ਰਵਨੀਤ ਬਿੱਟੂ ਦੀ ਪੰਜਾਬੀਆਂ ਨੂੰ ਅਪੀਲ, ਤੁਸੀਂ ਸਾਰਿਆਂ ਨੂੰ ਮੌਕਾ ਦਿੱਤਾ, ਹੁਣ ਬੀਜੇਪੀ ਦੀ ਵਾਰੀ ਰਵਨੀਤ ਬਿੱਟੂ ਦੀ ਪੰਜਾਬੀਆਂ ਨੂੰ ਅਪੀਲ, ਤੁਸੀਂ ਸਾਰਿਆਂ ਨੂੰ ਮੌਕਾ ਦਿੱਤਾ, ਹੁਣ ਬੀਜੇਪੀ ਦੀ ਵਾਰੀ
Publish Date: Fri, 17 Jul 2026 09:25 PM (IST)
Updated Date: Sat, 18 Jul 2026 04:05 AM (IST)
* ਕਿਹਾ, ਨਰਿੰਦਰ ਮੋਦੀ ਨੇ ਪੰਜਾਬ ਲਈ ਦਿਲ ਖੋਲ੍ਹ ਦਿੱਤਾ ਹੈ * ਡਬਲ ਇੰਜਣ ਸਰਕਾਰ ਕਾਰਨ ਯੂਪੀ-ਬਿਹਾਰ ਨਿਕਲੇ ਪੰਜਾਬ ਤੋਂ ਅੱਗੇ ਮਨਜੀਤ ਸ਼ੇਮਾਰੂ, ਪੰਜਾਬੀ ਜਾਗਰਣ, ਜਲੰਧਰ : ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਸ਼ੁੱਕਰਵਾਰ ਨੂੰ ਪੰਜਾਬ ਫੇਰੀ ਦੌਰਾਨ ਵਿਸ਼ਵ ਪੱਧਰੀ ਸਹੂਲਤਾਂ ਨਾਲ ਲੈਸ ਜਲੰਧਰ ਕੈਂਟ ਵਿਖੇ ਮਾਡਰਨ ਰੇਲਵੇ ਸਟੇਸ਼ਨ ਲੋਕ ਅਰਪਿਤ ਕੀਤਾ। ਇਸ ਮੌਕੇ ਸਟੇਜ ’ਤੇ ਸੰਸਦ ਮੈਂਬਰ ਹਰਭਜਨ ਸਿੰਘ, ਪੰਜਾਬ ਪ੍ਰਧਾਨ ਕੇਵਲ ਸਿੰਘ ਢਿੱਲੋਂ, ਤਰੁਣ ਚੁੱਘ, ਅਸ਼ਵਨੀ ਸ਼ਰਮਾ, ਸਾਬਕਾ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੀ ਪਤਨੀ ਪਰਨੀਤ ਕੌਰ, ਲਵਲੀ ਪ੍ਰੋਫੈਸ਼ਨਲ ਯੂਨੀਵਰਸਿਟੀ ਦੇ ਚਾਂਸਲਰ ਤੇ ਰਾਜ ਸਭਾ ਸਾਂਸਦ ਅਸ਼ੋਕ ਮਿੱਤਲ, ਸਾਬਕਾ ਪ੍ਰਧਾਨ ਸੁਨੀਲ ਜਾਖੜ, ਵਿਜੇ ਸਾਂਪਲਾ ਤੇ ਸਾਬਕਾ ਕੈਬਨਿਟ ਮੰਤਰੀ ਮਨੋਰੰਜਨ ਕਾਲੀਆ ਪਹੁੰਚੇ ਹਨ। ਇਸ ਦੌਰਾਨ ਕੇਂਦਰੀ ਮੰਤਰੀ ਰਵਨੀਤ ਸਿੰਘ ਬਿੱਟੂ ਵੱਲੋਂ ਸੰਬੋਧਨ ਕੀਤਾ ਗਿਆ, ਜਿਸ ’ਚ ਉਹ ਪੰਜਾਬ ਵਾਸੀਆਂ ਤੇ ਸਿੱਖ ਸੰਗਤ ਲਈ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਵੱਲੋਂ ਕੀਤੇ ਗਏ ਕੰਮਾਂ ਤੇ ਉਨ੍ਹਾਂ ਦੇ ਪੰਜਾਬ ਪ੍ਰਤੀ ਲਗਾਅ ਦੀ ਸ਼ਲਾਘਾ ਕੀਤੀ ਗਈ। ਇਸ ਮੌਕੇ ਰਵਨੀਤ ਬਿੱਟੂ ਨੇ ਕਿਹਾ ਕਿ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਪੰਜਾਬ ਲਈ ਦਿਲ ਖੋਲ੍ਹ ਦਿੱਤਾ ਹੈ। ਲਗਭਗ ਦੋ ਮਹੀਨੇ ਪਹਿਲਾਂ ਆਦਮਪੁਰ ਹਵਾਈ ਅੱਡੇ ਦਾ ਨਾਂ ਬਦਲ ਕੇ ਸਤਿਗੁਰੂ ਰਵਿਦਾਸ ਜੀ ਦੇ ਨਾਂ ਤੇ ਰੱਖਿਆ ਗਿਆ, ਜੋ ਕਿ ਸੰਗਤ ਦੀ ਇੱਕ ਲੰਬੇ ਸਮੇਂ ਤੋਂ ਵੱਡੀ ਮੰਗ ਸੀ। ਲੁਧਿਆਣਾ ਦੇ ਹਲਵਾਰਾ ਵਿਖੇ ਬਣੇ ਨਵੇਂ ਇੰਟਰਨੈਸ਼ਨਲ ਏਅਰਪੋਰਟ ਟਰਮੀਨਲ ਦਾ ਉਦਘਾਟਨ ਕਰ ਕੇ ਇਸ ਨੂੰ ਜਨਤਾ ਨੂੰ ਸਮਰਪਿਤ ਕੀਤਾ ਗਿਆ, ਜਿਸ ਨਾਲ ਇਲਾਕੇ ਦੇ ਵਿਕਾਸ ਨੂੰ ਹੁਲਾਰਾ ਮਿਲੇਗਾ। ਅੰਮ੍ਰਿਤ ਭਾਰਤ ਸਟੇਸ਼ਨ ਯੋਜਨਾ ਜਾਂ ਹੋਰ ਵਿਕਾਸ ਕਾਰਜਾਂ ਤਹਿਤ ਪੰਜਾਬ ਦੇ ਚਾਰ ਅਹਿਮ ਰੇਲਵੇ ਸਟੇਸ਼ਨਾਂ ਦੇ ਪੁਨਰ-ਨਿਰਮਾਣ ਦਾ ਉਦਘਾਟਨ ਕੀਤਾ ਗਿਆ ਹੈ। ਬਿੱਟੂ ਨੇ ਕਿਹਾ ਕਿ ਪੰਜਾਬੀਆਂ ਲਈ ਇਹ ਬੜੇ ਮਾਣ ਦੀ ਗੱਲ ਹੈ ਕਿ ਪ੍ਰਧਾਨ ਮੰਤਰੀ ਦੇ ਮਨ ’ਚ ਗੁਰੂ ਸਾਹਿਬਾਨਾਂ ਲਈ ਬਹੁਤ ਜ਼ਿਆਦਾ ਸ਼ਰਧਾ ਤੇ ਸਤਿਕਾਰ ਹੈ। ਪੰਜਾਬ ਵਾਸੀਆਂ ਲਈ ਇਹ ਮਾਣ ਦੀ ਗੱਲ ਹੈ ਕਿ ਪ੍ਰਧਾਨ ਮੰਤਰੀ ਦੇ ਦਿਲ ’ਚ ਗੁਰੂ ਵੱਸਦੇ ਹਨ। ਉਹ ਸੰਸਦ ਮੈਂਬਰ ਵੀ ਉੱਥੋਂ ਦੇ ਹਨ, ਜਿੱਥੇ ਗੁਰੂ ਜੀ ਦਾ ਜਨਮ ਹੋਇਆ ਸੀ। ਇਸ ਦੌਰਾਨ ਰਵਨੀਤ ਬਿੱਟੂ ਨੇ ਕਿਹਾ ਕਿ ਅੱਜ ਤੁਸੀਂ ਸਾਰੇ ਪ੍ਰਧਾਨ ਮੰਤਰੀ ਦੀ ਗੱਲ ਜ਼ਰੂਰ ਮੰਨੋ। ਅੱਜ ਯੂਪੀ-ਬਿਹਾਰ ਸਾਡੇ ਤੋਂ ਅੱਗੇ ਨਿਕਲ ਗਏ ਹਨ। ਇਹ ਡਬਲ ਇੰਜਣ ਦੇ ਕਾਰਨ ਹੈ। ਤੁਸੀਂ ਸਾਰਿਆਂ ਨੂੰ ਮੌਕਾ ਦਿੱਤਾ ਹੈ। ਹੁਣ ਭਾਜਪਾ ਨੂੰ ਮੌਕਾ ਦੇਣ ਦੀ ਵਾਰੀ ਹੈ। ਜੇਕਰ ਟ੍ਰੇਨ ਵੀ ਲੰਬੀ ਦੂਰੀ ਲਈ ਚਲਾਉਣੀ ਹੋਵੇ ਤਾਂ ਇੰਜਣ ਡਬਲ ਕਰਨਾ ਪੈਂਦਾ ਹੈ। ਇੱਥੇ ਵੀ ਹੁਣ ਡਬਲ ਇੰਜਣ ਹੀ ਚਾਹੀਦਾ ਹੈ।