- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼
ਪ੍ਰਸਿੱਧ ਮੰਦਰ ‘ਚ ਕੱਤਕ ਦੀ ਪੁੰਨਿਆ ’ਤੇ ਪਿੱਪਲ ਦਾ 'ਕਤਲ'

-ਛਾਂਗਣ ਦੀ ਬਜਾਏ ਦਰੱਖਤ ਦੇ ਕਰ ਦਿੱਤੇ ਟੋਟੇ-ਟੋਟੇ, ਧਾਰਮਿਕ ਭਾਵਨਾਵਾਂ ਨੂੰ ਠੇਸ, ਘਟਨਾ ਦੀ ਵੀਡੀਓ ਵਾਇਰਲ
ਲਖਬੀਰ, ਪੰਜਾਬੀ ਜਾਗਰਣ, ਜਲੰਧਰ
ਸ਼ਹਿਰ ਦੇ ਇਕ ਪ੍ਰਸਿੱਧ ਮੰਦਰ ਦੀ ਹਦੂਦ ਅੰਦਰ ਮੰਗਲਵਾਰ ਨੂੰ ਪਿੱਪਲ ਦਾ ਦਰੱਖਤ ਵੱਢੇ ਜਾਣ ਦੀ ਇਕ ਵੀਡੀਓ ਬਹੁਤ ਤੇਜ਼ੀ ਨਾਲ ਵਾਇਰਲ ਹੋ ਰਹੀ ਹੈ, ਜਿਸ ਵਿਚ ਪਿੱਪਲ ਨੂੰ ਵੱਢਣ ਤੋਂ ਬਾਅਦ ਉਸਦੇ ਟੁਕੜੇ-ਟੁਕੜੇ ਕੀਤੇ ਗਏ ਹਨ। ਇਸ ਘਟਨਾ ਕਾਰਨ ਸ਼ਹਿਰ ਦੇ ਹਿੰਦੂ ਭਾਈਚਾਰੇ ਵਿੱਚ ਰੋਸ ਪੈਦਾ ਹੋ ਗਿਆ ਹੈ। ਹੈਰਾਨੀ ਦੀ ਗੱਲ ਇਹ ਰਹੀ ਕਿ ਜਿਸ ਦਿਨ ਇਹ ਕਾਰਵਾਈ ਕੀਤੀ ਗਈ, ਉਸ ਦਿਨ ਕੱਤਕ ਦੀ ਪੁੰਨਿਆ ਦਾ ਦਿਹਾੜਾ ਵੀ ਸੀ, ਜਿਸ ਨੂੰ ਹਿੰਦੂ ਧਰਮ ਵਿਚ ਵਿਸ਼ੇਸ਼ ਮੰਨਿਆ ਜਾਂਦਾ ਹੈ। ਅਜਿਹੇ ਦਿਨ ਮੰਦਰ ਕੰਪਲੈਕਸ ਦੀ ਹਦੂਦ ਅੰਦਰ ਧਾਰਮਿਕ ਆਸਥਾ ਨਾਲ ਜੁੜੇ ਪਿੱਪਲ ਦੇ ਦਰੱਖਤ ਨੂੰ ਵੱਢੇ ਜਾਣ ਦੀ ਘਟਨਾ ਨੇ ਕਈ ਸਵਾਲ ਖੜ੍ਹੇ ਕਰ ਦਿੱਤੇ ਹਨ।
-------------------------
ਛਾਂਗਣ ਦੇ ਨਿਰਦੇਸ਼ਾਂ ਦੀ ਥਾਂ ਦਰੱਖਤ ਹੀ ਕਰ ਦਿੱਤਾ ਖ਼ਤਮ
ਜਾਣਕਾਰੀ ਅਨੁਸਾਰ ਪ੍ਰਬੰਧਕਾਂ ਵੱਲੋਂ ਦਰੱਖਤ ਦੀਆਂ ਟਾਹਣੀਆਂ ਦੀ ਛਾਂਗਣ ਕਰਨ ਲਈ ਕਿਹਾ ਗਿਆ ਸੀ। ਇਸ ਦਾ ਮਕਸਦ ਦਰੱਖਤ ਦੀਆਂ ਵਾਧੂ ਟਾਹਣੀਆਂ ਨੂੰ ਕੱਟਣਾ ਸੀ ਪਰ ਦੋਸ਼ ਹੈ ਕਿ ਛਾਂਗਣ ਦੀ ਬਜਾਏ ਪਿੱਪਲ ਦੇ ਦਰੱਖਤ ਨੂੰ ਹੀ ਵੱਢ ਦਿੱਤਾ ਗਿਆ। ਜੇਕਰ ਪ੍ਰਬੰਧਕਾਂ ਵੱਲੋਂ ਸਿਰਫ਼ ਛੰਟਾਈ ਦੀ ਹਦਾਇਤ ਦਿੱਤੀ ਗਈ ਸੀ ਤਾਂ ਫਿਰ ਉਸ ਨੂੰ ਪੂਰੀ ਤਰ੍ਹਾਂ ਕੱਟਣ ਦਾ ਫੈਸਲਾ ਕਿਵੇਂ ਲਿਆ ਗਿਆ। ਕੀ ਕੰਮ ਕਰਨ ਵਾਲਿਆਂ ਨੇ ਆਪਣੇ ਪੱਧਰ ’ਤੇ ਹੀ ਇਹ ਫੈਸਲਾ ਕਰ ਲਿਆ ਜਾਂ ਕਿਸੇ ਹੋਰ ਵੱਲੋਂ ਅਜਿਹੇ ਨਿਰਦੇਸ਼ ਦਿੱਤੇ ਗਏ ਸਨ। ਇਨ੍ਹਾਂ ਸਵਾਲਾਂ ਦਾ ਜਵਾਬ ਸਾਹਮਣੇ ਆਉਣਾ ਜ਼ਰੂਰੀ ਹੈ।
----------------------------
ਪੂਰਾ ਮਾਮਲਾ ਹੋਵੇਗਾ ਹਾਈਲਾਈਟ
ਇਸ ਸਬੰਧੀ ਸ਼ਹਿਰ ਦੇ ਕਾਰੋਬਾਰੀ ਰਾਜਨ ਸ਼ਰਮਾ ਨੇ ਕਿਹਾ ਕਿ ਮਾਮਲਾ ਇੰਝ ਸ਼ਾਂਤ ਨਹੀਂ ਹੋਵੇਗਾ। ਇਸ ਸਬੰਧੀ ਪੂਰਾ ਸਪੱਸ਼ਟੀਕਰਨ ਹਾਸਲ ਕਰਨ ਦੇ ਨਾਲ-ਨਾਲ ਦੋਸ਼ੀਆਂ ਖਿਲਾਫ ਚਾਹੇ ਉਹ ਪਿੱਪਲ ਵੱਢਣ ਵਾਲੇ ਹੋਣ ਜਾਂ ਵਢਾਉਣ ਵਾਲੇ, ਉਨ੍ਹਾਂ ਖਿਲਾਫ ਮੋਰਚਾ ਜ਼ਰੂਰ ਖੋਲ੍ਹਿਆ ਜਾਵੇਗਾ ਕਿਉਂਕਿ ਪਿੱਪਲ ਨਾਲ ਸਾਡੇ ਧਰਮ ਦੀ ਆਸਥਾ ਜੁੜੀ ਹੋਈ ਹੈ। ਇਸ ਮਾਮਲੇ ਸਬੰਧੀ ਜਦੋਂ ਪ੍ਰਬੰਧਕਾਂ ਨਾਲ ਗੱਲ ਕੀਤੀ ਤਾਂ ਉਨ੍ਹਾਂ ਨੇ ਕੋਈ ਸਪੱਸ਼ਟ ਜਵਾਬ ਨਹੀਂ ਦਿੱਤਾ। ਸਗੋਂ ਉਹ ਮਾਮਲਾ ਦਬਾਉਣ ਦੀਆਂ ਕੋਸ਼ਿਸ਼ਾਂ ਵਿਚ ਲਗੇ ਰਹੇ। ਫਿਲਹਾਲ ਆਉਣ ਵਾਲੇ ਕੁਝ ਦਿਨਾਂ ਵਿਚ ਸਾਫ ਹੋਵੇਗਾ ਕਿ ਮਾਮਲਾ ਕਿਸ ਪਾਸੇ ਜਾਂਦਾ ਹੈ।