- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼
ਬਰਸਾਤ ਸਿਰ ’ਤੇ ਪਰ ਸੜਕਾਂ ਤੇ ਸੀਵਰੇਜ ਦੀ ਸਮੱਸਿਆ ਬਰਕਾਰ

-ਸੀਵਰੇਜ ਦੀਆਂ 70 ਫੀਸਦੀ ਸ਼ਿਕਾਇਤਾਂ ਹੋਈਆਂ ਖਤਮ : ਮੇਅਰ
-ਪੀਣ ਦੇ ਪਾਣੀ ਲਈ ਨਵੇਂ ਟਿਊਬਵੈੱਲਾਂ ਦੇ ਕੁਨੈਕਸ਼ਨਾਂ ਦੀ ਉਡੀਕ
ਮਦਨ ਭਾਰਦਵਾਜ, ਪੰਜਾਬੀ ਜਾਗਰਣ,ਜਲੰਧਰ
ਬਰਸਾਤ ਦਾ ਮੌਸਮ ਸ਼ੁਰੂ ਹੋ ਚੁੱਕਾ ਹੈ, ਭਾਵੇਂ ਅਜੇ ਲਗਾਤਾਰ ਮੀਂਹ ਸ਼ੁਰੂ ਨਹੀਂ ਹੋਏ ਪਰ ਨਗਰ ਨਿਗਮ ਵੱਲੋਂ ਬਰਸਾਤ ਤੋਂ ਬਚਾਅ ਲਈ ਭਾਵੇਂ ਪ੍ਰਬੰਧ ਕਰਨ ਦੇ ਦਾਅਵੇ ਤਾਂ ਕੀਤੇ ਜਾ ਰਹੇ ਹਨ ਪਰ ਬਿਨਾ ਬਰਸਾਤ ਦੇ ਹੀ ਅਧੂਰੀਆਂ ਸੜਕਾਂ ਤੇ ਸੀਵਰੇਜ ਦੀਆਂ ਸ਼ਿਕਾਇਤਾਂ ਦਾ ਸਿਲਸਲਾ ਜਾਰੀ ਹੈ। ਮੇਅਰ ਵਨੀਤ ਧੀਰ ਨੇ ਨਗਰ ਨਿਗਮ ਦੀ ਬੀਐਂਡਆਰ ਬਰਾਂਚ ਨੂੰ ਚੱਲ ਰਹੇ ਵਿਕਾਸ ਕੰਮਾਂ ਨੂੰ ਤੇਜ਼ੀ ਨਾਲ ਕਰਨ ਤੇ ਸਾਰੀਆਂ ਸੜਕਾਂ ਆਦਿ 30 ਜੂਨ ਤਕ ਬਨਾਉਣ ਦੀ ਡੈਡਲਾਇਨ ਦਿੱਤੀ ਸੀ ਪਰ ਇਸ ਦੇ ਬਾਵਜੂਦ ਸੜਕਾਂ ਨਹੀਂ ਬਣੀਆਂ, ਜਿਸ ਕਾਰਨ ਲੋਕਾਂ ਨੂੰ ਸੜਕਾਂ ਨਾ ਬਨਣ ਕਾਰਨ ਜਿਥੇ ਪਰੇਸ਼ਾਨੀ ਆ ਰਹੀ ਹੈ, ਉਥੇ ਕਈ ਵਾਰ ਦੋਪਹੀਆ ਵਾਹਨਾਂ ਨੂੰ ਹਾਦਸੇ ਵੀ ਪੇਸ਼ ਆ ਜਾਂਦੇ ਹਨ। ਇਸ ਤੋਂ ਇਲਾਵਾ ਜੇ ਨਗਰ ਨਿਗਮ ਨੇ ਸੜਕਾਂ ਬਣਾਈਆਂ ਹੀ ਹਨ ਤਾਂ ਕਈ ਥਾਂਵਾਂ ਤੋਂ 3 ਮਹੀਨਿਆਂ ’ਚ ਸੜਕਾਂ ਖਰਾਬ ਹੋਣ ਦੀਆਂ ਸ਼ਿਕਾਇਤਾਂ ਆ ਰਹੀਆਂ ਹਨ ਜਿਸ ਤੋਂ ਸਪੱਸ਼ਟ ਹੁੰਦਾ ਹੈ ਕਿ ਠੇਕੇਦਾਰ ਵੱਲੋਂ ਸੜਕਾਂ ਬਣਾਉਣ ਦੇ ਮਟੀਰੀਅਲ ’ਚ ਕੁਝ ਗੜਬੜੀ ਜ਼ਰੂਰ ਕੀਤੀ ਗਈ ਹੈ। ਟੁੱਟੀਆਂ ਸੜਕਾਂ ਨੂੰ ਲੈ ਕੇ ਠੇਕੇਦਾਰਾਂ ਦਾ ਭੁਗਤਾਨ ਤਾਂ ਜ਼ਰੂਰ ਰੋਕਣ ਦੇ ਹੁਕਮ ਦਿਤੇ ਗਏ ਪਰ ਅਜੇ ਤੱਕ ਸੜਕ ਮੁੜ ਠੀਕ ਹੋਣ ਬਾਰੇ ਲੋਕਾਂ ਦੀ ਸ਼ਿਕਾਇਤਾ ਬਰਕਰਾਰ ਹਨ। ਇਸ ਤੋਂ ਇਲਾਵਾ ਹੰਸਰਾਜ ਸਟੇਡੀਅਮ ਤੋਂ ਬਦਰੀਨਾਥ ਕਾਲੋਨੀ ਵੱਲ ਜਾਂਦੀ ਸੜਕ ਪਿਛਲੇ ਕਈ ਸਾਲਾਂ ਤੋਂ ਟੁੱਟੀ ਗਈ ਹੈ ਤੇ ਨਗਰ ਨਿਗਮ ਦੇ ਅਧਿਕਾਰੀਆਂ ਦੀ ਗੱਲ ਤਾਂ ਦੂਰ ਦੀ ਹੈ ਸਗੋਂ ਲੋਕਾਂ ਵੱਲੋਂ ਚੁਣੇ ਗਏ ਕੌਂਸਲਰ ਨੇ ਵੀ ਕਦੇ ਇਸੇ ਪਾਸੇ ਧਿਆਨ ਨਹੀ ਦਿੱਤਾ। ਇਸ ਤੋਂ ਇਲਾਵਾ ਵੈਸਟ ਹਲਕੇ ਦੀਆਂ ਬਸਤੀਆਤ ਖੇਤਰ ਦੀਆਂ ਸੜਕਾਂ ਵੀ ਵਧੇਰੀਆਂ ਟੁੱਟੀਆਂ ਤੇ ਖਰਾਬ ਹਨ ਜਿਨ੍ਹਾਂ ’ਚ ਪ੍ਰਮੁਖ ਤੌਰ ’ਤੇ ਬਸਤੀ ਮਿੱਠੂ, ਬਸਤੀ ਦਾਨਿਸ਼ਮੰਦਾਂ, ਲਤੀਫਪੁਰਾ ਦੀ ਅਧੂਰੀ ਸੜਕ, ਕਪੂਰਥਲਾ ਰੋਡ ਤੋਂ ਡਾ. ਬੀ.ਆਰ. ਅੰਬੇਡਕਰ ਚੌਕ, ਮਾ: ਗੁਰਬੰਤਾ ਸਿੰਘ ਇਨਕਲੇਵ ਤੇ ਹੋਰ ਕਈ ਅਜਿਹੀਆਂ ਕਾਲੋਨੀਆਂ ਹਨ ਜਿਨ੍ਹਾਂ ਦੀਆਂ ਸੜਕਾਂ ਕਾਫੀ ਸਮੇ ਤੋਂ ਟੁੱਟੀਆਂ ਪਈਆਂ ਹਨ ਤੇ ਲੋਕ ਕਾਫੀ ਪਰੇਸ਼ਾਨ ਹਨ।
---------------------
ਸੀਵਰੇਜ ਦੀ ਸਮੱਸਿਆ ਅਜੇ ਚੱਲ ਰਹੀ ਹੈ ਤੇ ਸ਼ਿਕਾਇਤਾਂ ਦਰਜ ਹੋ ਰਹੀਆਂ ਹਨ
ਸ਼ਹਿਰ ’ਚ ਬਰਸਾਤ ਦੇ ਮੌਸਮ ਤੋਂ ਪਹਿਲਾਂ ਹਮੇਸ਼ਾ ਸੀਵਰੇਜ ਸਿਸਟਮ ਠੀਕ ਰੱਖਣ ਲਈ ਰੋਡ ਗਲੀਆਂ ਤੇ ਮੇਨ ਹੋਲਾਂ ਦੀ ਸਫਾਈ ਕਰਵਾਈ ਜਾਂਦੀ ਰਹੀ ਹੈ ਪਰ ਨਗਰ ਨਿਗਮ ਵੱਲੋਂ ਸੀਵਰੇਜ ਦੀ ਸਫਾਈ ਦੇ ਦਾਅਵੇ ਤਾਂ ਕੀਤੇ ਜਾ ਰਹੇ ਹਨ ਪਰ ਬੰਦ ਸੀਵਰੇਜ ਦੀਆਂ ਸ਼ਿਕਾਇਤਾਂ ਦਾ ਸਿਲਸਲਾ ਜਾਰੀ ਹੈ। ਨਗਰ ਨਿਗਮ ਦੀ ਵੈੱਬਸਾਈਟ ਤੋਂ ਇਲਾਵਾ ਲੋਕ ਨਗਰ ਨਿਗਮ ਤੇ ਜ਼ੋਨਲ ਦਫਤਰਾਂ ’ਚ ਵੀ ਸ਼ਿਕਾਇਤਾਂ ਦਰਜ ਕਰਵਾਉਣ ਆਉਂਦੇ ਹਨ ਤੇ ਸ਼ਿਕਾਇਤ ਸੈੱਲ ਦੀ ਸੂਚਨਾ ਅਨੁਸਾਰ ਰੋਜ਼ਾਨਾ 10 ਤੋਂ 12 ਸ਼ਿਕਾਇਤਾਂ ਦਰਜ ਹੁੰਦੀਆਂ ਹਨ ਤੇ ਉਨ੍ਹਾਂ ’ਚ ਕੁਝ ਦਾ ਨਿਪਟਾਰਾ ਵੀ ਹੋਣ ਦੀ ਸੂਚਨਾ ਦਰਜ ਹੁੰਦੀ ਹੈ। ਸੀਵਰੇਜ ਦੀ ਸਮੱਸਿਆ ਨੂੰ ਲੈ ਕੇ ਲੋਕ ਕਈ ਵਾਰ ਨਿਗਮ ਦਫਤਰ ਤੇ ਜ਼ੋਨਲ ਦਫਤਰ ਦੇ ਬਾਹਰ ਧਰਨੇ ਤੇ ਵਿਖਾਵੇ ਵੀ ਕਰ ਚੁੱਕੇ ਹਨ। ਲੋਕਾਂ ਦਾ ਦੋਸ਼ ਹੈ ਕਿ ਜਦੋਂ ਉਹ ਸੀਵਰੇਜ ਦੀ ਸਮੱਸਿਆ ਬਾਰੇ ਜੇਈ ਜੇ ਐੱਸਡੀਓ ਨੂੰ ਫੋਨ ਆਦਿ ਕਰਦੇ ਹਨ ਤਾਂ ਅਧਿਕਾਰੀ ਫੋਨ ਹੀ ਨਹੀਂ ਚੁੱਕਦੇ ਤੇ ਉਨ੍ਹਾਂ ਨੂੰ ਧਰਨੇ ’ਤੇ ਪਰਦਰਸ਼ਨ ਕਰਨ ਲਈ ਮਜੁਬੂਰ ਹੋਣਾ ਪੈਂਦਾ ਹੈ। ਇਸ ਤੋਂ ਇਲਾਵਾ ਬਰਲਟਨ ਪਾਰਕ ਦੇ ਪਿਛਲੇ ਪਾਸੇ ਜਿਹੜੀ ਸਪੋਰਟਸ ਹੱਬ ਨੂੰ ਸੜਕ ਜਾਂਦੀ ਹੈ ਸੀਵਰੇਜ ਬੰਦ ਹੋਣ ਕਰਕੇ ਲੋਕਾਂ ਨੂੰ ਫੁਟਪਾਥ ਰਾਹੀਂ ਪਾਰਕ ’ਚ ਜਾਣਾ ਪੈਦਾ ਹੈ ਤੇ ਲੋਕਾਂ ਦਾ ਕਹਿਣਾ ਹੈ ਕਿ ਇਥੇ ਦਾ ਸੀਵਰੇਜ ਲਗਪਗ ਇਕ ਮਹੀਨੇ ਤੋਂ ਬੰਦ ਹੈ, ਜਿਸ ਕਾਰਨ ਉਥੇ ਮੱਖੀ ਮੱਛਰਾਂ ਦੀ ਭਰਮਾਰ ਹੈ।
-------------------------
ਸੜਕਾਂ ਦਾ ਕੰਮ ਜਾਰੀ ਹੈ 30 ਫੀਸਦੀ ਸੀਵਰੇਜ ਦੀ ਸਮੱਸਿਆ ਹੈ : ਮੇਅਰ
ਇਸ ਦੌਰਾਨ ਮੇਅਰ ਵਨੀਤ ਧੀਰ ਨੇ ਦਾਅਵਾ ਕੀਤਾ ਹੈ ਕਿ ਭਾਵੇਂ ਸ਼ਹਿਰ ’ਚ ਵਿਕਾਸ ਕੰਮ ਤੇਜ਼ੀ ਨਾਲ ਚੱਲ ਰਹੇ ਹਨ ਪਰ ਬਰਸਾਤ ਕਾਰਨ ਪ੍ਰਭਾਵਿਤ ਹੋ ਰਹੇ ਹਨ। ਉਨ੍ਹਾਂ ਨੇ ਕਿਹਾ ਹੈ ਕਿ ਭਾਵੇਂ ਉਨ੍ਹਾਂ ਨੇ ਅਧਿਕਾਰੀਆਂ ਨੂੰ ਬੀਤੀ 30 ਜੂਨ ਤਕ ਸੜਕਾਂ ਤੇ ਸੀਸੀ ਫਲੋਰਿੰਗ ਦੀਆਂ ਗਲੀਆਂ ਤੇ ਸੜਕਾਂ ਬਣਾਉਣ ਦਾ ਅਲਟੀਮੇਟਮ ਤਾਂ ਦਿੱਤਾ ਸੀ ਪਰ ਬੇਮੋਸਮੀ ਬਰਸਾਤ ਨੇ ਸਾਰਾ ਵਿਕਾਸ ਦਾ ਕੰਮ ਪ੍ਰਭਾਵਿਤ ਕਰਕੇ ਰੱਖ ਦਿੱਤਾ। ਇਸ ਦੇ ਬਾਵਜੂਦ ਬੀਐਂਡਆਰ ਬਰਾਂਚ ਦੇ ਅਧਿਕਾਰੀ ਬਰਾਬਰ ਕੰਮ ਕਰ ਰਹੇ ਹਨ ਤੇ ਜਿਹੜੇ ਵੀ ਸੜਕਾਂ ਦੇ ਵਰਕ ਆਰਡਰ ਜਾਰੀ ਹੋਏ ਹਨ ਉਨ੍ਹਾਂ ਨੂੰ ਪੂਰਾ ਕੀਤਾ ਜਾ ਰਿਹਾ ਹੈ। ਇਸ ਦੌਰਾਨ ਉਨ੍ਹਾਂ ਨੇ ਕਿਹਾ ਹੈ ਕਿ 56 ਕਰੋੜ ਦੇ ਮਿਊਂਸੀਪਲ ਡਿਵੈੱਲਪਮੈਂਟ ਫਡ ਨਾਲ ਸ਼ਹਿਰ ਦੇ ਚਾਰੇ ਵਿਧਾਨ ਸਭਾ ਹਲਕਿਆਂ ’ਚ ਸੈਂਟਰਲ, ਵੈਸਟ, ਨਾਰਥ ਤੇ ਕੈਂਟ ’ਚ ਵਿਕਾਸ ਕੰਮ ਜਾਰੀ ਹੈ ਤੇ ਉਨ੍ਹਾਂ ਨੂੰ ਛੇਤੀ ਹੀ ਪੂਰਾ ਕਰਨ ਲਈ ਕਿਹਾ ਗਿਆ ਹੈ। ਇਸ ਤੋਂ ਇਲਾਵਾ ਉਨ੍ਹਾਂ ਨੇ ਸਵੀਕਾਰ ਕੀਤਾ ਹੈ ਕਿ ਸ਼ਹਿਰ ’ਚ 30 ਫੀਸਦੀ ਸੀਵਰੇਜ ਸਮੱਸਿਆ ਰਹਿ ਗਈ ਹੈ ਜਦੋਂਕਿ 70 ਫੀਸਦੀ ਹੱਲ ਕਰ ਹੋ ਚੁੱਕੀ ਹੈ। ਉਨ੍ਹਾਂ ਨੇ ਕਿਹਾ ਕਿ ਸੀਵਰੇਜ ਦੀ ਸਫਾਈ ਲਈ ਸੁਪੱਰ ਸਕੱਸ਼ਨ ਮਸ਼ੀਨਾਂ ਲਗਾ ਕੇ ਸਫਾਈ ਕਰਾਈ ਜਾ ਰਹੀ ਹੈ।
--------------------
ਡਿਸਪੋਜ਼ਲਾਂ ਤੇ ਜਨਰੇਟਰ ਸੈਟ ਲਾਏ ਗਏ ਹਨ : ਐੱਸਈ
ਇਸ ਦੌਰਾਨ ਵਾਟਰ ਸਪਲਾਈ ਤੇ ਸੀਵਰੇਜ ਬਰਾਂਚ ਦੇ ਐੱਸਈ ਜਸਪਾਲ ਸਿੰਘ ਨੇ ਕਿਹਾ ਹੈ ਕਿ ਬਰਸਾਤ ਨੂੰ ਦੇਖਦਿਆਂ ਹੀ ਸਾਰੇ ਡਿਸਪੋਜ਼ਲ ਚਾਲੂ ਹਨ ਤੇ ਸੀਵਰੇਜ ਪਾਈਪਾਂ ਦੀ ਡੀਸਿਲਟਿੰਗ ਵੀ ਕਰਵਾਈ ਗਈ ਹੈ। ਅਜਿਹਾ ਕਰਨ ਨਾਲ ਸਾਨੂੰ ਉਮੀਦ ਹੈ ਕਿ ਬਰਸਾਤ ਦਾ ਜਿਹੜਾ ਪਾਣੀ ਦੀ ਨਿਕਾਸੀ 4 ਘੰਟੇ ’ਚ ਹੁੰਦੀ ਸੀ ਹੁਣ 2 ਘੰਟੇ ’ਚ ਹੋਵੇਗੀ। ਇਸ ਦੇ ਬਾਵਜੂਦ ਵੀ ਸੀਵਰੇਜ ਦੀ ਸਫਾਈ ਤੇ ਰੋਡ ਗਲੀਆਂ ਦੀ ਸਫਾਈ ਦਾ ਕੰਮ ਜਾਰੀ ਹੈ।
--------------------
ਪਾਣੀ ਦੀ ਸਮੱਸਿਆ ਦੀ ਦੂਰ
ਇਸ ਦੌਰਾਨ ਮੇਅਰ ਨੇ ਕਿਹਾ ਕਿ ਗਰਮੀ ਕਾਰਨ ਕਈ ਇਲਾਕਿਆ ’ਚ ਟਿਊਬਵੈੱਲ ਫੇਲ੍ਹ ਹੋਏ ਸਨ ਤੇ ਉਨ੍ਹਾਂ ਦੀ ਥਾਂ ਤੇ ਨਵੇਂ ਟਿਉਬਵੈੱਲ ਲਗਾਏ ਗਏ ਹਨ ਤੇ ਉਨ੍ਹਾਂ ਦੇ ਬਿਜਲੀ ਦੇ ਕੁਨੈਕਸ਼ਨਾਂ ਲਈ ਦਰਖਾਸਤ ਦਿੱਤੀ ਹੋਈ ਹੈ ਅਤੇ ਛੇਤੀ ਹੀ ਉਨ੍ਹਾਂ ਨੂੰ ਚਾਲੂ ਕਰਕੇ ਲੋਕਾਂ ਨੂੰ ਪਾਣੀ ਦੀ ਸਪਲਾਈ ਬਹਾਲ ਕੀਤੀ ਜਾਏਗੀ। ਉਨ੍ਹਾਂ ਕਿਹਾ ਕਿ ਕੋਸ਼ਿਸ਼ ਹੈ ਕਿ ਲੋਕਾਂ ਨੂੰ ਨਗਰ ਨਿਗਮ ਦੀਆਂ ਬਣਦੀਆਂ ਬਨਿਆਦੀ ਸਹੂਲਤਾਂ ਮੁਹੱਈਆ ਕਰਾਈਆ ਜਾਣ ਤੇ ਲੋਕਾਂ ਨੂੰ ਵੀ ਚਾਹੀਦਾ ਹੈ ਕਿ ਉਹ ਸ਼ਹਿਰ ਨੂੰ ਸਾਫ ਸੁਧਰਾ ਰੱਖਣ ਤੇ ਹੋਰ ਨਿਗਮ ਦੀਆਂ ਯੋਜਨਾਵਾਂ ’ਚ ਆਪਣਾ ਸਰਗਰਮ ਸਹਿਯੋਗ ਦੇਣ।