- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼
ਪ੍ਰਾਪਰਟੀ ਟੈਕਸ ਦੀ ਆਖਰੀ ਦਿਨ 3.50 ਕਰੋੜ ਦੀ ਹੋਈ ਰਿਕਾਰਡ ਤੋੜ ਵਸੂਲੀ

-ਕੁਲ ਮਿਲਾ ਕੇ ਹੁਣ ਤਕ 40 ਕਰੋੜ ਤੋਂ ਵੱਧ ਦੀ ਟੈਕਸ ਬਰਾਂਚ ਦੀ ਵਸੂਲੀ, ਚਾਲੂ ਸਤੰਬਰ ਮਹੀਨੇ ’ਚ 24.50 ਕਰੋੜ ਦੀ ਹੋਈ ਵਸੂਲੀ
ਪੰਜਾਬੀ ਜਾਗਬਣ ਪ੍ਰਤੀਨਿਧ, ਜਲੰਧਰ
ਨਗਰ ਨਿਗਮ ਦੀ ਪ੍ਰਾਪਰਟੀ ਟੈਕਸ ਬਰਾਂਚ ਵੱਲੋਂ ਬੁੱਧਵਾਰ 30 ਸਤੰਬਰ ਨੂੰ ਆਖਰੀ ਦਿਨ 10 ਫ਼ੀਸਦੀ ਰਿਆਇਤ ਨਾਲ 3.50 ਕਰੋੜ ਦੀ ਰਿਕਾਰਡ ਤੋੜ ਵਸੂਲੀ ਹੋਈ ਹੈ ਤੇ ਆਨਲਾਈਨ ਰਾਹੀਂ ਰਾਤ ਸਾਢੇ 11 ਵਜੇ ਤੱਕ ਟੈਕਸ ਜਮ੍ਹਾਂ ਹੋ ਸਕਦਾ ਹੈ। ਇਸ ਤਰ੍ਹਾਂ ਕੁੱਲ ਮਿਲਾ ਕੇ ਟੈਕਸ ਬਰਾਂਚ ਦੀ 40 ਕਰੋੜ ਦੀ ਵਸੂਲੀ ਹੋ ਚੁੱਕੀ ਹੈ। ਇਸ ਸਬੰਧ ’ਚ ਸਹਾਇਕ ਕਮਿਸ਼ਨਰ ਵਿਕਰਾਂਤ ਵਰਮਾ ਨੇ ਟੈਕਸ ਬਰਾਂਚ ਦੇ ਸੁਪਰਡੈਂਟਾਂ ਦੀ ਮੀਟਿੰਗ ਬੁਲਾਈ ਤੇ ਉਨ੍ਹਾਂ ਨੂੰ ਟੈਕਸ ਵਸੂਲੀ ਲਈ ਕੀਤੇ ਗਏ ਯਤਨਾਂ ਦੀ ਸ਼ਲਾਘਾ ਕੀਤੀ। ਉਕਤ ਵਸੂਲੀ ਟੈਕਸ ਜਮ੍ਹਾਂ ਕਰਵਾਉਣ ’ਚ 10 ਫੀਸਦੀ ਰਿਆਇਤ ਨੂੰ ਲੈ ਕੇ ਹੋਈ ਹੈ ਤੇ ਅਜੇ ਤੱਕ ਆਨਲਾਈਨ ਟੈਕਸ ਵਸੂਲੀ ਦਾ ਕੰਮ ਜਾਰੀ ਹੈ। ਸਹਾਇਕ ਕਮਿਸ਼ਨਰ ਵਿਕਰਾਂਤ ਵਰਮਾ ਨੇ ਦੱਸਿਆ ਕਿ ਉਕਤ ਵਸੂਲੀ ਕਮਿਸ਼ਨਰ ਸੁਰਿੰਦਰ ਸਿੰਘ ਤੇ ਸੰਯੁਕਤ ਕਮਿਸ਼ਨਰ ਡਾ. ਸੁਮਨਦੀਪ ਕੋਰ ਦੇ ਦਿਸ਼ਾ ਨਿਰਦੇਸ਼ਾਂ ’ਤੇ ਮਹੀਪ ਸਰੀਨ, ਰਾਜੀਵ ਰਿਸ਼ੀ ਤੇ ਭੁਪਿੰਦਰ ਸਿੰਘ ਬੜਿੰਗ ਦੇ ਯਤਨਾਂ ਸਦਕਾ ਰਿਕਾਰਡ ਤੋੜ ਟੈਕਸ ਵਸੂਲੀ ਹੋਈ ਹੈ। ਉਨ੍ਹਾਂ ਕਿਹਾ ਕਿ ਭਾਵੇਂ ਹੁਣ ਤਕ 40 ਕਰੋੜ ਦੀ ਵਸੂਲੀ ਹੋਈ ਹੈ ਪਰ ਅਜੇ ਰਾਜ ਸਾਢੇ 11 ਵਜੇ ਤੱਕ ਆਨਲਾਈਨ ਟੈਕਸ ਜਮ੍ਹਾਂ ਹੋਣਾ ਹੈ, ਜਿਸ ਕਾਰਨ ਇਹ ਵਸੂਲੀ ਵੱਧ ਸਕਦੀ ਹੈ।
------------------
ਡਿਫਾਲਟਰਾਂ ਵਿਰੁੱਧ ਕਾਰਵਾਈ ਸ਼ੁਰੂ
ਦੂਜੇ ਪਾਸੇ ਪ੍ਰਾਪਰਟੀ ਟੈਕਸ 10 ਫੀਸਦੀ ਰਿਆਇਤ ਸਮੇਤ ਦੀ 30 ਸਤੰਬਰ ਤੱਕ ਦੀ ਮਿਆਦ ਖਤਮ ਹੋ ਗਈ ਹੈ ਤੇ ਟੈਕਸ ਬਰਾਂਚ ਵੱਲੋਂ ਡਿਫਾਲਟਰਾਂ ਲਿਸਟ ਤਿਆਰ ਕਰ ਲਈ ਹੈ ਤੇ ਉਨ੍ਹਾਂ ਵਿਰੁੱਧ ਕਾਰਵਾਈ ਦਾ ਸ਼ਿਕੰਜਾ ਕੱਸਣ ਦੀ ਤਿਆਰੀ ਕਰ ਲਈ ਹੈ। ਅੱਜ ਪਹਿਲੀ ਅਕਤੂਬਰ ਤੋਂ ਨੋਟਿਸ ਡਿਫਾਲਟਰਾਂ ਵਿਰੁੱਧ ਟੈਕਸ ਜਮ੍ਹਾਂ ਨਾ ਕਰਵਾਉਣ ’ਤੇ ਨੋਟਿਸ ਜਾਰੀ ਕਰਨੇ ਸ਼ੁਰੂ ਕਰ ਦਿੱਤੇ ਜਾਣਗੇ ਤੇ ਜੇ ਉਹ ਫਿਰ ਵੀ ਟੈਕਸ ਜਮ੍ਹਾਂ ਨਹੀਂ ਕਰਵਾਉਣਗੇ ਤਾਂ ਉਨ੍ਹਾਂ ਦੀਆਂ ਇਮਾਰਤਾਂ ਦੀ ਸੀਲਿੰਗ ਦਾ ਕੰਮ ਸ਼ਰੂ ਹੋ ਜਾਵੇਗਾ।