ਇੰਡਸਟਰੀਅਲ ਟ੍ਰੇਨਿੰਗ ਦੀ ਕੀਤੀ ਸਮੀਖਿਆ
ਇਲੈਕਟ੍ਰਿਕਲ ਵਿਭਾਗ ਵੱਲੋਂ ਇੰਡਸਟਰੀਅਲ ਟ੍ਰੇਨਿੰਗ ਦੀ ਸਮੀਖਿਆ
Publish Date: Tue, 24 Feb 2026 06:22 PM (IST)
Updated Date: Tue, 24 Feb 2026 06:25 PM (IST)
ਪੱਤਰ ਪ੍ਰੇਰਕ, ਪੰਜਾਬੀ ਜਾਗਰਣ, ਜਲੰਧਰ : ਮੇਹਰ ਚੰਦ ਪੌਲੀਟੈਕਨਿਕ ਕਲਜ ਦੇ ਪ੍ਰਿੰਸੀਪਲ ਡਾ. ਜਗਰੂਪ ਸਿੰਘ ਦੀ ਰਹਿਨੁਮਾਈ ਹੇਠ ਇਲੈਕਟ੍ਰਿਕਲ ਵਿਭਾਗ ਵੱਲੋਂ ਲੰਬੇ ਸਮੇਂ ਦੀ ਇੰਡਸਟਰੀਅਲ ਟ੍ਰੇਨਿੰਗ ਸਬੰਧੀ ਵਿਦਿਆਰਥੀਆਂ ਦੀ ਪ੍ਰਗਤੀ ਦੀ ਸਮੀਖਿਆ ਕਰਨ ਲਈ ਵੱਖ-ਵੱਖ ਉਦਯੋਗਾਂ ਦਾ ਦੌਰਾ ਕੀਤਾ ਗਿਆ। ਇਸ ਦੌਰੇ ਦੌਰਾਨ ਮੈਨਟਰਾਂ ਨੇ ਹੇਠ ਲਿਖੀਆਂ ਇਕਾਈਆਂ ਦਾ ਨਿਰੀਖਣ ਕੀਤਾ। ਐਕਸ਼ਨ ਬੈਟਰੀ, ਏ-ਸਟਾਰ ਪਾਵਰ ਐਂਡ ਸਵਿੱਚ ਗੀਅਰ, ਸੈਣੀ ਇਲੈਕਟ੍ਰਿਕਲ, ਪਾਵਰ ਆਟੋਮੇਸ਼ਨ ਤੇ ਇਨਵੋ-ਟੈਕ ਇੰਜੀਨੀਅਰ। ਦੌਰੇ ਦੌਰਾਨ ਵਿਦਿਆਰਥੀਆਂ ਦੀ ਹਾਜ਼ਰੀ, ਤਕਨੀਕੀ ਰੁਝਾਨ ਤੇ ਉਦਯੋਗਕ ਮਾਹੌਲ ’ਚ ਕੰਮ ਕਰਨ ਦੀ ਸਮਰੱਥਾ ਦਾ ਮੁਲਾਂਕਣ ਕੀਤਾ ਗਿਆ। ਸਮੁੱਚੇ ਤੌਰ ’ਤੇ ਟ੍ਰੇਨਿੰਗ ਦਾ ਮਾਹੌਲ ਸੰਤੋਸ਼ਜਨਕ ਪਾਇਆ ਗਿਆ। ਵਿਦਿਆਰਥੀ ਨਿਯਮਿਤ ਤੌਰ ’ਤੇ ਡਿਊਟੀ ਨਿਭਾਅ ਰਹੇ ਹਨ ਤੇ ਉਦਯੋਗ ਦੀਆਂ ਲੋੜਾਂ ਅਨੁਸਾਰ ਪ੍ਰਯੋਗਾਤਮਕ ਗਿਆਨ ਤੇ ਹੁਨਰ ਪ੍ਰਾਪਤ ਕਰ ਰਹੇ ਹਨ। ਇਸ ਮੌਕੇ ਪ੍ਰਿੰਸੀਪਲ ਡਾ. ਜਗਰੂਪ ਸਿੰਘ ਨੇ ਕਿਹਾ ਕਿ ਇੰਡਸਟਰੀਅਲ ਟ੍ਰੇਨਿੰਗ ਵਿਦਿਆਰਥੀਆਂ ਦੇ ਭਵਿੱਖ ਲਈ ਬਹੁਤ ਮਹੱਤਵਪੂਰਨ ਹੈ, ਕਿਉਂਕਿ ਇਸ ਨਾਲ ਉਨਾਂ ਨੂੰ ਅਸਲ ਉਦਯੋਗਕ ਤਜਰਬਾ ਮਿਲਦਾ ਹੈ। ਕਾਲਜ ਵੱਲੋਂ ਹਮੇਸ਼ਾ ਵਿਦਿਆਰਥੀਆਂ ਦੇ ਕੌਸ਼ਲ ਵਿਕਾਸ ਲਈ ਯਤਨ ਕੀਤੇ ਜਾਂਦੇ ਹਨ। ਇਹ ਦੌਰਾ ਕਾਲਜ ਤੇ ਉਦਯੋਗਾਂ ਵਿਚਕਾਰ ਸਹਿਯੋਗ ਨੂੰ ਹੋਰ ਮਜ਼ਬੂਤ ਬਣਾਉਣ ਵੱਲ ਇਕ ਮਹੱਤਵਪੂਰਨ ਕਦਮ ਸਾਬਤ ਹੋਇਆ ਹੈ।