- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼
ਪ੍ਰਧਾਨ ਦੇ ਅਹੁਦੇ ਲਈ ਰਤਨ ਦੂਆ, ਰਜਿੰਦਰ ਕੁਮਾਰ ਤੇ ਸਕੱਤਰ ਲਈ ਰਾਕੇਸ਼ ਧੀਰ ਨੇ ਨਾਮਜ਼ਦਗੀ ਪੱਤਰ ਕੀਤੇ ਦਾਖ਼ਲ

ਚੰਦੀਪ ਭੱਲਾ, ਪੰਜਾਬੀ ਜਾਗਰਣ, ਜਲੰਧਰ : ਜ਼ਿਲ੍ਹਾ ਬਾਰ ਐਸੋਸੀਏਸ਼ਨ ਦੀਆਂ 11 ਸਤੰਬਰ ਨੂੰ ਹੋਣ ਜਾ ਰਹੀਆਂ ਚੋਣਾਂ ਨੂੰ ਲੈ ਕੇ ਨਾਮਜ਼ਦਗੀ ਪੱਤਰ ਦਾਖ਼ਲ ਕਰਨ ਦਾ ਕੰਮ ਬੀਤੇ ਦਿਨ ਤੋਂ ਸ਼ੁਰੂ ਹੋ ਗਿਆ ਸੀ ਤੇ ਨਾਮਜ਼ਦਗੀ ਪੱਤਰ ਦਾਖ਼ਲ ਕੀਤੇ ਜਾਣ ਦੇ ਪਹਿਲੇ ਦਿਨ 20 ਉਮੀਦਵਾਰਾਂ ਨੇ ਆਪਣੇ ਨਾਮਜ਼ਦਗੀ ਪੱਤਰ ਦਾਖ਼ਲ ਕੀਤੇ ਸੀ ਤੇ ਅੱਜ ਦੂਜੇ ਦਿਨ 8 ਉਮੀਦਵਾਰਾਂ ਵੱਲੋਂ ਆਪਣੇ ਨਾਮਜ਼ਦਗੀ ਪੱਤਰ ਦਾਖ਼ਲ ਕੀਤੇ ਗਏ।
ਇਨ੍ਹਾਂ ਉਮੀਦਵਾਰਾਂ ਵੱਲੋਂ ਚੋਣ ਅਧਿਕਾਰੀਆਂ ਐਡਵੋਕੇਟ ਬਲਵਿੰਦਰ ਸਿੰਘ ਲੱਕੀ, ਐਡਵੋਕੇਟ ਸੰਜੀਵ ਬਾਂਸਲ, ਐਡਵੋਕੇਟ ਤੇਜਿੰਦਰ ਸਿੰਘ ਧਾਲੀਵਾਲ, ਐਡਵੋਕੇਟ ਰਾਜੀਵ ਕੋਹਲੀ, ਐਡਵੋਕੇਟ ਮਧੂ ਰਚਨਾ, ਐਡਵੋਕੇਟ ਓਪੀ ਕੰਗਨੀਵਾਲ, ਐਡਵੋਕੇਟ ਗੁਰਬਚਨ ਲਾਲ ਗਗਨੇਜਾ, ਐਡਵੋਕੇਟ ਸਤਨਾਮ ਸਿੰਘ ਹੁੰਦਲ ਅੱਗੇ ਆਪਣੇ ਨਾਮਜ਼ਦਗੀ ਪੱਤਰ ਦਾਖਲ ਕੀਤੇ। ਅੱਜ ਪ੍ਰਧਾਨ ਦੇ ਅਹੁਦੇ ਲਈ ਐਡਵੋਕੇਟ ਰਤਨ ਦੂਆ ਤੇ ਰਜਿੰਦਰ ਕੁਮਾਰ ਤੇ ਸਕੱਤਰ ਦੇ ਅਹੁਦੇ ਲਈ ਐਡਵੋਕੇਟ ਰਾਕੇਸ਼ ਧੀਰ ਨੇ ਆਪਣੇ ਨਾਮਜ਼ਦਗੀ ਪੱਤਰ ਦਾਖ਼ਲ ਕੀਤੇ। ਅੱਜ ਪਹਿਲਾਂ ਐਡਵੋਕੇਟ ਰਤਨ ਦੂਆ ਨੇ ਆਪਣੇ ਸਮਰਥਕ ਵਕੀਲਾਂ ਐਡਵੋਕੇਟ ਰਾਜ ਕੁਮਾਰ ਭੱਲਾ, ਗੁਰਮੇਲ ਸਿੰਘ ਲਿੱਧੜ, ਸੀਨੀਅਰ ਵਕੀਲ ਮਨਦੀਪ ਸਿੰਘ ਸਚਦੇਵਾ, ਰਵੀਸ਼ ਮਲਹੋਤਰਾ ਤੇ ਹੋਰ ਸਾਥੀ ਵਕੀਲਾਂ ਨਾਲ ਜਾ ਕੇ ਨਾਮਜ਼ਦਗੀ ਪੱਤਰ ਦਾਖ਼ਲ ਕੀਤਾ।
ਇਸ ਤੋਂ ਬਾਅਦ ਐਡਵੋਕੇਟ ਰਾਕੇਸ਼ ਧੀਰ ਨੇ ਸਕੱਤਰ ਦੇ ਅਹੁਦੇ ਲਈ ਆਪਣੇ ਸਮਰਥਕ ਵਕੀਲਾਂ ਸਾਬਕਾ ਪ੍ਰਧਾਨ ਕਰਮਪਾਲ ਸਿੰਘ ਗਿੱਲ, ਗੁਰਜੀਤ ਸਿੰਘ ਕਾਹਲੋਂ, ਅਸ਼ੋਕ ਸ਼ਰਮਾ, ਨਰਿੰਦਰ ਸਿੰਘ ਤੇ ਵੱਡੀ ਗਿਣਤੀ ’ਚ ਸਮਰਥਕ ਵਕੀਲਾਂ ਨਾਲ ਜਾ ਕੇ ਆਪਣਾ ਨਾਮਜ਼ਦਗੀ ਪੱਤਰ ਦਾਖ਼ਲ ਕੀਤਾ। ਚੋਣ ਅਧਿਕਾਰੀਆਂ ਨੇ ਗੱਲਬਾਤ ਕਰਦੇ ਹੋਏ ਦੱਸਿਆ ਕਿ ਅੱਜ ਇਨ੍ਹਾਂ ਤੋਂ ਇਲਾਵਾ ਜੂਨੀਅਰ ਮੀਤ ਪ੍ਰਧਾਨ ਲਈ ਪ੍ਰਦੀਪ ਕੁਮਾਰ ਸ਼ਰਮਾ, ਸੰਯੁਕਤ ਸਕੱਤਰ ਲਈ ਕ੍ਰਿਸ਼ਨ ਕੁਮਾਰ ਸ਼ਰਮਾ, ਸਹਾਇਕ ਸਕੱਤਰ ਲਈ ਮਧੂ ਬਾਲਾ ਸ਼ਰਮਾ ਤੇ ਕਾਰਜਕਾਰੀ ਮੈਂਬਰ ਲਈ ਹਿਤੇਨ ਤੇ ਰੋਹਿਤ ਮਸੀਹ ਨੇ ਆਪਣੇ ਨਾਮਜ਼ਦਗੀ ਪੱਤਰ ਦਾਖ਼ਲ ਕੀਤੇ। ਇਸ ਤਰ੍ਹਾਂ ਇਨ੍ਹਾਂ ਦੋਵਾਂ ਦਿਨਾਂ ਦੇ ਮਿਲਾ ਕੇ ਅੱਜ ਕੁੱਲ ਉਮੀਦਵਾਰਾਂ ਦੀ ਗਿਣਤੀ 28 ਹੋ ਗਈ ਹੈ। ਨਾਮਜ਼ਦਗੀ ਪੱਤਰਾਂ ਦੀ ਪੜਤਾਲ 5 ਸਤੰਬਰ ਨੂੰ ਹੋਵੇਗੀ ਤੇ ਉਸੇ ਦਿਨ ਹੀ ਨਾਮ ਵਾਪਸ ਲੈਣ ਦੀ ਆਖ਼ਰੀ ਤਰੀਕ ਹੋਵੇਗੀ ਤੇ 11 ਸਤੰਬਰ ਨੂੰ ਸਵੇਰੇ 8 ਵਜੇ ਤੋਂ ਸ਼ਾਮ 4 ਵਜੇ ਤੱਕ ਵੋਟਾਂ ਪੈਣਗੀਆਂ ਤੇ ਉਸੇ ਦਿਨ ਦੇਰ ਸ਼ਾਮ ਨੂੰ ਨਤੀਜਿਆਂ ਦਾ ਐਲਾਨ ਕੀਤਾ ਜਾਵੇਗਾ।