ਝੋਨਾ ਸੀਜ਼ਨ 2026-27 ਨੂੰ ਲੈ ਕੇ ਨਕੋਦਰ ’ਚ ਮਿੱਲਰਾਂ ਦਾ ਮੰਥਨ ਝੋਨਾ ਸੀਜ਼ਨ 2026-27 ਨੂੰ ਲੈ ਕੇ ਨਕੋਦਰ ’ਚ ਮਿੱਲਰਾਂ ਦਾ ਮੰਥਨ
Publish Date: Thu, 01 Oct 2026 07:17 PM (IST)
Updated Date: Fri, 02 Oct 2026 04:08 AM (IST)
ਡਲਿਵਰੀ ਸਪੇਸ ਦੀ ਘਾਟ ਤੇ ਹਾਈਬ੍ਰਿਡ ਝੋਨੇ ’ਚ ਵੱਧ ਟੁੱਟ ਸਮੇਤ ਕਈ ਮੁੱਦੇ ਵਿਚਾਰੇ ਧੀਰਜ ਮਰਵਾਹਾ, ਪੰਜਾਬੀ ਜਾਗਰਣ, ਨਕੋਦਰ : ਆਉਣ ਵਾਲੇ ਝੋਨਾ ਸੀਜ਼ਨ 2026-27 ਦੌਰਾਨ ਚੌਲ ਉਦਯੋਗ ਨੂੰ ਦਰਪੇਸ਼ ਸਮੱਸਿਆਵਾਂ ਤੇ ਚੁਣੌਤੀਆਂ ਨੂੰ ਲੈ ਕੇ ਨਕੋਦਰ ਵਿਖੇ ਜ਼ਿਲ੍ਹਾ ਜਲੰਧਰ ਦੇ ਰਾਈਸ ਮਿੱਲਰਾਂ ਦੀ ਅਹਿਮ ਮੀਟਿੰਗ ਹੋਈ। ਮੀਟਿੰਗ ’ਚ ਨਕੋਦਰ, ਮਹਿਤਪੁਰ, ਸ਼ਾਹਕੋਟ, ਫਿਲੌਰ, ਗੋਰਾਇਆ, ਨੂਰਮਹਿਲ ਤੇ ਲੋਹੀਆਂ ਸਮੇਤ ਵੱਖ-ਵੱਖ ਇਲਾਕਿਆਂ ਤੋਂ ਵੱਡੀ ਗਿਣਤੀ ’ਚ ਮਿੱਲਰਾਂ ਨੇ ਸ਼ਮੂਲੀਅਤ ਕੀਤੀ। ਮੀਟਿੰਗ ਦੌਰਾਨ ਪੰਜਾਬ ਰਾਈਸ ਇੰਡਸਟਰੀਜ਼ ਐਸੋਸੀਏਸ਼ਨ ਦੇ ਸੂਬਾ ਪ੍ਰਧਾਨ ਭਾਰਤ ਭੂਸ਼ਣ ਬਿੰਟਾ ਦੀ ਰਹਿਨੁਮਾਈ ਹੇਠ ਹਾਜ਼ਰ ਮਿੱਲਰਾਂ ਨੇ ਸਰਬਸੰਮਤੀ ਨਾਲ ਕਪਿਲ ਗਰਗ ਨੂੰ ਜਲੰਧਰ ਰਾਈਸ ਇੰਡਸਟਰੀਜ਼ ਐਸੋਸੀਏਸ਼ਨ ਦਾ ਨਵਾਂ ਜ਼ਿਲ੍ਹਾ ਪ੍ਰਧਾਨ ਚੁਣਿਆ। ਮੀਟਿੰਗ ’ਚ ਸੀਜ਼ਨ ਦੀ ਸ਼ੁਰੂਆਤ ਤੋਂ ਪਹਿਲਾਂ ਚੌਲ ਉਦਯੋਗ ਨਾਲ ਸਬੰਧਤ ਤਕਨੀਕੀ ਤੇ ਬੁਨਿਆਦੀ ਸਮੱਸਿਆਵਾਂ ’ਤੇ ਵਿਸਥਾਰ ਨਾਲ ਵਿਚਾਰ-ਵਟਾਂਦਰਾ ਕੀਤਾ ਗਿਆ। ਇਸ ਦੌਰਾਨ ਤਿਆਰ ਕੀਤੇ ਚੌਲ ਦੀ ਡਿਲਿਵਰੀ ਲਈ ਲੋੜੀਂਦੀ ਸਟੋਰੇਜ ਤੇ ਸਪੇਸ ਦੀ ਘਾਟ ਦਾ ਮੁੱਦਾ ਪ੍ਰਮੁੱਖ ਰਿਹਾ। ਇਸ ਤੋਂ ਇਲਾਵਾ ਹਾਈਬ੍ਰਿਡ ਝੋਨੇ ਦੀ ਮਿਲਿੰਗ ਦੌਰਾਨ ਵੱਧ ਮਾਤਰਾ ’ਚ ਬਰੋਕਨ (ਟੁੱਟ) ਆਉਣ ਕਾਰਨ ਮਿੱਲਰਾਂ ਨੂੰ ਦਰਪੇਸ਼ ਮੁਸ਼ਕਲਾਂ ’ਤੇ ਵੀ ਚਰਚਾ ਹੋਈ। ਮਿੱਲਰਾਂ ਨੇ ਕਿਹਾ ਕਿ ਵੱਧ ਟੁੱਟ ਕਾਰਨ ਮਿਲਿੰਗ ਪ੍ਰਕਿਰਿਆ ਦੇ ਨਾਲ-ਨਾਲ ਨਿਰਧਾਰਤ ਮਾਪਦੰਡਾਂ ਨੂੰ ਪੂਰਾ ਕਰਨ ’ਚ ਵੀ ਦਿੱਕਤਾਂ ਪੈਦਾ ਹੁੰਦੀਆਂ ਹਨ। ਮੀਟਿੰਗ ’ਚ 10 ਫ਼ੀਸਦੀ ਇੰਪਰੂਵਡ ਰਾਈਸ ਤਿਆਰ ਕਰਨ ਨਾਲ ਸਬੰਧਤ ਨਿਯਮਾਂ ਤੇ ਇਸ ਨਾਲ ਜੁੜੇ ਵਿਹਾਰਕ ਪੱਖਾਂ ’ਤੇ ਵੀ ਵਿਚਾਰ ਕੀਤਾ ਗਿਆ। ਹਾਜ਼ਰ ਮਿੱਲਰਾਂ ਨੇ ਕਿਹਾ ਕਿ ਇਨ੍ਹਾਂ ਤਕਨੀਕੀ ਤੇ ਬੁਨਿਆਦੀ ਅੜਿੱਕਿਆਂ ਦਾ ਸੀਜ਼ਨ ਸ਼ੁਰੂ ਹੋਣ ਤੋਂ ਪਹਿਲਾਂ ਵਿਹਾਰਕ ਹੱਲ ਕੱਢਿਆ ਜਾਣਾ ਜ਼ਰੂਰੀ ਹੈ, ਤਾਂ ਜੋ ਮਿਲਿੰਗ ਸੀਜ਼ਨ ਦੌਰਾਨ ਉਦਯੋਗ ਨੂੰ ਬੇਲੋੜੇ ਆਰਥਿਕ ਨੁਕਸਾਨ ਤੇ ਹੋਰ ਮੁਸ਼ਕਲਾਂ ਦਾ ਸਾਹਮਣਾ ਨਾ ਕਰਨਾ ਪਵੇ। ਇਸ ਮੌਕੇ ਹਾਜ਼ਰ ਮੈਂਬਰਾਂ ਨੇ ਨਵੇਂ ਜ਼ਿਲ੍ਹਾ ਪ੍ਰਧਾਨ ਕਪਿਲ ਗਰਗ ਨੂੰ ਵਧਾਈ ਦਿੱਤੀ ਤੇ ਉਮੀਦ ਪ੍ਰਗਟਾਈ ਕਿ ਉਹ ਜ਼ਿਲ੍ਹੇ ਦੇ ਰਾਈਸ ਮਿੱਲਰਾਂ ਨਾਲ ਸਬੰਧਤ ਮਸਲਿਆਂ ਨੂੰ ਸਬੰਧਤ ਵਿਭਾਗਾਂ ਤੇ ਸਰਕਾਰ ਦੇ ਸਾਹਮਣੇ ਪ੍ਰਭਾਵਸ਼ਾਲੀ ਢੰਗ ਨਾਲ ਰੱਖਣਗੇ। ਆਪਣੀ ਨਿਯੁਕਤੀ ’ਤੇ ਮਿੱਲਰਾਂ ਦਾ ਧੰਨਵਾਦ ਕਰਦਿਆਂ ਕਪਿਲ ਗਰਗ ਨੇ ਕਿਹਾ ਕਿ ਉਹ ਮਿੱਲਰਾਂ ਨਾਲ ਤਾਲਮੇਲ ਬਣਾਈ ਰੱਖਦੇ ਹੋਏ ਉਦਯੋਗ ਨਾਲ ਜੁੜੇ ਮੁੱਦਿਆਂ ਨੂੰ ਉਚਿਤ ਪੱਧਰ ’ਤੇ ਉਠਾਉਣ ਲਈ ਯਤਨ ਕਰਨਗੇ। ਉਨ੍ਹਾਂ ਦੱਸਿਆ ਕਿ ਜ਼ਿਲ੍ਹਾ ਐਸੋਸੀਏਸ਼ਨ ਦੀ ਬਾਕੀ ਬਾਡੀ ਦਾ ਗਠਨ ਵੀ ਜਲਦ ਕਰ ਦਿੱਤਾ ਜਾਵੇਗਾ। ਮੀਟਿੰਗ ਦੇ ਅੰਤ ’ਚ ਮਿੱਲਰਾਂ ਨੇ ਆਪਸੀ ਤਾਲਮੇਲ ਤੇ ਏਕਤਾ ਨਾਲ ਆਉਣ ਵਾਲੇ ਝੋਨਾ ਸੀਜ਼ਨ ਦੀਆਂ ਚੁਣੌਤੀਆਂ ਨਾਲ ਨਜਿੱਠਣ ’ਤੇ ਜ਼ੋਰ ਦਿੱਤਾ।