ਕਾਮਰੇਡ ਸਮਰਾ ਨੂੰ ਇਨਕਲਾਬੀ ਸ਼ਰਧਾਂਜਲੀਆਂ ਭੇਟ ਕਾਮਰੇਡ ਅਜਮੇਰ ਸਿੰਘ ਸਮਰਾ ਨੂੰ ਇਨਕਲਾਬੀ ਸ਼ਰਧਾਂਜਲੀਆਂ ਭੇਟ
Publish Date: Wed, 09 Sep 2026 08:22 PM (IST)
Updated Date: Wed, 09 Sep 2026 08:22 PM (IST)
ਪੱਤਰ ਪ੍ਰੇਰਕ, ਪੰਜਾਬੀ ਜਾਗਰਣ, ਜਲੰਧਰ : ਭਾਰਤੀ ਕਮਿਊਨਿਸਟ ਪਾਰਟੀ (ਐੱਮਐੱਲ) ਨਿਊ ਡੈਮੋਕ੍ਰੇਸੀ ਪੰਜਾਬ ਰਾਜ ਕਮੇਟੀ ਦੇ ਸੀਨੀਅਰ ਆਗੂ ਤੇ ਦੇਸ਼ ਭਗਤ ਯਾਦਗਾਰ ਕਮੇਟੀ ਦੇ ਆਗੂ ਕਾਮਰੇਡ ਅਜਮੇਰ ਸਿੰਘ ਸਮਰਾ ਦਾ ਸ਼ਰਧਾਂਜਲੀ ਸਮਾਗਮ ਉਨਾਂ ਦੇ ਪਿੰਡ ਸਮਰਾਏ ਵਿਖੇ ਕੀਤਾ ਗਿਆ। ਇਸ ਮੌਕੇ ਰਾਜਸੀ ਅਤੇ ਜਨਤਕ ਜੱਥੇਬੰਦੀਆਂ ਦੇ ਆਗੂਆਂ ਨੇ ਸ਼ਰਧਾਂਜਲੀਆਂ ਭੇਂਟ ਕੀਤੀਆਂ। ਇਸ ਮੌਕੇ ਸੀਪੀਆਈ (ਐੱਮਐੱਲ) ਨਿਊ ਡੈਮੋਕ੍ਰੇਸੀ ਦੇ ਸੀਨੀਅਰ ਸੂਬਾਈ ਆਗੂ ਕਾਮਰੇਡ ਸਰਦਾਰਾ ਸਿੰਘ ਮਾਹਲ ਨੇ ਸ਼ਰਧਾਂਜਲੀ ਭੇਟ ਕਰਦਿਆਂ ਕਿਹਾ ਕਾਮਰੇਡ ਅਜਮੇਰ ਸਿੰਘ ਦੇ ਤੁਰ ਜਾਣ ਨਾਲ ਇਨਕਲਾਬੀ ਲਹਿਰ ਨੂੰ ਕਦੇ ਵੀ ਨਾ ਪੂਰਾ ਹੋਣ ਵਾਲਾ ਘਾਟਾ ਪਿਆ ਹੈ। ਉਹ ਇਕ ਸੁਲਝੇ ਹੋਏ ਤੇ ਇਨਕਲਾਬ ਲਈ ਪ੍ਰਤੀਬੱਧ ਆਗੂ ਸਨ। ਕਾਮਰੇਡ ਮਾਹਲ ਨੇ ਆਪਣੀ ਤੇ ਕਾਮਰੇਡ ਅਜਮੇਰ ਸਿੰਘ ਦੀ ਪੰਜ ਦਹਾਕਿਆਂ ਤੋਂ ਵੀ ਵੱਧ ਸਮੇਂ ਦੀ ਇਨਕਲਾਬੀ ਸਾਂਝ ਦੀਆਂ ਯਾਦਾਂ ਦਾ ਜ਼ਿਕਰ ਕੀਤਾ। ਕਾਮਰੇਡ ਮਾਹਲ ਨੇ ਕਿਹਾ ਕਿ ਮੋਦੀ ਸਰਕਾਰ ਦਾ ਫਾਸ਼ੀਵਾਦ ਦਨਦਨਾਉਂਦਾ ਫਿਰਦਾ ਹੈ। ਇਸ ਵਿਰੁੱਧ ਸੰਸਦ ਰਾਹੀਂ ਲੜਾਈ ਨਹੀਂ ਲੜੀ ਜਾ ਸਕਦੀ ਸਗੋਂ ਸੜਕਾਂ ’ਤੇ ਲੜੀ ਜਾ ਸਕਦੀ ਹੈ, ਉਹ ਵੀ ਵਿਸ਼ਾਲ ਏਕਾ ਉਸਾਰ ਕੇ। ਸੀਪੀਆਈ (ਐੱਮਐੱਲ) ਨਿਊ ਡੈਮੋਕ੍ਰੇਸੀ ਦੇ ਸੂਬਾ ਆਗੂਆਂ ਕੁਲਵਿੰਦਰ ਸਿੰਘ ਵੜੈਚ, ਗੁਰਮੁਖ ਸਿੰਘ, ਆਰਐੱਮਪੀਆਈ ਦੇ ਜਨਰਲ ਸਕੱਤਰ ਮੰਗਤ ਰਾਮ ਪਾਸਲਾ, ਸੀਪੀਆਈ ਦੇ ਆਗੂ ਤੇ ਸਾਬਕਾ ਵਿਧਾਇਕ ਹਰਦੇਵ ਅਰਸ਼ੀ, ਸੀਪੀਆਈ (ਐੱਮਐੱਲ) ਲਿਬਰੇਸ਼ਨ ਦੇ ਆਗੂ ਸੁਖਦਰਸ਼ਨ ਨੱਤ, ਸੀਪੀਆਈਐੱਮਯੂ ਦੇ ਆਗੂ ਕਿਰਨਜੀਤ ਸੇਖੋਂ, ਦੇਸ਼ ਭਗਤ ਯਾਦਗਾਰ ਕਮੇਟੀ ਦੇ ਜਨਰਲ ਸਕੱਤਰ ਗੁਰਮੀਤ ਸਿੰਘ, ਅਦਾਰਾ ਲਾਲ ਪਰਚਮ ਦੇ ਮੁਖਤਿਆਰ ਪੂਹਲਾ, ਅਦਾਰਾ ਸੁਰਖ਼ ਲੀਹ ਦੇ ਪਾਵੇਲ ਕੁੱਸਾ, ਕਿਰਤੀ ਕਿਸਾਨ ਯੂਨੀਅਨ ਦੇ ਸੂਬਾ ਪ੍ਰਧਾਨ ਨਿਰਭੈ ਸਿੰਘ ਢੁੱਡੀਕੇ, ਪੇਂਡੂ ਮਜਦੂਰ ਯੂਨੀਅਨ ਪੰਜਾਬ ਦੇ ਸੂਬਾ ਪ੍ਰਧਾਨ ਤਰਸੇਮ ਪੀਟਰ, ਕਸ਼ਮੀਰ ਸਿੰਘ ਘੁੱਗਸ਼ੋਰ, ਨੌਜਵਾਨ ਭਾਰਤ ਸਭਾ ਦੇ ਮੰਗਲਜੀਤ ਪੰਡੋਰੀ ਆਦਿ ਨੇ ਕਿਹਾ ਕਿ ਕਾਮਰੇਡ ਅਜਮੇਰ ਨੇ ਸਾਰੀ ਜ਼ਿੰਦਗੀ ਗਲ ਸੜ ਚੁੱਕੇ ਲੁਟੇਰੇ ਨਿਜ਼ਾਮ ਨੂੰ ਮੁੱਢੋਂ ਸੁੱਢੋਂ ਤਬਦੀਲ ਕਰਕੇ ਲੁੱਟ ਖਸੁੱਟ ਰਹਿਤ, ਜਾਤਪਾਤ ਰਹਿਤ, ਧਰਮਨਿਰਪੱਖ ਤੇ ਮਜ਼ਦੂਰਾਂ, ਕਿਸਾਨਾਂ ਤੇ ਹੋਰ ਮਿਹਨਤੀ ਲੋਕਾਂ ਦੀ ਪੁੱਗਤ ਵਾਲੇ ਰਾਜ ਪ੍ਰਬੰਧ ਦੀ ਸਿਰਜਣਾ ਲਈ ਸੰਘਰਸ਼ ਕੀਤਾ। ਵੱਖ-ਵੱਖ ਜਥੇਬੰਦੀਆਂ ਤੇ ਸ਼ਖ਼ਸੀਅਤਾਂ ਵੱਲੋਂ ਭੇਜੇ ਗਏ ਸ਼ੋਕ ਸੰਦੇਸ਼ ਵੀ ਮੰਚ ਤੋਂ ਪੜ੍ਹਕੇ ਸੁਣਾਏ ਗਏ। ਇਸ ਮੌਕੇ ਉਨ੍ਹਾਂ ਦੀ ਭਤੀਜੀ ਅਨੀਤਾ, ਡਾਕਟਰ ਜੋਗੀ ਦੱਤ ਨੇ ਵੀ ਸੰਬੋਧਨ ਕੀਤਾ ਤੇ ਸੀਨੀਅਰ ਪੱਤਰਕਾਰ ਜਸਵੀਰ ਸਮਰ, ਬਲਜੀਤ ਬੱਲੀ, ਅਰੁਨਦੀਪ, ਰਾਮਿੰਦਰ ਸਿੰਘ ਪਟਿਆਲਾ, ਐਡਵੋਕੇਟ ਦਲਜੀਤ ਸਿੰਘ, ਹੰਸ ਰਾਜ ਪੱਬਵਾਂ, ਸੰਤੋਖ ਸਿੰਘ ਸੰਧੂ, ਬੂਟਾ ਸਿੰਘ ਮਹਿਮੂਦਪੁਰ ਸਮੇਤ ਸੈਂਕੜਿਆਂ ਦੀ ਗਿਣਤੀ ’ਚ ਆਗੂ ਤੇ ਕਾਰਕੁੰਨ ਹਾਜ਼ਰ ਸਨ।