ਸਿੱਖਿਆ ਮੰਤਰੀ ਦੇ ਘਿਰਾਓ ਦੀ ਚਿਤਾਵਨੀ
ਅਧਿਆਪਕਾ ਦੀ ਬਦਲੀ ਦੇ ਵਿਰੋਧ ’ਚ ਸ਼ੇਖੂਪੁਰ ਸਕੂਲ ਪਹੁੰਚੇ ਰਵਿਸ਼ ਰਾਜ, ਸਿੱਖਿਆ ਮੰਤਰੀ ਦੇ ਘਿਰਾਓ ਦੀ ਚਿਤਾਵਨੀ
Publish Date: Wed, 19 Aug 2026 09:38 PM (IST)
Updated Date: Wed, 19 Aug 2026 09:39 PM (IST)
-ਵਿਧਾਇਕ ਰਾਣਾ ਗੁਰਜੀਤ ਸਿੰਘ ਦੇ ਧਿਆਨ ’ਚ ਲਿਆਂਦਾ ਮਾਮਲਾ -ਦਖ਼ਲ ਦੇ ਕੇ ਸਮੱਸਿਆ ਹੱਲ ਕਰਵਾਉਣ ਦੀ ਕੀਤੀ ਅਪੀਲ ਪੱਤਰ ਪ੍ਰੇਰਕ, ਪੰਜਾਬੀ ਜਾਗਰਣ, ਜਲੰਧਰ : ਕਾਂਗਰਸੀ ਆਗੂ ਤੇ ਪੰਜਾਬ ਬ੍ਰਾਹਮਣ ਬੋਰਡ ਦੇ ਸਾਬਕਾ ਡਾਇਰੈਕਟਰ ਰਵਿਸ਼ ਰਾਜ ਸ਼ਰਮਾ ਨੇ ਪੰਜਾਬ ਸਰਕਾਰ ਦੀ ਸਿੱਖਿਆ ਕ੍ਰਾਂਤੀ ਦੇ ਦਾਅਵਿਆਂ ’ਤੇ ਸਵਾਲ ਖੜ੍ਹੇ ਕਰਦਿਆਂ ਸ਼ੇਖੂਪੁਰ ਸਰਕਾਰੀ ਸਕੂਲ ਦਾ ਦੌਰਾ ਕੀਤਾ। ਸਕੂਲ ਦੇ ਹਿੱਤ ’ਚ ਆਵਾਜ਼ ਉਠਾਉਣ ਵਾਲੀ ਅਧਿਆਪਕਾ ਦੀ ਬਦਲੀ ਕੀਤੇ ਜਾਣ ਦੀ ਉਨ੍ਹਾਂ ਨੇ ਨਿੰਦਾ ਕੀਤੀ। ਉਨ੍ਹਾਂ ਤੁਰੰਤ ਅਧਿਆਪਕਾ ਦੀ ਬਦਲੀ ਰੋਕਣ ਦੀ ਮੰਗ ਕਰਦਿਆਂ ਚਿਤਾਵਨੀ ਦਿੱਤੀ ਕਿ ਜੇਕਰ ਬਦਲੀ ਰੱਦ ਨਾ ਕੀਤੀ ਗਈ ਤਾਂ ਉਹ ਸਿੱਖਿਆ ਮੰਤਰੀ ਹਰਜੋਤ ਸਿੰਘ ਬੈਂਸ ਦੇ ਘਰ ਦਾ ਘਿਰਾਓ ਕਰਨਗੇ। ਜ਼ਿਲ੍ਹਾ ਕਪੂਰਥਲਾ ’ਚ ਪੈਂਦੇ ਇਸ ਸ਼ੇਖੂਪੁਰ ਸਕੂਲ ਦਾ ਮਾਮਲਾ ਉਨ੍ਹਾਂ ਹਲਕਾ ਵਿਧਾਇਕ ਤੇ ਸੀਨੀਅਰ ਕਾਂਗਰਸੀ ਆਗੂ ਰਾਣਾ ਗੁਰਜੀਤ ਸਿੰਘ ਦੇ ਧਿਆਨ ’ਚ ਲਿਆਂਦਾ ਤੇ ਸਮੱਸਿਆ ਦਾ ਹੱਲ ਕਰਵਾਉਣ ਲਈ ਦਖ਼ਲਅੰਦਾਜ਼ੀ ਤੇ ਸਹਿਯੋਗ ਦੀ ਅਪੀਲ ਕੀਤੀ। ਰਾਣਾ ਗੁਰਜੀਤ ਸਿੰਘ ਨੇ ਵੀ ਉਨ੍ਹਾਂ ਨੂੰ ਭਰੋਸਾ ਦਿਵਾਇਆ ਕਿ ਉਹ ਇਸ ਮਾਮਲੇ ’ਚ ਜਲਦ ਹੱਲ ਕੱਢਣ ਲਈ ਯਤਨ ਕਰਨਗੇ। ਉਨ੍ਹਾਂ ਸਿੱਖਿਆ ਮੰਤਰੀ ਹਰਜੋਤ ਸਿੰਘ ਬੈਂਸ ਤੋਂ ਮੰਗ ਕੀਤੀ ਕਿ ਅਧਿਆਪਕਾ ਦੀ ਬਦਲੀ ਦੇ ਹੁਕਮ ਤੁਰੰਤ ਰੱਦ ਕੀਤੇ ਜਾਣ ਤੇ ਸਕੂਲ ਦੀਆਂ ਸਮੱਸਿਆਵਾਂ ਦਾ ਪਹਿਲ ਦੇ ਆਧਾਰ ’ਤੇ ਹੱਲ ਕੀਤਾ ਜਾਵੇ।