- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼
ਦਮੋਰੀਆ ਪੁਲ ’ਤੇ ਰੇਨ ਵਾਟਰ ਹਾਰਵੈਸਟਿੰਗ ਪ੍ਰਾਜੈਕਟ ਦਾ ਕੰਮ ਜਾਰੀ, ਦੋ ਮਹੀਨੇ ਤੱਕ ਰਸਤਾ ਰਹੇਗਾ ਬੰਦ

-ਰੇਲਵੇ ਲਾਈਨ ਦੇ ਹੇਠਾਂ ਵਿਛਾਏ ਜਾਣ ਵਾਲੇ ਸਪੈਨ ਦਾ ਕੰਮ ਹੋਵੇਗਾ ਦੇਰੀ ਨਾਲ
-ਪੰਜ ਯੂਨਿਟਾਂ ’ਚੋਂ ਤਿੰਨ ਪੁਲ ਦੇ ਤਿੰਨ ਪਾਸਿਆਂ ’ਤੇ ਲਗਾਏ ਜਾਣਗੇ
-ਮੀਂਹ ਪੈਣ ’ਤੇ ਛੇ ਤੋਂ ਅੱਠ ਫੁੱਟ ਤੱਕ ਪਾਣੀ ਭਰ ਜਾਂਦਾ ਹੈ
ਪੰਜਾਬੀ ਜਾਗਰਣ ਪ੍ਰਤੀਨਿਧ, ਜਲੰਧਰ : 1870 ’ਚ ਅੰਗਰੇਜ਼ ਹਕੂਮਤ ਦੇ ਦੌਰ ’ਚ ਬਣੇ ਦਮੋਰੀਆ ਪੁਲ ’ਤੇ ਰੇਨ ਵਾਟਰ ਹਾਰਵੈਸਟਿੰਗ ਪ੍ਰੋਜੈਕਟ ਦਾ ਕੰਮ ਸ਼ੁਰੂ ਹੋ ਚੁੱਕਾ ਹੈ। ਇਸ ਨੂੰ ਪੂਰਾ ਹੋਣ ’ਚ ਲਗਭਗ ਦੋ ਮਹੀਨੇ ਦਾ ਸਮਾਂ ਲੱਗੇਗਾ ਤੇ ਇਸ ਦੌਰਾਨ ਪੁਲ ਦੇ ਹੇਠਾਂ ਵਾਲਾ ਰਸਤਾ ਵੀ ਪੂਰੀ ਤਰ੍ਹਾਂ ਬੰਦ ਰਹੇਗਾ। ਅਜਿਹੇ ਵਿੱਚ ਵਾਹਨ ਚਾਲਕਾਂ ਨੂੰ ਸਿਰਫ਼ ਆਰਓਬੀ ਦੀ ਵਰਤੋਂ ਕਰਨੀ ਪਵੇਗੀ। ਰੇਨ ਵਾਟਰ ਹਾਰਵੈਸਟਿੰਗ ਪ੍ਰਾਜੈਕਟ ਦੇ ਚੱਲਦਿਆਂ ਪੁਲ ਦੇ ਉੱਪਰ ਰੇਲਵੇ ਲਾਈਨ ਦੇ ਹੇਠਾਂ ਵਿਛਾਏ ਜਾਣ ਵਾਲੇ ਕੰਕਰੀਟ ਸਪੈਨ ਦਾ ਕੰਮ ਵੀ ਦੇਰੀ ਨਾਲ ਹੋਵੇਗਾ। ਹਾਲਾਂਕਿ ਰੇਲਵੇ ਵੱਲੋਂ ਹੇਠਾਂ ਵਿਛਾਏ ਜਾਣ ਵਾਲੇ ਸਪੈਨ ਪਹਿਲਾਂ ਹੀ ਤਿਆਰ ਕਰਕੇ ਰੱਖੇ ਹੋਏ ਹਨ। ਇਹ ਸਪੈਨ ਰੇਲਵੇ ਦੇ ਪੈਟਰੋਲ ਪੰਪ ਦੇ ਨੇੜੇ ਤਿਆਰ ਪਏ ਹਨ। ਜਿੱਥੇ ਸੈਕੰਡ ਐਂਟਰੀ ਬਣਾਈ ਜਾਣੀ ਹੈ, ਉੱਥੇ ਇਹ ਸਪੈਨ ਕਰੀਬ ਇੱਕ ਮਹੀਨੇ ਤੋਂ ਪਹਿਲਾਂ ਹੀ ਤਿਆਰ ਕਰਕੇ ਰੱਖੇ ਗਏ ਹਨ। ਹੁਣ ਜਦੋਂ ਤੱਕ ਰੇਨ ਵਾਟਰ ਹਾਰਵੈਸਟਿੰਗ ਦਾ ਕੰਮ ਪੂਰਾ ਨਹੀਂ ਹੁੰਦਾ, ਉਦੋਂ ਤੱਕ ਸਪੈਨ ਵੀ ਨਹੀਂ ਵਿਛਾਏ ਜਾ ਸਕਦੇ। ਸਪੈਨ ਵਿਛਾਉਣ ਦੌਰਾਨ ਰੇਲਵੇ ਵੱਲੋਂ ਬਲਾਕ ਲੈਣਾ ਪਵੇਗਾ ਤੇ ਛੇ ਤੋਂ ਸੱਤ ਮੁੱਖ ਰੇਲ ਗੱਡੀਆਂ ਨੂੰ ਵੀ ਰੱਦ ਕਰਨਾ ਪਵੇਗਾ। ਦੱਸਣਯੋਗ ਹੈ ਕਿ ਰੇਲਵੇ ਦੀਆਂ ਗਾਈਡਲਾਈਨਾਂ ਅਨੁਸਾਰ ਇਹ ਪ੍ਰਾਜੈਕਟ ਰੇਲਵੇ ਲਾਈਨਾਂ ਤੋਂ 12 ਮੀਟਰ ਦੀ ਦੂਰੀ ’ਤੇ ਲਗਾਇਆ ਜਾ ਰਿਹਾ ਹੈ। ਇਸ ਪ੍ਰਾਜੈਕਟ ਤਹਿਤ ਕੁੱਲ ਪੰਜ ਯੂਨਿਟ ਲਗਾਏ ਜਾਣਗੇ। ਇਨ੍ਹਾਂ ’ਚੋਂ ਤਿੰਨ ਯੂਨਿਟ ਦੋਮੋਰੀਆ ਪੁਲ ਦੇ ਤਿੰਨ ਪਾਸਿਆਂ ਤੋਂ ਆਉਣ ਵਾਲੇ ਪਾਣੀ ਨੂੰ ਪਾਈਪਾਂ ਰਾਹੀਂ ਉੱਪਰੋਂ ਹੀ ਹੇਠਾਂ ਜ਼ਮੀਨ ’ਚ ਭੇਜਣਗੇ। ਪੁਲ ’ਚ ਆਉਣ ਵਾਲੇ ਪਾਣੀ ’ਚ 10 ਤੋਂ 15 ਫੀਸਦੀ ਪਾਣੀ ਸੀਵਰੇਜ ਦਾ ਹੁੰਦਾ ਹੈ, ਜਦਕਿ ਬਾਕੀ ਮੀਂਹ ਦਾ ਪਾਣੀ ਇਸ ਪ੍ਰਾਜੈਕਟ ਰਾਹੀਂ ਜ਼ਮੀਨ ’ਚ ਰੀਚਾਰਜ ਕੀਤਾ ਜਾਵੇਗਾ। ਕੰਪਨੀ ਵੱਲੋਂ ਤਿੰਨ ਸਾਲ ਤੱਕ ਇਸ ਪ੍ਰਾਜੈਕਟ ਦੇ ਆਪਰੇਸ਼ਨ ਤੇ ਮੇਨਟੇਨੈਂਸ ਦਾ ਕੰਮ ਵੀ ਕੀਤਾ ਜਾਵੇਗਾ।