ਸੜਕ ਹਾਦਸੇ ਨੇ ਉਜਾੜਿਆ ਪਰਿਵਾਰ: ਨੌਜਵਾਨ ਦੀ ਮੌਤ, ਦੋ ਮਹੀਨੇ ਬਾਅਦ ਹੋਣਾ ਸੀ ਵਿਆਹ
ਅੱਜ ਤੜਕੇ ਫਿਲੌਰ-ਤੇਹਿੰਗ ਰੋਡ ਬੱਛੋਵਾਲ ’ਤੇ ਇੱਕ ਦਰਦਨਾਕ ਸੜਕ ਹਾਦਸਾ ਵਾਪਰ ਗਿਆ, ਜਿਸ ’ਚ ਮੋਟਰਸਾਈਕਲ ਸਵਾਰ ਭੈਣ-ਭਰਾ ਟਰੱਕ ਦੀ ਲਪੇਟ ਵਿੱਚ ਆ ਗਏ। ਇਸ ਹਾਦਸੇ ਵਿੱਚ 21 ਸਾਲਾ ਨੌਜਵਾਨ ਅਰਜਨ ਸਾਨੀ ਦੀ ਮੌਤ ਹੋ ਗਈ, ਜਦਕਿ ਉਸ ਦੀ 23 ਸਾਲਾ ਭੈਣ ਪ੍ਰੀਆ ਗੰਭੀਰ ਰੂਪ ਵਿੱਚ ਜ਼ਖ਼ਮੀ ਹੋ ਗਈ।
Publish Date: Thu, 30 Jul 2026 04:02 PM (IST)
Updated Date: Thu, 30 Jul 2026 04:06 PM (IST)
ਅਜੇ ਸਿੰਘ ਨਾਗੀ, ਪੰਜਾਬੀ ਜਾਗਰਣ, ਫਿਲੌਰ। ਅੱਜ ਤੜਕੇ ਫਿਲੌਰ-ਤੇਹਿੰਗ ਰੋਡ ਬੱਛੋਵਾਲ ’ਤੇ ਇੱਕ ਦਰਦਨਾਕ ਸੜਕ ਹਾਦਸਾ ਵਾਪਰ ਗਿਆ, ਜਿਸ ’ਚ ਮੋਟਰਸਾਈਕਲ ਸਵਾਰ ਭੈਣ-ਭਰਾ ਟਰੱਕ ਦੀ ਲਪੇਟ ਵਿੱਚ ਆ ਗਏ। ਇਸ ਹਾਦਸੇ ਵਿੱਚ 21 ਸਾਲਾ ਨੌਜਵਾਨ ਅਰਜਨ ਸਾਨੀ ਦੀ ਮੌਤ ਹੋ ਗਈ, ਜਦਕਿ ਉਸ ਦੀ 23 ਸਾਲਾ ਭੈਣ ਪ੍ਰੀਆ ਗੰਭੀਰ ਰੂਪ ਵਿੱਚ ਜ਼ਖ਼ਮੀ ਹੋ ਗਈ।
ਇਸ ਸਬੰਧੀ ਜਾਣਕਾਰੀ ਦਿੰਦਿਆਂ ਬਸਪਾ ਹਲਕਾ ਫਿਲੌਰ ਦੇ ਇੰਚਾਰਜ ਖੁਸ਼ੀ ਰਾਮ ਅਤੇ ਮ੍ਰਿਤਕ ਦੇ ਪਿਤਾ ਸ਼ੰਕਰ ਨੇ ਦੱਸਿਆ ਕਿ ਅਰਜਨ ਸਾਨੀ ਰੋਜ਼ਾਨਾ ਦੀ ਤਰ੍ਹਾਂ ਆਪਣੀ ਭੈਣ ਨੂੰ ਇੱਕ ਨਿੱਜੀ ਫੈਕਟਰੀ ਵਿੱਚ ਕੰਮ 'ਤੇ ਛੱਡਣ ਲਈ ਮੋਟਰਸਾਈਕਲ 'ਤੇ ਜਾ ਰਿਹਾ ਸੀ। ਇਸ ਦੌਰਾਨ ਫਿਲੌਰ ਵੱਲੋਂ ਤੇਹਿੰਗ ਵੱਲੋਂ ਆ ਰਹੇ ਇੱਕ ਕਥਿਤ ਓਵਰਲੋਡ ਟਰੱਕ ਨਾਲ ਉਨ੍ਹਾਂ ਦੀ ਭਿਆਨਕ ਟੱਕਰ ਹੋ ਗਈ।
ਹਾਦਸਾ ਇੰਨਾ ਭਿਆਨਕ ਸੀ ਕਿ ਟਰੱਕ ਮੋਟਰਸਾਈਕਲ ਸਮੇਤ ਖੇਤਾਂ ’ਚ ਪਲਟ ਗਿਆ ਅਤੇ ਮੋਟਰਸਾਈਕਲ ਟਰੱਕ ਦੇ ਹੇਠਾਂ ਫਸ ਗਿਆ। ਹਾਦਸੇ ਤੋਂ ਬਾਅਦ ਟਰੱਕ ਚਾਲਕ ਮੌਕੇ ਤੋਂ ਫਰਾਰ ਹੋ ਗਿਆ।
ਸਥਾਨਕ ਲੋਕਾਂ ਅਤੇ ਪ੍ਰਸ਼ਾਸਨ ਦੀ ਮਦਦ ਨਾਲ ਦੋਵਾਂ ਭੈਣ-ਭਰਾ ਨੂੰ ਬਾਹਰ ਕੱਢ ਕੇ ਸਿਵਲ ਹਸਪਤਾਲ ਫਿਲੌਰ ਲਿਜਾਇਆ ਗਿਆ, ਜਿੱਥੇ ਡਾਕਟਰਾਂ ਨੇ ਅਰਜਨ ਸਾਨੀ ਨੂੰ ਮ੍ਰਿਤਕ ਐਲਾਨ ਦਿੱਤਾ। ਪ੍ਰੀਆ ਦੀ ਹਾਲਤ ਨਾਜ਼ੁਕ ਹੋਣ ਕਾਰਨ ਉਸ ਨੂੰ ਇਲਾਜ ਲਈ ਜਲੰਧਰ ਦੇ ਇੱਕ ਨਿੱਜੀ ਹਸਪਤਾਲ ’ਚ ਰੈਫਰ ਕਰ ਦਿੱਤਾ ਗਿਆ।
ਪਰਿਵਾਰ ਨੇ ਦੱਸਿਆ ਕਿ ਅਰਜਨ ਸਾਨੀ ਪਿੰਡ ਤੇਹਿੰਗ ’ਚ ਬਿਲਡਿੰਗ ਦਾ ਕੰਮ ਕਰਦਾ ਸੀ ਅਤੇ ਉਸ ਦਾ ਵਿਆਹ ਦੋ ਮਹੀਨੇ ਬਾਅਦ ਹੋਣਾ ਸੀ। ਇਸ ਦਰਦਨਾਕ ਹਾਦਸੇ ਨਾਲ ਪਰਿਵਾਰ ’ਤੇ ਦੁੱਖਾਂ ਦਾ ਪਹਾੜ ਟੁੱਟ ਪਿਆ ਹੈ। ਪੀੜਤ ਪਰਿਵਾਰ ਨੇ ਪ੍ਰਸ਼ਾਸਨ ਤੋਂ ਮੰਗ ਕੀਤੀ ਹੈ ਕਿ ਫਰਾਰ ਟਰੱਕ ਚਾਲਕ ਨੂੰ ਜਲਦੀ ਗ੍ਰਿਫ਼ਤਾਰ ਕਰਕੇ ਉਸ ਖ਼ਿਲਾਫ਼ ਬਣਦੀ ਕਾਨੂੰਨੀ ਕਾਰਵਾਈ ਕੀਤੀ ਜਾਵੇ ਅਤੇ ਪਰਿਵਾਰ ਨੂੰ ਇਨਸਾਫ਼ ਦਿੱਤਾ ਜਾਵੇ।
ਜ਼ਿਕਰਯੋਗ ਹੈ ਕਿ ਟਰੱਕ ’ਚ ਖੰਡ ਲੱਦੀ ਹੋਈ ਸੀ ਅਤੇ ਮਾਲਕ ਵੱਲੋ ਪਰਿਵਾਰ ਨਾਲ ਦੁੱਖ ਸਾਂਝਾ ਕਰਨ ਦੀ ਬਜਾਏ ਜਗਜੀਤ ਸਿੰਘ ਨੂੰ ਖੰਡ ਦੂਜੀ ਗੱਡੀ ’ਚ ਲਦਾਉਣਾ ਲਈ ਭੇਜ ਦਿੱਤਾ ਗਿਆ। ਪਰਿਵਾਰ ਦੇ ਮੈਬਰਾਂ ਨੇ ਜਦੋਂ ਇਸ ਗੱਲ ਦਾ ਵਿਰੋਧ ਕੀਤਾ ਤਾਂ ਮਾਲਕ ਹੱਥ ਜੋੜ ਕੇ ਚੱਲ ਗਿਆ।
ਜਦੋਂ ਇਸ ਘਟਨਾ ਸਬੰਧੀ ਥਾਣਾ ਫਿਲੌਰ ਉਮੇਸ ਨਾਲ ਸੰਪਰਕ ਕੀਤਾ ਗਿਆ ਤਾਂ ਉਨ੍ਹਾਂ ਨੇ ਦੱਸਿਆ ਕਿ ਡਰਾਈਵਰ ਮੌਕੇ ਤੋਂ ਫਰਾਰ ਹੋ ਗਿਆ, ਉਸਦੀ ਭਾਲ ਕੀਤੀ ਜਾ ਰਹੀ ਹੈ। ਪਰਿਵਾਰ ਦੇ ਬਿਆਨਾਂ ਦੇ ਆਧਾਰ ’ਤੇ ਬਣਦੀ ਕਾਰਵਾਈ ਕੀਤੀ ਜਾਵੇਗੀ। ਮ੍ਰਿਤਕ ਦਾ ਪੋਸਟਮਾਰਟਮ ਕਰਵਾ ਕੇ ਲਾਸ਼ ਵਾਰਸਾ ਦੇ ਹਵਾਲੇ ਕੀਤੀ ਜਾਵੇਗੀ।