- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼
ਅਪਰੂਵਲ ਲਈ 12 ਦਿਨਾਂ ਤੋਂ ਲਟਕੀਆਂ ਆਰਸੀ, ਲੋਕਾਂ ਦੇ ਨਿਸ਼ਾਨੇ ’ਤੇ ਕਲਰਕ

-ਆਰਸੀ ਵੈਰੀਫਿਕੇਸ਼ਨ ਤੇ ਮੋਬਾਈਲ ਨੰਬਰ ਅਪਡੇਟ ਦੀਆਂ ਫਾਈਲਾਂ ਆਰਟੀਓ ਦੀ ਆਈਡੀ ’ਚ ਪੈਂਡਿੰਗ
-ਆਪਣੇ ਕੰਮ ਲਈ ਦਫ਼ਤਰ ਆਉਂਦੇ ਲੋਕ ਕਲਰਕਾਂ ਨਾਲ ਕਰ ਰਹੇ ਬਹਿਸਬਾਜ਼ੀ
ਲਖਬੀਰ, ਪੰਜਾਬੀ ਜਾਗਰਣ, ਜਲੰਧਰ
ਜਲੰਧਰ ਦੇ ਆਰਟੀਓ ਦਫ਼ਤਰ ਵਿੱਚ ਆਰਸੀ ਵੈਰੀਫਿਕੇਸ਼ਨ ਅਤੇ ਮੋਬਾਈਲ ਨੰਬਰ ਅਪਡੇਟ ਕਰਵਾਉਣ ਦੀ ਪ੍ਰਕਿਰਿਆ ਪਿਛਲੇ 12 ਦਿਨਾਂ ਤੋਂ ਪ੍ਰਭਾਵਿਤ ਹੋਣ ਕਾਰਨ ਆਮ ਲੋਕਾਂ ਦੀ ਖੱਜਲ-ਖੁਆਰੀ ਵਧ ਗਈ ਹੈ। ਹਾਲਾਤ ਇਹ ਹਨ ਕਿ ਆਪਣਾ ਕੰਮ ਕਰਵਾਉਣ ਲਈ ਦਫ਼ਤਰ ਪਹੁੰਚ ਰਹੇ ਲੋਕਾਂ ਦੀ ਨਾਰਾਜ਼ਗੀ ਦਾ ਸਾਹਮਣਾ ਕਲਰਕਾਂ ਨੂੰ ਕਰਨਾ ਪੈ ਰਿਹਾ ਹੈ। ਲੋਕ ਆਪਣੇ ਕੰਮ ਵਿੱਚ ਦੇਰੀ ਦਾ ਕਾਰਨ ਪੁੱਛਦੇ ਹੋਏ ਕਲਰਕਾਂ ਨਾਲ ਬਹਿਸ ਕਰਨ ਲੱਗ ਪੈਂਦੇ ਹਨ, ਜਦਕਿ ਕਲਰਕਾਂ ਦਾ ਕਹਿਣਾ ਹੈ ਕਿ ਉਨ੍ਹਾਂ ਵੱਲੋਂ ਆਪਣੇ ਪੱਧਰ ’ਤੇ ਵੈਰੀਫਿਕੇਸ਼ਨ ਦਾ ਕੰਮ ਪੂਰਾ ਕੀਤਾ ਜਾ ਚੁੱਕਾ ਹੈ। ਜਾਣਕਾਰੀ ਅਨੁਸਾਰ ਕਲਰਕਾਂ ਵੱਲੋਂ ਆਰਸੀ ਵੈਰੀਫਿਕੇਸ਼ਨ ਅਤੇ ਮੋਬਾਈਲ ਨੰਬਰ ਅਪਡੇਟ ਦੀਆਂ ਫਾਈਲਾਂ ਦੀ ਜਾਂਚ ਮੁਕੰਮਲ ਕਰਨ ਤੋਂ ਬਾਅਦ ਇਹ ਫਾਈਲਾਂ ਆਰਟੀਓ ਦੀ ਆਈਡੀ ਵਿੱਚ ਅਗਲੀ ਮਨਜ਼ੂਰੀ ਲਈ ਭੇਜ ਦਿੱਤੀਆਂ ਜਾਂਦੀਆਂ ਹਨ ਪਰ ਦੋਸ਼ ਹੈ ਕਿ ਪਿਛਲੇ 12 ਦਿਨਾਂ ਤੋਂ ਇਨ੍ਹਾਂ ਫਾਈਲਾਂ ਨੂੰ ਮਨਜ਼ੂਰੀ ਨਹੀਂ ਮਿਲ ਰਹੀ। ਲੋਕਾਂ ਦਾ ਕਹਿਣਾ ਹੈ ਕਿ ਮੋਬਾਈਲ ਨੰਬਰ ਅਪਡੇਟ ਕਰਵਾਉਣ ਜਾਂ ਆਰਸੀ ਨਾਲ ਸਬੰਧਤ ਛੋਟੇ ਜਿਹੇ ਕੰਮ ਲਈ ਵੀ ਉਨ੍ਹਾਂ ਨੂੰ ਵਾਰ-ਵਾਰ ਆਰਟੀਓ ਦਫ਼ਤਰ ਦੇ ਗੇੜੇ ਮਾਰਨੇ ਪੈ ਰਹੇ ਹਨ। ਦੂਜੇ ਪਾਸੇ, ਇਸ ਦੇਰੀ ਕਾਰਨ ਕਲਰਕਾਂ ਦੀ ਵੀ ਮੁਸ਼ਕਲ ਵਧ ਰਹੀ ਹੈ। ਲੋਕ ਉਨ੍ਹਾਂ ਕੋਲੋਂ ਜਵਾਬ ਮੰਗਦੇ ਹਨ ਕਿ ਜਦੋਂ ਫਾਈਲਾਂ ਦੀ ਜਾਂਚ ਪੂਰੀ ਹੋ ਚੁੱਕੀ ਹੈ ਤਾਂ 12 ਦਿਨਾਂ ਤੋਂ ਅਪਰੂਵਲ ਕਿਉਂ ਨਹੀਂ ਹੋ ਰਹੀ। ਅਜਿਹੇ ਵਿੱਚ ਸਵਾਲ ਇਹ ਹੈ ਕਿ ਜਦੋਂ ਕਲਰਕ ਆਪਣੀ ਜ਼ਿੰਮੇਵਾਰੀ ਨਿਭਾਉਂਦਿਆਂ ਫਾਈਲਾਂ ਅਗਲੀ ਪ੍ਰਕਿਰਿਆ ਲਈ ਭੇਜ ਚੁੱਕੇ ਹਨ ਤਾਂ ਆਰਟੀਓ ਦੀ ਆਈਡੀ ਵਿੱਚ ਲਟਕੀਆਂ ਅਪਰੂਵਲਾਂ ਕਦੋਂ ਜਾਰੀ ਹੋਣਗੀਆਂ। ਲੋਕਾਂ ਨੇ ਮੰਗ ਕੀਤੀ ਹੈ ਕਿ ਆਰਟੀਓ ਦਫ਼ਤਰ ਵਿੱਚ ਲਟਕੀਆਂ ਫਾਈਲਾਂ ਦਾ ਤੁਰੰਤ ਨਿਪਟਾਰਾ ਕੀਤਾ ਜਾਵੇ।
----------------------------
ਕਤਾਰਾਂ ’ਚ ਖੜ੍ਹ ਕੇ ਕਰਵਾਉਣੀ ਪੈ ਰਹੀ ਅਪਰੂਵਲ
ਸਰਕਾਰੀ ਕੰਮਕਾਜ ਨੂੰ ਆਨਲਾਈਨ ਕਰਨ ਅਤੇ ਲੋਕਾਂ ਨੂੰ ਦਫ਼ਤਰਾਂ ਦੇ ਗੇੜਿਆਂ ਤੋਂ ਨਿਜਾਤ ਦਿਵਾਉਣ ਦੇ ਦਾਅਵੇ ਕੀਤੇ ਜਾ ਰਹੇ ਹਨ ਪਰ ਜਲੰਧਰ ਦੇ ਆਰਟੀਓ ਦਫ਼ਤਰ ਵਿੱਚ ਆਨਲਾਈਨ ਪ੍ਰਣਾਲੀ ਹੋਣ ਦੇ ਬਾਵਜੂਦ ਲੋਕਾਂ ਨੂੰ ਰਾਹਤ ਨਹੀਂ ਮਿਲ ਰਹੀ। ਆਰਸੀ ਵੈਰੀਫਿਕੇਸ਼ਨ ਦੀ ਪ੍ਰਕਿਰਿਆ ਪੂਰੀ ਹੋਣ ਤੋਂ ਬਾਅਦ ਵੀ ਬਿਨੈਕਾਰਾਂ ਨੂੰ ਅਪਰੂਵਲ ਲਈ ਮੁੜ ਦਫ਼ਤਰ ਪਹੁੰਚਣਾ ਪੈ ਰਿਹਾ ਹੈ। ਜਾਣਕਾਰੀ ਅਨੁਸਾਰ ਨਿਯਮਤ ਪ੍ਰਕਿਰਿਆ ਤਹਿਤ ਕਲਰਕ ਆਪਣੀ ਆਈਡੀ ਰਾਹੀਂ ਆਰਸੀ ਦੀ ਵੈਰੀਫਿਕੇਸ਼ਨ ਕਰਦਾ ਹੈ। ਇਸ ਤੋਂ ਬਾਅਦ ਫਾਈਲ ਆਪਣੇ ਆਪ ਆਰਟੀਓ ਦੀ ਆਈਡੀ ਵਿੱਚ ਅਪਰੂਵਲ ਲਈ ਪਹੁੰਚ ਜਾਂਦੀ ਹੈ। ਅਜਿਹੇ ਵਿੱਚ ਜਦੋਂ ਕਲਰਕ ਵੱਲੋਂ ਆਪਣੀ ਪੱਧਰ ’ਤੇ ਸਾਰੀ ਜਾਂਚ ਮੁਕੰਮਲ ਕਰ ਦਿੱਤੀ ਜਾਂਦੀ ਹੈ ਤਾਂ ਅਗਲੀ ਕਾਰਵਾਈ ਵੀ ਆਨਲਾਈਨ ਹੀ ਪੂਰੀ ਕੀਤੀ ਜਾ ਸਕਦੀ ਹੈ। ਫਿਰ ਵੀ ਬਿਨੈਕਾਰ ਨੂੰ ਖੁਦ ਦਫ਼ਤਰ ਬੁਲਾਉਣ ਦੀ ਲੋੜ ਕਿਉਂ ਪੈ ਰਹੀ ਹੈ। ਸਭ ਤੋਂ ਵੱਡੀ ਗੱਲ ਇਹ ਹੈ ਕਿ ਜੇਕਰ ਫਾਈਲ ਆਰਟੀਓ ਦੀ ਆਈਡੀ ਵਿੱਚ ਪਹੁੰਚ ਚੁੱਕੀ ਹੈ ਤਾਂ ਉਸ ਦੀ ਅਪਰੂਵਲ ਵੀ ਸਬੰਧਤ ਅਧਿਕਾਰੀ ਵੱਲੋਂ ਆਨਲਾਈਨ ਦਿੱਤੀ ਜਾ ਸਕਦੀ ਹੈ। ਇਸ ਦੇ ਬਾਵਜੂਦ ਬਿਨੈਕਾਰਾਂ ਨੂੰ ਮੁੜ ਲਾਈਨਾਂ ਵਿੱਚ ਲੱਗ ਕੇ ਅਪਰੂਵਲ ਕਰਵਾਉਣ ਲਈ ਆਉਣਾ ਪੈਂਦਾ ਹੈ।।