- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼
ਐੱਚਐੱਮਵੀ ਕਾਲਜੀਏਟ ਸਕੂਲ ਵਿਖੇ ਸਟੂਡੈਂਟ ਕੌਂਸਲ ਦੀ ਇੰਸਟਾਲੇਸ਼ਨ ਸੈਰੇਮਨੀ

ਪੱਤਰ ਪ੍ਰੇਰਕ, ਪੰਜਾਬੀ ਜਾਗਰਣ, ਜਲੰਧਰ : ਐੱਚਐੱਮਵੀ ਕਾਲਜੀਏਟ ਸੀਨੀਅਰ ਸੈਕੰਡਰੀ ਸਕੂਲ ਵੱਲੋਂ ਪ੍ਰਿੰਸੀਪਲ ਡਾ. ਏਕਤਾ ਖੋਸਲਾ ਦੀ ਰਹਿਨੁਮਾਈ ਹੇਠ ਅਕਾਦਮਿਕ ਸੈਸ਼ਨ 2026-27 ਲਈ ਨਵੀਂ ਚੁਣੀ ਗਈ ਸਟੂਡੈਂਟ ਕੌਂਸਲ ਦੇ ਰਸਮੀ ਅਹੁਦਾ ਸੰਭਾਲਣ ਦੇ ਸਬੰਧ ’ਚ ਤਾਜਪੋਸ਼ੀ ਸਮਾਗਮ ਕਰਵਾਇਆ ਗਿਆ। ਪ੍ਰੋਗਰਾਮ ਦੀ ਸ਼ੁਰੂਆਤ ਪਰਮਾਤਮਾ ਦਾ ਆਸ਼ੀਰਵਾਦ ਲੈਂਦੇ ਹੋਏ ਜੋਤ ਜਗਾ ਕੇ ਤੇ ਡੀਏਵੀ ਗਾਨ ਨਾਲ ਹੋਈ। ਡੀਨ ਸਟੂਡੈਂਟ ਕੌਂਸਲ ਡਾ. ਉਰਵਸ਼ੀ ਮਿਸ਼ਰਾ ਤੇ ਸਕੂਲ ਇੰਚਾਰਜ ਉਪਮਾ ਗੁਪਤਾ ਵੱਲੋਂ ਪ੍ਰਿੰਸੀਪਲ ਡਾ. ਏਕਤਾ ਖੋਸਲਾ ਨੂੰ ਬੂਟੇ ਭੇਟ ਕਰਕੇ ਸਵਾਗਤ ਕੀਤਾ।
ਨਵੇਂ ਨਿਯੁਕਤ ਹੋਏ ਵਿਦਿਆਰਥੀ ਆਗੂਆਂ ਨੇ ਅਹੁਦੇਦਾਰਾਂ ਵਜੋਂ ਆਪਣੀਆਂ ਜ਼ਿੰਮੇਵਾਰੀਆਂ ਸੰਭਾਲੀਆਂ ਤੇ ਉਨ੍ਹਾਂ ਨੂੰ ਰਸਮੀ ਤੌਰ 'ਤੇ ਬੈਜ ਲਗਾਏ ਗਏ। ਐੱਸਐੱਸਸੀ-2 ਨਾਨ-ਮੈਡੀਕਲ ਦੀ ਦੀਆ ਵੇਦ ਨੂੰ ਹੈੱਡ ਗਰਲ ਦਾ ਬੇਜ ਲਗਾਇਆ ਗਿਆ। ਜੁਆਇਟ ਹੈੱਡ ਗਰਲਜ਼ ਦੇ ਅਹੁਦੇ ਐੱਸਐੱਸਸੀ-2 ਕਾਮਰਸ ਦੀ ਨਿਕਿਤਾ ਤੇ ਐੱਸਐੱਸਸੀ-2 ਆਰਟਸ ਦੀ ਉਮਾ ਨੂੰ ਸੌਂਪੇ ਗਏ, ਜਦੋਂ ਕਿ ਐੱਸਐੱਸਸੀ-1 ਕਾਮਰਸ ਦੀ ਹਰਕੀਰਤ ਕੌਰ, ਐੱਸਐੱਸਸੀ-1 ਆਰਟਸ ਦੀ ਅਰਸ਼ੀਆ ਤੇ ਐੱਸਐੱਸਸੀ-1 ਮੈਡੀਕਲ ਦੀ ਆਨੰਦੀ ਨੂੰ ਅਸਿਸਟੈਂਟ ਹੈੱਡ ਗਰਲਜ਼ ਨਿਯੁਕਤ ਕੀਤਾ ਗਿਆ।
ਸਟੂਡੈਂਟ ਕੌਂਸਲ ਦਾ ਇਕ ਅਹਿਮ ਹਿੱਸਾ ਬਣਦੇ ਹੋਏ ਕਲਾਸ ਨੁਮਾਇਦਿਆਂ ਸੀਆਰ ਤੇ ਟਾਸਕ ਫੋਰਸ ਦੇ ਮੈਂਬਰਾਂ ਨੂੰ ਵੀ ਰਸਮੀ ਤੌਰ 'ਤੇ ਸ਼ਾਮਲ ਕੀਤਾ ਗਿਆ। ਨਵੇਂ ਚੁਣੇ ਗਏ ਆਗੂਆਂ ਨੂੰ ਪ੍ਰਿੰਸੀਪਲ ਡਾ. ਏਕਤਾ ਖੋਸਲਾ ਨੇ ਵਧਾਈ ਦਿੱਤੀ ਤੇ 'ਥਰੀ ਐਚ,’ ਰਾਹੀਂ ਅਰਥਪੂਰਨ ਲੀਡਰਸ਼ਿਪ ਦਾ ਮੂਲ ਮੰਤਰ ਸਾਂਝਾ ਕੀਤਾ। ਡਾ. ਉਰਵਸ਼ੀ ਮਿਸ਼ਰਾ, ਡੀਨ ਸਟੂਡੈਂਟ ਕੌਂਸਲ ਨੇ ਨਵੇਂ ਨਿਯੁਕਤ ਆਗੂਆਂ ਨੂੰ ਵਧਾਈ ਦਿੱਤੀ। ਸਕੂਲ ਇੰਚਾਰਜ ਉਪਮਾ ਗੁਪਤਾ ਵੱਲੋਂ ਧੰਨਵਾਦ ਕੀਤਾ ਗਿਆ। ਇਸ ਮੌਕੇ ਸਕੂਲ ਸਲਾਹਕਾਰ ਡਾ. ਸੀਮਾ ਮਰਵਾਹਾ, ਫੈਕਲਟੀ ਮੈਂਬਰਾਂ, ਐੱਚਐੱਮਵੀ ਸਟੂਡੈਂਟ ਕੌਂਸਲ ਆਦਿ ਹਾਜ਼ਰ ਸਨ।