦਿਖਾਈ। ਸ਼ਹਿਰ ’ਚ ਸੜਕਾਂ ਦੀ ਸਫ਼ਾਈ ਇਸ ਸਮੇਂ ਵੱਡਾ ਮੁੱਦਾ ਬਣੀ ਹੋਈ ਹੈ। ਕੂੜਾ ਚੁੱਕਣ ਦਾ ਕੰਮ ਠੀਕ ਚੱਲ ਰਿਹਾ ਹੈ, ਪਰ ਸੜਕਾਂ ਦੀ ਸਹੀ ਢੰਗ ਨਾਲ ਸਫ਼ਾਈ ਨਾ ਹੋਣ ਕਾਰਨ ਪ੍ਰਦੂਸ਼ਣ ਦਾ ਪੱਧਰ ਵੱਧ ਰਿਹਾ ਹੈ। ਨਗਰ ਨਿਗਮ ਕੋਲ ਆਪਣੀਆਂ ਰੋਡ ਸਵੀਪਿੰਗ ਮਸ਼ੀਨਾਂ ਵੀ ਹਨ ਪਰ ਇਹ ਮਸ਼ੀਨਾਂ ਉਮੀਦ ਮੁਤਾਬਕ ਕੰਮ ਨਹੀਂ ਕਰ ਰਹੀਆਂ। ਤਿੰਨ ਦਿਨ ਪਹਿਲਾਂ ਹੀ ਸੀਨੀਅਰ ਡਿਪਟੀ ਮੇਅਰ ਬਲਬੀਰ ਸਿੰਘ ਬਿੱਟੂ ਨੇ ਰੋਡ ਸਵੀਪਿੰਗ ਮਸ਼ੀਨਾਂ ਦੇ ਕੰਮਕਾਜ ’ਤੇ ਸਵਾਲ ਚੁੱਕੇ ਸਨ। ਇਹ ਪ੍ਰਾਜੈਕਟ ਇਸ ਲਈ ਵੀ ਮਹੱਤਵਪੂਰਨ ਹੈ ਤਾਂ ਜੋ ਅਗਲੇ ਸਾਲ ਸਵੱਛ ਹਵਾ ਸਰਵੇਖਣ ’ਚ ਜਲੰਧਰ ਦੀ ਰੈਂਕਿੰਗ ’ਚ ਸੁਧਾਰ ਹੋ ਸਕੇ। ਨਗਰ ਨਿਗਮ ਵੱਲੋਂ ਤਿਆਰ ਕੀਤੇ ਗਏ ਇਸ ਪ੍ਰਾਜੈਕਟ ਨੂੰ ਜੀਆਈਐੱਸ ਆਧਾਰਿਤ ਰੋਡ ਸਵੀਪਿੰਗ ਤੇ ਰੋਡ ਵਾਸ਼ਿੰਗ ਪ੍ਰਾਜੈਕਟ ਦਾ ਨਾਂ ਦਿੱਤਾ ਗਿਆ ਹੈ। ਇਹ ਪ੍ਰਾਜੈਕਟ ਤਿੰਨ ਸਾਲ ਲਈ ਹੋਵੇਗਾ।
---------------------------------
ਵੱਡੇ ਪ੍ਰਾਜੈਕਟ ਦਾ ਭੁਗਤਾਨ ਬਣਿਆ ਨਿਗਮ ਲਈ ਚੁਣੌਤੀ
ਨਗਰ ਨਿਗਮ ਲਈ ਸਭ ਤੋਂ ਵੱਡੀ ਮੁਸ਼ਕਲ ਇਹ ਹੈ ਕਿ ਇੰਨੇ ਵੱਡੇ ਪ੍ਰਾਜੈਕਟ ਲਈ ਭੁਗਤਾਨ ਕਿਵੇਂ ਕੀਤਾ ਜਾਵੇ। ਇਸੇ ਕਾਰਨ ਪਹਿਲਾਂ ਕੰਪਨੀਆਂ ਨੇ ਟੈਂਡਰ ’ਚ ਦਿਲਚਸਪੀ ਨਹੀਂ ਦਿਖਾਈ ਸੀ। ਨਿਗਮ ਦੀ ਆਮਦਨ ਘੱਟ ਤੇ ਖਰਚੇ ਜ਼ਿਆਦਾ ਹਨ, ਜਿਸ ਕਾਰਨ ਠੇਕਾ ਲੈਣ ਵਾਲੀ ਕੰਪਨੀ ਨੂੰ ਸਮੇਂ ਸਿਰ ਭੁਗਤਾਨ ਮਿਲਣ ’ਚ ਮੁਸ਼ਕਲ ਆ ਸਕਦੀ ਹੈ। ਜੇਕਰ ਇਸ ਵਾਰ ਟੈਂਡਰ ਫਾਈਨਲ ਹੋ ਜਾਂਦਾ ਹੈ ਤਾਂ ਇਸ ਦੀ ਨਿਗਰਾਨੀ ਲਈ ਵੀ ਪੁਖਤਾ ਪ੍ਰਬੰਧ ਕਰਨੇ ਪੈਣਗੇ।