ਅਸਧਾਰਣ ਲੱਛਣ ਅਣਗੌਲੋ ਨਾ : ਡਾ. ਨਵਦੀਪ ਸਿੰਘ
ਐੱਚਐੱਮਵੀ ਵਿਖੇ ਰੈੱਡ ਕਰਾਸ ਸੁਸਾਇਟੀ ਵੱਲੋਂ ਕੈਂਸਰ ਜਾਗਰੂਕਤਾ ਅਭਿਆਨ ਅਧੀਨ ਸੈਮੀਨਾਰ ਕਰਵਾਇਆ
Publish Date: Tue, 17 Feb 2026 06:28 PM (IST)
Updated Date: Tue, 17 Feb 2026 06:30 PM (IST)

ਪੱਤਰ ਪ੍ਰੇਰਕ, ਪੰਜਾਬੀ ਜਾਗਰਣ, ਜਲੰਧਰ : ਐੱਚਐੱਮਵੀ ਵਿਖੇ ਰੈੱਡ ਕਰਾਸ ਸੁਸਾਇਟੀ ਵੱਲੋਂ ਫੋਟਿਸ ਹਸਪਤਾਲ ਦੇ ਸਹਿਯੋਗ ਨਾਲ ਕੈਂਸਰ ਜਾਗਰੂਕਤਾ ਅਭਿਆਨ ਅਧੀਨ ਇਕ ਸੈਮੀਨਾਰ ਕਰਵਾਇਆ। ਇਸ ’ਚ ਫੋਟਿਸ ਹਸਪਤਾਲ ਤੋਂ ਡਾ. ਨਵਦੀਪ ਸਿੰਘ ਮੌਜੂਦ ਰਹੇ। ਉਨ੍ਹਾਂ ਨੇ ਬ੍ਰੈਸਟ ਕੈਂਸਰ ਤੇ ਵਿਸਥਾਰਪੂਰਵਕ ਚਰਚਾ ਕੀਤੀ। ਇਸਦੇ ਲੱਛਣ, ਸਾਵਧਾਨੀਆਂ ਬਾਰੇ ਜਾਣਕਾਰੀ ਦਿੱਤੀ। ਡਾ. ਨਵਦੀਪ ਸਿੰਘ ਨੇ ਦੱਸਿਆ ਕਿ ਸਮੇਂ ’ਤੇ ਪਹਿਚਾਣ ਤੇ ਸਹੀ ਇਲਾਜ ਨਾਲ ਬ੍ਰੈਸਟ ਕੈਂਸਰ ਨੂੰ ਪੂਰੀ ਤਰ੍ਹਾਂ ਕੰਟਰੋਲ ਕੀਤਾ ਜਾ ਸਕਦਾ ਹੈ। ਉਨ੍ਹਾਂ ਨੇ ਖੁਦ ਬ੍ਰੈਸਟ ਕੈਂਸਰ ਦੀ ਪ੍ਰਕਿਰਿਆ ਵੀ ਸੌਖੇ ਸ਼ਬਦਾਂ ’ਚ ਸਮਝਾਈ ਤੇ ਔਰਤਾਂ ਨੂੰ ਨਿਯਮਿਤ ਤੌਰ ’ਤੇ ਜਾਂਚ ਕਰਨ ਲਈ ਪ੍ਰੇਰਿਤ ਵੀ ਕੀਤਾ। ਉਨ੍ਹਾਂ ਕਿਹਾ ਕਿ ਸਿਹਤਮੰਦ ਜੀਵਨ ਸ਼ੈਲੀ, ਸੰਤੁਲਿਤ ਖਾਣ-ਪੀਣ ਤੇ ਕਸਰਤ ਨਾਲ ਇਸ ਸਥਿਤੀ ਤੋਂ ਬਚਿਆ ਜਾ ਸਕਦਾ ਹੈ। ਉਨ੍ਹਾਂ ਕਿਹਾ ਕਿ ਕਿਸੇ ਵੀ ਤਰ੍ਹਾਂ ਦੇ ਅਸਧਾਰਣ ਲੱਛਣਾਂ ਨੂੰ ਨਜ਼ਰਅੰਦਾਜ਼ ਨਾ ਕਰਦਿਆਂ ਹੋਇਆਂ ਤੁਰੰਤ ਡਾਕਟਰੀ ਸਲਾਹ ਲੈਣੀ ਚਾਹੀਦੀ ਹੈ। ਪ੍ਰਿੰਸੀਪਲ ਡਾ. ਏਕਤਾ ਖੋਸਲਾ ਨੇ ਰੈੱਡ ਕਰਾਸ ਸੁਸਾਇਟੀ ਦੇ ਐਡਵਾਈਜਰ ਦੀਪਸ਼ਿਖਾ ਤੇ ਇੰਚਾਰਜ ਪਵਨ ਕੁਮਾਰੀ ਦੀ ਇਸ ਪ੍ਰਬੰਧ ਲਈ ਪ੍ਰਸ਼ੰਸਾ ਕੀਤੀ ਤੇ ਕਿਹਾ ਕਿ ਬ੍ਰੈਸਟ ਕੈਂਸਰ ਅੱਜ ਔਰਤਾਂ ’ਚ ਤੇਜੀ ਨਾਲ ਵਧਦੀ ਇਕ ਚੁਣੌਤੀ ਹੈ ਪਰ ਸਮੇਂ ਰਹਿੰਦੇ ਜਾਣਕਾਰੀ, ਨਿਯਮਿਤ ਜਾਂਚ ਤੇ ਸਹੀ ਇਲਾਜ ਨਾਲ ਇਸ ਨੂੰ ਹਰਾਇਆ ਜਾ ਸਕਦਾ ਹੈ। ਜਾਗਰੂਕਤਾ ਦੀ ਕਮੀ, ਸਮਾਜਿਕ ਡਰ ਕਾਰਣ ਔਰਤਾਂ ਸਮੇਂ ਰਹਿੰਦੇ ਡਾਕਟਰ ਕੋਲ ਨਹੀਂ ਪਹੁੰਚ ਪਾਉਂਦੀਆਂ। ਅਜਿਹੇ ਸਮੇਂ ’ਚ ਅੱਜ ਦਾ ਇਹ ਸੈਮੀਨਾਰ ਉਚਿਤ ਮਾਰਗਦਰਸ਼ਨ ਸਿੱਧ ਹੋਵੇਗਾ। ਉਨ੍ਹਾਂ ਕਿਹਾ ਕਿ ਭਵਿੱਖ ’ਚ ਵੀ ਅਜਿਹੇ ਜਾਗਰੂਕਤਾ ਸੈਮੀਨਾਰ ਕਰਵਾਏ ਜਾਣਗੇ। ਰੈੱਡ ਕਰਾਸ ਸੁਸਾਇਟੀ ਦੇ ਐਡਵਾਈਜ਼ਰ ਦੀਪਸ਼ਿਖਾ ਨੇ ਡਾ. ਨਵਦੀਪ ਸਿੰਘ ਦਾ ਧੰਨਵਾਦ ਕੀਤਾ ਤੇ ਕਿਹਾ ਕਿ ਡਾਕਟਰ ਵੱਲੋਂ ਦਿੱਤੀ ਗਈ ਬਹੁਮੁੱਲੀ ਜਾਣਕਾਰੀ ਵਿਦਿਆਰਥਣਾਂ ਲਈ ਲਾਭਦਾਇਕ ਸਿੱਧ ਹੋਵੇਗੀ। ਅੱਜ ਦੀ ਦੌੜਭੱਜ ਦੀ ਜ਼ਿੰਦਗੀ ’ਚ ਅਸੀਂ ਆਪਣੀ ਸਿਹਤ ਨੂੰ ਅਣਗੌਲਿਆ ਕਰ ਦਿੰਦੇ ਹਾਂ ਜਦੋਂ ਕਿ ਸਹੀ ਸਮੇਂ ਤੇ ਜਾਂਚ ਤੇ ਇਲਾਜ ਨਾਲ ਅਸੀਂ ਕਿਸੇ ਵੀ ਗੰਭੀਰ ਬਿਮਾਰੀ ਤੋਂ ਆਪਣਾ ਬਚਾਅ ਕਰ ਸਕਦੇ ਹਾਂ। ਇਸ ਮੌਕੇ ਰੈੱਡ ਕਰਾਸ ਸੁਸਾਇਟੀ ਤੋਂ ਡਾ. ਵੰਦਨਾ ਠਾਕੁਰ, ਮੈਡੀਕਲ ਆਫਿਸਰ ਡਾ. ਜਸਬੀਰ, ਡਾ. ਸਲੋਨੀ ਸ਼ਰਮਾ ਤੇ ਹੋਰ ਫੈਕਲਟੀ ਮੈਂਬਰ ਮੌਜੂਦ ਰਹੇ।