- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼
ਘੱਟ ਖ਼ਰਚੇ 'ਤੇ ਮਿਆਰੀ ਸਿੱਖਿਆ ਦੇ ਰਿਹਾ ਰਾਮਗੜ੍ਹੀਆ ਸਕੂਲ : ਰੂਪਰਾ

ਪ੍ਰਿਤਪਾਲ ਸਿੰਘ, ਪੰਜਾਬੀ ਜਾਗਰਣ, ਸ਼ਾਹਕੋਟ : ਰਾਮਗੜ੍ਹੀਆ ਪਬਲਿਕ ਸੀਨੀਅਰ ਸੈਕੰਡਰੀ ਸਕੂਲ ਸ਼ਾਹਕੋਟ ਦੀ ਨਵੀਂ ਚੁਣੀ ਗਈ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਹਰਭਜਨ ਸਿੰਘ ਰੂਪਰਾ ਵੱਲੋਂ ਸਕੂਲ ਪ੍ਰਬੰਧਕ, ਵਿਦਿਆਰਥੀਆਂ ਦੀ ਭਲਾਈ ਤੇ ਸਿੱਖਿਆ ਦੇ ਪੱਧਰ ਨੂੰ ਹੋਰ ਉੱਚਾ ਚੁੱਕਣ ਸਬੰਧੀ ਕਮੇਟੀ ਮੈਂਬਰਾਂ ਤੇ ਪਤਵੰਤਿਆਂ ਨਾਲ ਗੰਭੀਰ ਵਿਚਾਰ-ਵਟਾਂਦਰਾ ਕੀਤਾ ਗਿਆ। ਇਸ ਮੌਕੇ ਹਰਭਜਨ ਸਿੰਘ ਰੂਪਰਾ ਨੇ ਦੱਸਿਆ ਕਿ ਸਕੂਲ ਵਿੱਚ ਫੀਸ ਪ੍ਰਣਾਲੀ ਨੂੰ ਪੂਰੀ ਤਰ੍ਹਾਂ ਪਾਰਦਰਸ਼ੀ ਰੱਖਿਆ ਗਿਆ ਹੈ। ਟਿਊਸ਼ਨ ਫੀਸ ਤੋਂ ਇਲਾਵਾ ਕਿਸੇ ਵੀ ਕਿਸਮ ਦੇ ਲੁਕਵੇਂ ਚਾਰਜਿਜ਼ ਜਾਂ ਬੇਲੋੜੇ ਫੰਡ ਨਹੀਂ ਲਏ ਜਾ ਰਹੇ। ਸਿਫ਼ਾਰਸ਼ਾਂ ਦੇ ਆਧਾਰ 'ਤੇ ਫੀਸਾਂ ਮੁਆਫ਼ ਕਰਨ ਦੀ ਬਜਾਏ ਪੱਕਾ ਕੰਪਿਊਟਰਾਈਜ਼ਡ ਕ੍ਰਾਈਟੀਰੀਆ ਤਿਆਰ ਕੀਤਾ ਗਿਆ ਹੈ। ਵਿਧਵਾ ਔਰਤਾਂ ਦੇ ਬੱਚਿਆਂ, ਅੰਗਹੀਣ ਪਰਿਵਾਰਾਂ ਤੇ ਗੰਭੀਰ ਬਿਮਾਰੀਆਂ ਨਾਲ ਜੂਝ ਰਹੇ ਮਾਪਿਆਂ ਦੇ ਬੱਚਿਆਂ ਨੂੰ ਵਿਸ਼ੇਸ਼ ਫੀਸ ਰਿਆਇਤ ਦਿੱਤੀ ਜਾ ਰਹੀ ਹੈ। ਸਕੂਲ ਦੇ ਚੌਥਾ ਦਰਜਾ ਮੁਲਾਜ਼ਮਾਂ ਦੇ ਬੱਚਿਆਂ ਨੂੰ ਪਹਿਲਾਂ 50 ਫੀਸਦੀ ਤੇ ਬਾਕੀ ਛੋਟ ਉਨ੍ਹਾਂ ਦੇ ਪੜ੍ਹਾਈ ਦੇ ਅੰਕਾਂ ਮੁਤਾਬਕ ਜਿੰਨੀ ਫੀਸਦੀ ਅੰਕ ਓਨੀ ਹੀ ਵਾਧੂ ਛੋਟ ਦਿੱਤੀ ਜਾ ਰਹੀ ਹੈ। ਸਾਬਕਾ ਪ੍ਰਧਾਨ ਤੇ ਮੌਜੂਦਾ ਖ਼ਜ਼ਾਨਚੀ ਤਰਲੋਕ ਸਿੰਘ ਰੂਪਰਾ ਨੇ ਮਿਆਰੀ ਸਿੱਖਿਆ ਤੇ ਮੌਜੂਦਾ ਸਿੱਖਿਆ ਨੀਤੀਆਂ 'ਤੇ ਚਰਚਾ ਕਰਦਿਆਂ ਕਿਹਾ ਕਿ ਸਿਰਫ਼ ਅੰਕੜਿਆਂ ਵਿੱਚ ਸਾਖਰਤਾ ਦਰ ਵਧਾਉਣਾ ਹੀ ਕਾਫ਼ੀ ਨਹੀਂ, ਬਲਕਿ ਬੱਚਿਆਂ ਦੀ ਨੀਂਹ ਮਜ਼ਬੂਤ ਕਰਨਾ ਅਸਲ ਸਿੱਖਿਆ ਹੈ। ਸਕੂਲ ਦਾ ਮੁੱਖ ਮਕਸਦ ਪੈਸੇ ਇਕੱਠੇ ਕਰਨਾ ਨਹੀਂ ਬਲਕਿ ਇਲਾਕੇ ਦੇ ਬੱਚਿਆਂ ਨੂੰ ਅਜਿਹੀ ਵਿੱਦਿਆ ਪ੍ਰਦਾਨ ਕਰਨਾ ਹੈ। ਉਨ੍ਹਾਂ ਪੱਤਰਕਾਰਾਂ ਤੇ ਪਤਵੰਤਿਆਂ ਨੂੰ ਅਪੀਲ ਕੀਤੀ ਕਿ ਸੰਸਥਾ ਦੀ ਬਿਹਤਰੀ ਲਈ ਦਿੱਤੇ ਉਸਾਰੂ ਸੁਝਾਵਾਂ ਦਾ ਹਮੇਸ਼ਾ ਸਵਾਗਤ ਕੀਤਾ ਜਾਵੇਗਾ। ਇਸ ਮੌਕੇ ਕਮੇਟੀ ਮੈਂਬਰ ਅਮਰੀਕ ਸਿੰਘ ਮਠਾੜੂ, ਕੁਲਜੀਤ ਸਿੰਘ ਪਨੇਸਰ, ਨਵਜੋਤ ਸਿੰਘ ਰੂਪਰਾ ਆਦਿ ਹਾਜ਼ਰ ਸਨ।