- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼
ਇਕ ਮਹੀਨੇ ’ਚ ਹੀ ਉਖੜੀ ਅਲੀਪੁਰ–ਮਿਠਾਪੁਰ ਸੜਕ ਭ੍ਰਿਸ਼ਟਾਚਾਰ ਦੀ ਜਿਉਂਦੀ ਮਿਸਾਲ – ਹਰਜਾਪ ਸਿੰਘ ਸੰਘਾ

-ਸੜਕ ਬਣੀ ਨਹੀਂ, ਲੋਕਾਂ ਦੇ ਪੈਸਿਆਂ ਦੀ ਲੁੱਟ ਹੋਈ
ਉੱਚ ਪੱਧਰੀ ਜਾਂਚ ਕਰ ਕੇ ਦੋਸ਼ੀਆਂ ਖ਼ਿਲਾਫ਼ ਸਖ਼ਤੀ ਹੋਵੇ
ਲਵਦੀਪ ਬੈਂਸ, ਪੰਜਾਬੀ ਜਾਗਰਣ, ਪਤਾਰਾ/ਜਲੰਧਰ ਕੈਂਟ : ਜਲੰਧਰ ਕੈਂਟ ਹਲਕੇ ਦੇ ਹਲਕਾ ਇੰਚਾਰਜ ਤੇ ਜਨਰਲ ਸਕੱਤਰ, ਸ਼੍ਰੋਮਣੀ ਅਕਾਲੀ ਦਲ ਹਰਜਾਪ ਸਿੰਘ ਸੰਘਾ ਨੇ ਅਲੀਪੁਰ ਤੋਂ ਮਿੱਠਾਪੁਰ ਨੂੰ ਜੋੜਨ ਵਾਲੀ ਸੜਕ ਦੀ ਬੇਹੱਦ ਮਾੜੀ ਹਾਲਤ ’ਤੇ ਤਿੱਖੀ ਪ੍ਰਤੀਕਿਰਿਆ ਦਿੰਦਿਆਂ ਕਿਹਾ ਕਿ ਇਹ ਸੜਕ ਬਣੇ ਨੂੰ ਅਜੇ ਇਕ ਮਹੀਨਾ ਵੀ ਢੰਗ ਨਾਲ ਨਹੀਂ ਹੋਇਆ ਤੇ ਪਹਿਲਾਂ ਹੀ ਥਾਂ-ਥਾਂ ਡੂੰਘੇ ਟੋਏ ਪੈ ਚੁੱਕੇ ਹਨ। ਇਹ ਘਟੀਆ ਨਿਰਮਾਣ ਤੇ ਸਰਕਾਰੀ ਪੈਸਿਆਂ ਦੀ ਬਰਬਾਦੀ ਦਾ ਸਪੱਸ਼ਟ ਸਬੂਤ ਹੈ। ਜ਼ਿੰਮੇਵਾਰ ਅਧਿਕਾਰੀਆਂ ਤੇ ਠੇਕੇਦਾਰਾਂ ਦੀ ਜਵਾਬਦੇਹੀ ਤੈਅ ਹੋਣੀ ਹੀ ਚਾਹੀਦੀ ਹੈ। ਸੰਘਾ ਨੇ ਮੰਗ ਕੀਤੀ ਕਿ ਇਸ ਸੜਕ ਦੇ ਨਿਰਮਾਣ ਦੀ ਉੱਚ ਪੱਧਰੀ ਤਕਨੀਕੀ ਤੇ ਵਿਜੀਲੈਂਸ ਜਾਂਚ ਕਰਵਾਈ ਜਾਵੇ, ਵਰਤੀ ਗਈ ਸਮੱਗਰੀ ਦੀ ਲੈਬ ਟੈਸਟਿੰਗ ਹੋਵੇ ਤੇ ਜਿਹੜੇ ਵੀ ਅਧਿਕਾਰੀ, ਇੰਜੀਨੀਅਰ ਜਾਂ ਠੇਕੇਦਾਰ ਦੋਸ਼ੀ ਪਾਏ ਜਾਣ, ਉਨ੍ਹਾਂ ਖ਼ਿਲਾਫ਼ ਸਖ਼ਤ ਤੋਂ ਸਖ਼ਤ ਕਾਨੂੰਨੀ ਕਾਰਵਾਈ ਕੀਤੀ ਜਾਵੇ ਤੇ ਨਾਲ ਹੀ ਸੜਕ ਨੂੰ ਮਿਆਰੀ ਢੰਗ ਨਾਲ ਦੁਬਾਰਾ ਬਣਾਇਆ ਜਾਵੇ। ਸੰਘਾ ਨੇ ਕਿਹਾ ਕਿ ਕੈਂਟ ਦੇ ਪਾਲਮ ਵਿਹਾਰ (ਗਲੀ ਨੰਬਰ 1 ਤੇ 2), ਪ੍ਰੀਤ ਕਾਲੋਨੀ, ਗੁਰੂ ਅਮਰ ਦਾਸ ਕਾਲੋਨੀ, ਤਾਜ ਐਨਕਲੇਵ, ਗੁਪਤਾ ਕਾਲੋਨੀ, ਸਤਨਾਮ ਕਾਲੋਨੀ ਤੇ ਗ੍ਰੀਨ ਸਿਟੀ ਦੇ ਵਸਨੀਕ ਲੰਬੇ ਸਮੇਂ ਤੋਂ ਬੁਨਿਆਦੀ ਸਹੂਲਤਾਂ ਲਈ ਸੰਘਰਸ਼ ਕਰ ਰਹੇ ਹਨ। ਇਨ੍ਹਾਂ ਇਲਾਕਿਆਂ ’ਚ ਪੀਣ ਵਾਲੇ ਪਾਣੀ ਦੀ ਨਿਯਮਿਤ ਸਪਲਾਈ ਨਹੀਂ ਹੈ ਤੇ ਪਾਣੀ ਦਾ (ਟੀਡੀਐਸ) ਪੱਧਰ 400 ਤੋਂ ਵੱਧ ਹੈ। ਨਵਾਂ ਬੋਰ ਤਾਂ ਲਗਾਇਆ ਗਿਆ ਹੈ ਪਰ ਅਜੇ ਤੱਕ ਉਸਨੂੰ ਚਾਲੂ ਨਹੀਂ ਕੀਤਾ ਗਿਆ। ਇਲਾਕਾ ਵਾਸੀਆਂ ਹਰਜਿੰਦਰ ਸਿੰਘ ਹੈਰੀ, ਪਰਮਜੀਤ ਸਿੰਘ, ਹਰਮੇਸ਼ ਲਾਲ, ਡਾ. ਅਮਨਪ੍ਰੀਤ ਸਿੰਘ, ਬਲਵਿੰਦਰ ਸਿੰਘ, ਕਮਲ ਕੁਮਾਰ, ਕਿਸ਼ੋਰੀ ਲਾਲ, ਜਸਵੰਤ ਸਿੰਘ, ਬਲਬੀਰ ਸਿੰਘ, ਜਗਦੀਸ਼ ਸਿੰਘ, ਰਾਜ ਕੁਮਾਰ ਰਾਜੂ, ਸੁਰਿੰਦਰ ਸਿੰਘ, ਡਾ. ਜਸਵੰਤ ਸਿੰਘ ਤਿਆਗੀ, ਸੋਨੂ ਚਾਹਲ, ਹਨੀ ਕੁਮਾਰ, ਪ੍ਰਯਾਗ ਹੰਸ, ਅਮਰੀਕ ਸਿੰਘ, ਹਰਵਿੰਦਰ ਸਿੰਘ, ਪਰਗੁਣ ਸਿੰਘ ਤੇ ਰੋਹਿਤ ਨੇ ਮੁਲਾਕਾਤ ਕਰ ਕੇ ਉਨ੍ਹਾਂ ਦੀਆਂ ਸਮੱਸਿਆਵਾਂ ਸੁਣੀਆਂ। ਸੰਘਾ ਨੇ ਚਿਤਾਵਨੀ ਦਿੱਤੀ ਕਿ ਜੇ ਪ੍ਰਸ਼ਾਸਨ ਤੇ ਸਬੰਧਤ ਵਿਭਾਗਾਂ ਨੇ ਜਲਦ ਕਾਰਵਾਈ ਨਾ ਕੀਤੀ ਤਾਂ ਉਹ ਇਲਾਕਾ ਵਾਸੀਆਂ ਨਾਲ ਮਿਲ ਕੇ ਜਨ ਅੰਦੋਲਨ ਸ਼ੁਰੂ ਕਰਨ ਲਈ ਮਜਬੂਰ ਹੋਣਗੇ।