ਮ੍ਰਿਤਕ ਦੇ ਰਿਸ਼ਤੇਦਾਰਾਂ ਨੇ ਥਾਣੇ ਦੇ ਬਾਹਰ ਕੀਤਾ ਹੰਗਾਮਾ
ਮ੍ਰਿਤਕ ਦੇ ਰਿਸ਼ਤੇਦਾਰਾਂ ਨੇ ਪੁਲਿਸ ਦੀ ਅਣਗਹਿਲੀ ਕਾਰਨ ਥਾਣੇ ਦੇ ਬਾਹਰ ਕੀਤਾ ਹੰਗਾਮਾ
Publish Date: Thu, 02 Apr 2026 10:07 PM (IST)
Updated Date: Thu, 02 Apr 2026 10:10 PM (IST)

-ਪੁਲਿਸ ਦੀ ਮੌਜੂਦਗੀ ’ਚ ਦੋਵੇਂ ਧਿਰਾਂ ਆਪਸ ’ਚ ਭਿੜੀਆਂ ਰਾਕੇਸ਼ ਗਾਂਧੀ, ਪੰਜਾਬੀ ਜਾਗਰਣ, ਜਲੰਧਰ : ਸੰਤੋਖਪੁਰਾ ’ਚ ਕਰਨ ਖੁਦਕੁਸ਼ੀ ਮਾਮਲੇ ਨੇ ਵੀਰਵਾਰ ਨੂੰ ਨਾਟਕੀ ਮੋੜ ਲੈ ਲਿਆ ਜਦੋਂ ਦੋਵੇਂ ਵਿਰੋਧੀ ਧਿਰਾਂ ਥਾਣਾ ਨੰਬਰ 8 ਦੇ ਬਾਹਰ ਆਹਮੋ-ਸਾਹਮਣੇ ਹੋ ਗਈਆਂ। ਕੁਝ ਹੀ ਪਲਾਂ ’ਚ ਮਾਹੌਲ ਇੰਨਾ ਤਣਾਅਪੂਰਨ ਹੋ ਗਿਆ ਕਿ ਪੁਲਿਸ ਦੀ ਮੌਜੂਦਗੀ ਵਿੱਚ ਵੀ ਦੋਵਾਂ ਧੜਿਆਂ ਵਿਚਕਾਰ ਗਾਲੀ-ਗਲੋਚ ਅਤੇ ਹੱਥੋਪਾਈ ਹੋਈ। ਇਸ ਹੰਗਾਮੇ ਦੌਰਾਨ ਮ੍ਰਿਤਕ ਨੌਜਵਾਨ ਦੀ ਪ੍ਰੇਮਿਕਾ ਦੀ ਮਾਂ ਨੇ ਮੌਕੇ ਤੋਂ ਭੱਜਣ ਦੀ ਕੋਸ਼ਿਸ਼ ਕੀਤੀ ਪਰ ਭੀੜ ਨੇ ਉਸ ਨੂੰ ਘੇਰ ਲਿਆ। ਲੜਕੀ ਦੇ ਪਰਿਵਾਰ ਦਾ ਦਾਅਵਾ ਹੈ ਕਿ ਕਰਨ ਨੇ ਆਪਣੀ ਪ੍ਰੇਮਿਕਾ ਤੋਂ 60,000 ਉਧਾਰ ਲਏ ਸਨ। ਇਸ ਰਕਮ ’ਚੋਂ, 40,000 ਕਥਿਤ ਤੌਰ ਤੇ ਵਾਪਸ ਕਰ ਦਿੱਤੇ ਗਏ ਸਨ ਪਰ 20,000 ਬਕਾਇਆ ਰਹਿ ਗਏ ਸਨ। ਦੂਜੇ ਪਾਸੇ, ਮ੍ਰਿਤਕ, ਕਰਨ ਦੇ ਪਰਿਵਾਰ ਦਾ ਦੋਸ਼ ਹੈ ਕਿ ਉਸ ਨੂੰ ਘਟਨਾ ਵਾਲੇ ਦਿਨ ਹੀ ਬਕਾਇਆ ਰਕਮ ਵਾਪਸ ਕਰਨ ਦੀ ਯੋਜਨਾ ਸੀ। ਲੜਕੀ ਤੇ ਉਸ ਦੇ ਪਰਿਵਾਰ ਨੇ ਕਰਨ ਨੂੰ ਪੈਸਿਆਂ ਨੂੰ ਲੈ ਕੇ ਮਾਨਸਿਕ ਤੌਰ ’ਤੇ ਪਰੇਸ਼ਾਨ ਕੀਤਾ, ਜਿਸ ਕਾਰਨ ਉਸ ਨੇ ਖ਼ੁਦਕੁਸ਼ੀ ਕਰ ਲਈ। ਜਾਣਕਾਰੀ ਅਨੁਸਾਰ ਸ਼ਾਮ 4:00 ਵਜੇ ਦੇ ਕਰੀਬ ਝਗੜਾ ਤੇਜ਼ ਹੋ ਗਿਆ ਜਦੋਂ ਦੋਵੇਂ ਧਿਰਾਂ ਪੁਲਿਸ ਥਾਣੇ ਪੁੱਜੀਆਂ। ਕਰਨ ਦੇ ਪਰਿਵਾਰ ਨੇ ਦੋਸ਼ ਲਾਇਆ ਕਿ ਲੜਕੀ ਦੀ ਮਾਂ ਮੀਨੂ ਨੇ ਉਨ੍ਹਾਂ ਨੂੰ ਗਾਲ੍ਹਾਂ ਕੱਢੀਆਂ। ਪਰਿਵਾਰਕ ਮੈਂਬਰਾਂ ਦਾ ਦੋਸ਼ ਹੈ ਕਿ ਮੌਕੇ ਤੋਂ ਭੱਜਦੇ ਸਮੇਂ ਕੁੜੀ ਦੀ ਮਾਂ ਨੇ ਧਮਕੀ ਦਿੱਤੀ ਉਨ੍ਹਾਂ ਨੂੰ ਨਤੀਜੇ ਭੁਗਤਣੇ ਪੈਣਗੇ ਤੇ ਬਾਅਦ ’ਚ ਨਜਿੱਠਣ ਦਾ ਕਿਹਾ। ਸਮਰਥਕਾਂ ਦਾ ਦਾਅਵਾ ਹੈ ਕਿ ਇਹ ਪੂਰੀ ਘਟਨਾ ਦੀ ਵੀਡੀਓ ਰਿਕਾਰਡਿੰਗ ਮੌਜੂਦ ਹੈ। ----------------------- ਨਾਮਜ਼ਦ ਮੁਲਜ਼ਮ ਅਜੇ ਵੀ ਪੁਲਿਸ ਦੀ ਗ੍ਰਿਫ਼ਤ ’ਚੋਂ ਬਾਹਰ ਜ਼ਿਕਰਯੋਗ ਹੈ ਕਿ ਪੁਲਿਸ ਨੇ ਕੱਲ੍ਹ ਇਸ ਖੁਦਕੁਸ਼ੀ ਮਾਮਲੇ ਸਬੰਧੀ ਮ੍ਰਿਤਕ ਦੀ ਪ੍ਰੇਮਿਕਾ ਸ਼ਵੇਤਾ, ਉਸ ਦੀ ਮਾਂ ਮੀਨੂ ਤੇ ਉਸ ਦੇ ਭਰਾ ਗਗਨ ਵਿਰੁੱਧ ਐੱਫਆਈਆਰ ਦਰਜ ਕੀਤੀ ਸੀ। ਇਸ ਦੇ ਬਾਵਜੂਦ ਹੁਣ ਤੱਕ ਕਿਸੇ ਵੀ ਮੁਲਜ਼ਮ ਨੂੰ ਗ੍ਰਿਫ਼ਤਾਰ ਨਹੀਂ ਕੀਤਾ ਗਿਆ ਹੈ। ਥਾਣਾ 8 ਦੀ ਪੁਲਿਸ ਨੇ ਫਿਲਹਾਲ ਲੜਕੀ ਦੀ ਮਾਂ ਦਾ ਬਿਆਨ ਦਰਜ ਕਰ ਲਿਆ ਹੈ। ਥਾਣੇ ਦੇ ਬਾਹਰ ਵਧਦੇ ਤਣਾਅ ਦੇ ਮੱਦੇਨਜ਼ਰ ਵਾਧੂ ਪੁਲਿਸ ਬਲ ਤਾਇਨਾਤ ਕੀਤੇ ਗਏ ਹਨ। ਅਧਿਕਾਰੀਆਂ ਦਾ ਕਹਿਣਾ ਹੈ ਕਿ ਮਾਮਲੇ ਦੀ ਜਾਂਚ ਜਾਰੀ ਹੈ ਤੇ ਕਾਨੂੰਨ ਅਨੁਸਾਰ ਢੁੱਕਵੀਂ ਕਾਰਵਾਈ ਕੀਤੀ ਜਾਵੇਗੀ।