- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼
ਝੋਨੇ ਦੀ ਖਰੀਦ ਬੰਦ ਹੋਣ ਕਾਰਨ ਨਾਇਬ ਤਹਿਸੀਲਦਾਰ ਵਰਿੰਦਰ ਕੁਮਾਰ ਰੱਤੀ ਨੇ ਫਿਲੌਰ ਤੇ ਦੁਸਾਂਝ ਕਲਾਂ ਦੀਆਂ ਮੰਡੀਆਂ ਦਾ ਕੀਤਾ ਦੌਰਾ

ਨਾਇਬ ਤਹਿਸੀਲਦਾਰ ਨੇ ਫਿਲੌਰ ਤੇ ਦੁਸਾਂਝ ਕਲਾਂ ਦੀਆਂ ਮੰਡੀਆਂ ਦਾ ਕੀਤਾ ਦੌਰਾ
ਅਜੇ ਸਿੰਘ ਨਾਗੀ, ਪੰਜਾਬੀ ਜਾਗਰਣ, ਫਿਲੌਰ : ਪੰਜਾਬ ਦੀਆਂ ਦਾਣਾ ਮੰਡੀਆਂ ਵਿੱਚ 12 ਨਵੰਬਰ ਤੋਂ ਝੋਨੇ ਦੀ ਖਰੀਦ ਬੰਦ ਹੋਣ ਕਾਰਨ ਕਿਸਾਨਾਂ ਅਤੇ ਆੜ੍ਹਤੀਆਂ ਨੂੰ ਭਾਰੀ ਪਰੇਸ਼ਾਨੀਆਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਇਸ ਦੇ ਵਿਰੋਧ ਵਿੱਚ ਕਿਸਾਨ ਜਥੇਬੰਦੀਆਂ ਅਤੇ ਆੜ੍ਹਤੀਆਂ ਵੱਲੋਂ ਵੱਖ-ਵੱਖ ਥਾਵਾਂ ’ਤੇ ਧਰਨੇ ਦੇ ਕੇ ਰੋਸ ਪ੍ਰਦਰਸ਼ਨ ਕੀਤੇ ਜਾ ਰਹੇ ਹਨ। ਇਸੇ ਦੌਰਾਨ ਡਿਪਟੀ ਕਮਿਸ਼ਨਰ ਜਲੰਧਰ ਦੇ ਨਿਰਦੇਸ਼ਾਂ ’ਤੇ ਨੂਰਮਹਿਲ ਦੇ ਨਾਇਬ ਤਹਿਸੀਲਦਾਰ ਅਤੇ ਫਿਲੌਰ ਦੇ ਵਾਧੂ ਚਾਰਜ ਵਾਲੇ ਅਧਿਕਾਰੀ ਵਰਿੰਦਰ ਕੁਮਾਰ ਰੱਤੀ ਨੇ ਫਿਲੌਰ ਅਤੇ ਦੁਸਾਂਝ ਕਲਾਂ ਦੀਆਂ ਦਾਣਾ ਮੰਡੀਆਂ ਦਾ ਦੌਰਾ ਕੀਤਾ।
ਇਸ ਮੌਕੇ ਉਨ੍ਹਾਂ ਨੇ ਮਾਰਕੀਟ ਕਮੇਟੀ ਦੇ ਚੇਅਰਮੈਨ ਸੁਖਦੀਪ ਸਿੰਘ ਅੱਪਰਾ, ਮਾਰਕੀਟ ਕਮੇਟੀ ਦੇ ਸਕੱਤਰ ਸੁਖਜਿੰਦਰ ਸਿੰਘ, ਕਿਸਾਨਾਂ, ਆੜ੍ਹਤੀਆਂ ਅਤੇ ਖਰੀਦ ਏਜੰਸੀਆਂ ਦੇ ਇੰਸਪੈਕਟਰਾਂ ਨਾਲ ਮੀਟਿੰਗ ਕਰਕੇ ਝੋਨੇ ਦੀ ਖਰੀਦ ਸਬੰਧੀ ਜਾਣਕਾਰੀ ਹਾਸਲ ਕੀਤੀ ਤੇ ਮੰਡੀਆਂ ਵਿੱਚ ਪਏ ਝੋਨੇ ਦੇ ਸਟਾਕ ਬਾਰੇ ਜਾਣਿਆ। ਮੀਡੀਆ ਨਾਲ ਗੱਲਬਾਤ ਕਰਦਿਆਂ ਨਾਇਬ ਤਹਿਸੀਲਦਾਰ ਵਰਿੰਦਰ ਕੁਮਾਰ ਰੱਤੀ ਨੇ ਦੱਸਿਆ ਕਿ ਫਿਲੌਰ ਦੀ ਦਾਣਾ ਮੰਡੀ ਵਿਚ ਲਗਭਗ 60,000 ਬੈਗ, ਗੁਰਾਇਆ ਦੀ ਦਾਣਾ ਮੰਡੀ ’ਚ 25,000 ਬੈਗ ਅਤੇ ਦੁਸਾਂਝ ਕਲਾਂ ਦੀ ਦਾਣਾ ਮੰਡੀ ਵਿੱਚ ਝੋਨੇ ਦੇ ਸਟਾਕ 68,706 ਸਬੰਧੀ ਅੰਕੜੇ ਇਕੱਠੇ ਕੀਤੇ ਗਏ ਹਨ। ਉਨ੍ਹਾਂ ਦੱਸਿਆ ਕਿ ਇਸ ਸਬੰਧੀ ਰਿਪੋਰਟ ਤਿਆਰ ਕਰਕੇ ਉੱਚ ਅਧਿਕਾਰੀਆਂ ਨੂੰ ਭੇਜੀ ਜਾਵੇਗੀ। ਸਰਕਾਰ ਵੱਲੋਂ ਜੋ ਵੀ ਫੈਸਲਾ ਲਿਆ ਜਾਵੇਗਾ, ਉਸ ਬਾਰੇ ਜਾਣਕਾਰੀ ਦਿੱਤੀ ਜਾਵੇਗੀ।
ਇਸ ਮੌਕੇ ਆੜ੍ਹਤੀਆ ਐਸੋਸੀਏਸ਼ਨ ਫਿਲੌਰ ਦੇ ਪ੍ਰਧਾਨ ਗੁਲਸ਼ਨ ਕੁਮਾਰ ਅਹੂਜਾ, ਇੰਸਪੈਕਟਰ ਤਰਨਜੀਤ ਸਿੰਘ, ਭਾਰਤੀ ਕਿਸਾਨ ਯੂਨੀਅਨ ਦੁਆਬਾ ਦੇ ਜਨਰਲ ਸਕੱਤਰ ਤਰਸੇਮ ਸਿੰਘ ਢਿੱਲੋਂ, ਜਥੇਦਾਰ ਸਤਨਾਮ ਸਿੰਘ ਜੱਜਾ ਖੁਰਦ, ਗੁਰਾਇਆ ਸਰਕਲ ਪ੍ਰਧਾਨ ਰਣਜੀਤ ਸਿੰਘ ਖੇਲਾ, ਹਰਮਿੰਦਰ ਸਿੰਘ ਰਾਣਾ ਮੁਠੱਡਾ, ਗੁਰਦੀਪ ਸਿੰਘ ਦੇਬੀ ਕੰਗ ਤੇਹਿੰਗ, ਕਸ਼ਮੀਰ ਸਿੰਘ ਬੱਕਾਪੁਰ, ਆੜ੍ਹਤੀ ਇਕਬਾਲ ਸਿੰਘ ਅੱਪਰਾ ਸਮੇਤ ਗੁਰਾਇਆ ਮੰਡੀ ਦੇ ਆੜ੍ਹਤੀਏ ਤੇ ਕਿਸਾਨ ਹਾਜ਼ਰ ਸਨ।