- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼
ਸਕੂਲ ’ਚੋ ਗੁੰਮ ਹੋਏ ਬੱਚੇ ਦੇ ਵਾਰਸਾਂ ਨੇ ਸਕੂਲ ਪ੍ਰਬੰਧਕਾਂ ਤੇ ਲਾਏ ਲਾਪਰਵਾਹੀ ਦੇ ਦੋਸ਼

ਅਮਰਜੀਤ ਸਿੰਘ ਵੇਹਗਲ, ਪੰਜਾਬੀ ਜਾਗਰਣ, ਜਲੰਧਰ : ਸ਼ਿਵ ਨਗਰ ਦੀ ਗਲੀ ਨੰਬਰ 7 ’ਚ ਸਥਿਤ ਪ੍ਰਾਈਵੇਟ ਸਕੂਲ ਦੀ ਲਾਪਰਵਾਹੀ ਸਾਹਮਣੇ ਆਈ ਹੈ। ਦੱਸਿਆ ਜਾ ਰਿਹਾ ਹੈ ਕਿ ਬੀਤੇ ਦਿਨੀਂ ਐੱਲਕੇਜੀ ’ਚ ਪੜ੍ਹਨ ਵਾਲਾ 7 ਸਾਲਾ ਦਾ ਵਿਦਿਆਰਥੀ ਪਖਾਨੇ ਦੀ ਵਰਤੋਂ ਕਰਨ ਤੋਂ ਬਾਅਦ ਕਲਾਸ ’ਚ ਵਾਪਸ ਨਹੀਂ ਆਇਆ। ਕਾਫ਼ੀ ਸਮੇਂ ਤੱਕ ਬੱਚਾ ਜਦ ਕਲਾਸ ਵਿਚ ਨਾ ਪੁੱਜਾ ਤਾਂ ਸਕੂਲ ਪ੍ਰਬੰਧਕਾਂ ਨੇ ਸੀਸੀਟੀਵੀ ਫੁਟੇਜ ਦੀ ਜਾਂਚ ਕੀਤੀ ਤਾਂ ਉਸ ’ਚ ਨਜ਼ਰ ਆਇਆ ਕਿ ਬੱਚਾ ਸਵੇਰੇ 10:16 ਵਜੇ ਸਕੂਲ ਤੋਂ ਬਾਹਰ ਚਲੇ ਗਿਆ ਤੇ ਮੁੜ ਵਾਪਸ ਨਹੀਂ ਆਇਆ, ਜੋ ਪੁਲਿਸ ਨੂੰ ਸ਼ਾਮ ਨੂੰ ਸ਼ਹੀਦ ਬਾਬੂ ਲਾਭ ਸਿੰਘ ਨਗਰ ’ਚ ਰੋਂਦਾ ਹੋਇਆ ਮਿਲਿਆ। ਜਦੋਂ ਸਕੂਲ ਪ੍ਰਬੰਧਕਾਂ ਨੇ ਬੱਚੇ ਦੇ ਪਰਿਵਾਰ ਨਾਲ ਸੰਪਰਕ ਕੀਤਾ ਤਾਂ ਉਨ੍ਹਾਂ ਨੇ ਦੱਸਿਆ ਕਿ ਬੱਚਾ ਅਜੇ ਘਰ ਵਾਪਸ ਨਹੀਂ ਪੁੱਜਾ ਤਾਂ ਸਕੂਲ ਪ੍ਰਬੰਧਕਾਂ ਨੇ ਪੁਲਿਸ ਨੂੰ ਸੂਚਿਤ ਕੀਤਾ। ਪਰਿਵਾਰ ਨੇ ਸਕੂਲ ਦੇ ਸੁਰੱਖਿਆ ਪ੍ਰਬੰਧਾਂ 'ਤੇ ਸਵਾਲ ਉਠਾ ਕੇ ਇਸਨੂੰ ਗੰਭੀਰ ਲਾਪਰਵਾਹੀ ਕਰਾਰ ਦਿਤਾ ਹੈ। ਬੱਚੇ ਦੇ ਮਾਤਾ ਪਿਤਾ ਦਾ ਕਹਿਣਾ ਹੈ ਕਿ ਸਕੂਲ ਉਨ੍ਹਾਂ ਦੇ ਬੱਚੇ ਦੀ ਨਿਗਰਾਨੀ ਕਰਨ ਲਈ ਜ਼ਿੰਮੇਵਾਰ ਸੀ ਤੇ ਉਹ ਸਕੂਲ ਤੋਂ ਕਿਵੇਂ ਬਾਹਰ ਜਾ ਸਕਦਾ ਸੀ। ਸਕੂਲ ਦੇ ਮਾਲਕ ਤੇ ਪ੍ਰਿੰਸੀਪਲ, ਹਿਮਾਂਸ਼ੂ ਕਸ਼ਯਪ ਨੇ ਕਿਹਾ ਕਿ ਸਕੂਲ ਦੇ ਦੋ ਪਾਸੇ ਗੇਟ ਹਨ। ਬੱਚੇ ਦੇ ਦੋ ਵੱਡੇ ਭਰਾ, ਅਤੁਲ ਤੇ ਰਾਜਨ ਵੀ ਦੂਜੀ ਜਮਾਤ ’ਚ ਪੜ੍ਹਦੇ ਹਨ। ਵੱਡੇ ਬੱਚਿਆਂ ਲਈ ਪ੍ਰੀਖਿਆਵਾਂ ਚੱਲ ਰਹੀਆਂ ਹਨ ਤੇ ਮਾਪਿਆਂ ਦੇ ਵੱਖ-ਵੱਖ ਸਮੇਂ 'ਤੇ ਆਉਣ-ਜਾਣ ਕਾਰਨ ਗੇਟ ਖੁੱਲ੍ਹੇ ਰੱਖਣੇ ਪੈਂਦੇ ਹਨ। ਥਾਣਾ ਮੁਖੀ ਅਜਮੇਰ ਲਾਲ ਨੇ ਦੱਸਿਆ ਕਿ ਸਬ-ਇੰਸਪੈਕਟਰ ਲਖਬੀਰ ਸਿੰਘ ਅਤੇ ਕੁਲਵਿੰਦਰ ਸਿੰਘ ਨੇ ਸੀਸੀਟੀਵੀ ਫੁਟੇਜ ਦੀ ਜਾਂਚ ਕੀਤੀ ਤੇ ਬੱਚੇ ਦੀ ਭਾਲ ਕਰਕੇ ਸ਼ਾਮ ਨੂੰ ਸ਼ਹੀਦ ਬਾਬੂ ਲਾਭ ਸਿੰਘ ਨਗਰ ਤੋਂ ਸੁਰੱਖਿਅਤ ਪ੍ਰਾਪਤ ਹੋਏ ਨੂੰ ਵਾਰਸਾਂ ਹਵਾਲੇ ਕੀਤਾ।ਸਕੂਲ ਪ੍ਰਬੰਧਕਾਂ ਦੀ ਜ਼ਿੰਮੇਵਾਰੀ ਤੇ ਸੁਰੱਖਿਆ ਪ੍ਰਬੰਧਾਂ ਦੀ ਜਾਂਚ ਤੋਂ ਬਾਅਦ ਢੁਕਵੀਂ ਕਾਰਵਾਈ ਕੀਤੀ ਜਾਵੇਗੀ।