- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼
ਬਾਰਿਸ਼ ਨਾਲ ਮੌਸਮ ਸੁਹਾਵਣਾ, ਜਲਭਰਾਅ ਵੀ ਹੋਇਆ, ਸੰਡੇ ਮਾਰਕੀਟ ’ਚ ਕੰਮ ਪ੍ਰਭਾਵਿਤ

ਥਾਂ-ਥਾਂ ਭਰਿਆ ਪਾਣੀ, ਸੰਡੇ ਮਾਰਕੀਟ ’ਚ ਕੰਮ ਪ੍ਰਭਾਵਿਤ
ਜਾਗਰਣ ਸੰਵਾਦਦਾਤਾ, ਜਲੰਧਰ : ਐਤਵਾਰ ਦੁਪਹਿਰ ਬਾਅਦ ਹੋਈ ਬਾਰਿਸ਼ ਨਾਲ ਮੌਸਮ ਸੁਹਾਵਣਾ ਹੋ ਗਿਆ। ਸ਼ਹਿਰ ਦੇ ਸਾਰੇ ਇਲਾਕਿਆਂ ’ਚ ਬਾਰਿਸ਼ ਹੋਈ, ਹਾਲਾਂਕਿ ਕਿਤੇ ਘੱਟ ਤੇ ਕਿਤੇ ਵੱਧ ਬਾਰਿਸ਼ ਦਰਜ ਕੀਤੀ ਗਈ। ਕਪੂਰਥਲਾ ਰੋਡ ਤੇ ਸ਼ਹਿਰ ਦੇ ਪੁਰਾਣੇ ਬਾਜ਼ਾਰਾਂ ’ਚ ਤੇਜ਼ ਬਾਰਿਸ਼ ਹੋਈ, ਜਦਕਿ ਫੋਕਲ ਪੁਆਇੰਟ ਤੇ 66 ਫੁੱਟ ਰੋਡ ’ਤੇ ਹਲਕੀ ਬਾਰਿਸ਼ ਹੋਈ। ਇਸ ਦੌਰਾਨ ਇਕਹਿਰੀ ਪੁਲੀ, ਦੋਮੋਰੀਆ ਪੁਲ, ਗੁੜ ਮੰਡੀ, ਅਲੀ ਮੁਹੱਲਾ, ਬਸਤੀ ਅੱਡਾ ਤੇ ਮਾਸਟਰ ਤਾਰਾ ਸਿੰਘ ਨਗਰ ਸਮੇਤ ਕਈ ਇਲਾਕਿਆਂ ’ਚ ਜ਼ਿਆਦਾ ਪਾਣੀ ਭਰ ਗਿਆ। ਸ਼ਹਿਰ ਦੇ ਵੱਖ-ਵੱਖ ਇਲਾਕਿਆਂ ’ਚ ਕਰੀਬ ਡੇਢ ਘੰਟੇ ਤੱਕ ਬਾਰਿਸ਼ ਹੋਈ।
ਵਰਿਆਣਾ-ਕਪੂਰਥਲਾ ਰੋਡ ’ਤੇ ਕਰੀਬ ਪੌਣੇ ਚਾਰ ਵਜੇ ਵਰਖਾ ਸ਼ੁਰੂ ਹੋਈ, ਜਦਕਿ ਡਿਪਟੀ ਕਮਿਸ਼ਨਰ ਦਫ਼ਤਰ ਇਲਾਕੇ ’ਚ ਦੁਪਹਿਰ ਸਵਾ ਚਾਰ ਵਜੇ ਦੇ ਕਰੀਬ ਬਾਰਿਸ਼ ਸ਼ੁਰੂ ਹੋਈ, ਜੋ ਸ਼ਾਮ 5.30 ਵਜੇ ਤੱਕ ਜਾਰੀ ਰਹੀ। ਬਾਜ਼ਾਰਾਂ ’ਚ ਪਾਣੀ ਭਰਨ ਦੀ ਸਥਿਤੀ ਬਣੀ ਰਹੀ। ਹਾਲਾਂਕਿ ਐਤਵਾਰ ਨੂੰ ਆਮ ਤੌਰ ’ਤੇ ਬਾਜ਼ਾਰ ਬੰਦ ਰਹਿੰਦੇ ਹਨ, ਪਰ ਸੰਡੇ ਮਾਰਕੀਟ ਲੱਗਦੀ ਹੈ ਤੇ ਬਾਰਿਸ਼ ਕਾਰਨ ਇਸ ਦਾ ਕੰਮ ਪ੍ਰਭਾਵਿਤ ਹੋਇਆ। ਵਿਕ੍ਰੇਤਾਵਾਂ ਨੂੰ ਆਪਣਾ ਸਾਮਾਨ ਤਿਰਪਾਲਾਂ ਨਾਲ ਢਕਣਾ ਪਿਆ। ਬਾਰਿਸ਼ ਕਾਰਨ ਲੋਕਾਂ ਨੂੰ ਗਰਮੀ ਤੋਂ ਰਾਹਤ ਮਿਲੀ ਤੇ ਤਾਪਮਾਨ ’ਚ ਗਿਰਾਵਟ ਦਰਜ ਕੀਤੀ ਗਈ। ਇਸ ਨਾਲ ਬਿਜਲੀ ਦੀ ਖਪਤ ’ਤੇ ਵੀ ਅਸਰ ਪੈਣ ਦੀ ਉਮੀਦ ਹੈ।
-----------------------------
ਆਰਯੂਬੀ ’ਚੋਂ ਪਾਣੀ ਦੀ ਨਿਕਾਸੀ ਨਹੀਂ ਹੋ ਰਹੀ, 50 ਲੱਖ ਦਾ ਵਾਟਰ ਹਾਰਵੈਸਟਿੰਗ ਸਿਸਟਮ ਵੀ ਫੇਲ੍ਹ
ਸ਼ਹਿਰ ’ਚ ਜਿੱਥੇ-ਜਿੱਥੇ ਰੇਲਵੇ ਕ੍ਰਾਸਿੰਗ ’ਤੇ ਅੰਡਰਬ੍ਰਿਜ ਬਣਾਏ ਗਏ ਹਨ, ਉੱਥੇ ਪਾਣੀ ਦੀ ਨਿਕਾਸੀ ਦਾ ਢੁੱਕਵਾਂ ਪ੍ਰਬੰਧ ਨਾ ਹੋਣ ਕਾਰਨ ਲੋਕਾਂ ਨੂੰ ਮੁਸ਼ਕਲਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਪਾਣੀ ਭਰਨ ਕਾਰਨ ਲੋਕਾਂ ਲਈ ਆਰਯੂਬੀ ਰਾਹੀਂ ਆਉਣਾ-ਜਾਣਾ ਮੁਸ਼ਕਲ ਹੋ ਜਾਂਦਾ ਹੈ। ਦੋਮੋਰੀਆ ਪੁਲ ’ਚ ਨਗਰ ਨਿਗਮ ਵੱਲੋਂ 50 ਲੱਖ ਰੁਪਏ ਦੀ ਲਾਗਤ ਨਾਲ ਰੇਨ ਵਾਟਰ ਹਾਰਵੈਸਟਿੰਗ ਪ੍ਰਾਜੈਕਟ ਲਗਾਇਆ ਗਿਆ ਹੈ, ਪਰ ਇਸ ਦਾ ਵੀ ਕੋਈ ਅਸਰ ਦਿਖਾਈ ਨਹੀਂ ਦੇ ਰਿਹਾ। ਦਾਅਵਾ ਕੀਤਾ ਗਿਆ ਸੀ ਕਿ ਅੰਡਰਬ੍ਰਿਜ ’ਚ ਪਾਣੀ ਨਹੀਂ ਭਰੇਗਾ, ਪਰ ਦੋਮੋਰੀਆ ਪੁਲ ’ਚ ਫਿਰ ਵੀ ਬਾਰਿਸ਼ ਦਾ ਪਾਣੀ ਭਰ ਰਿਹਾ ਹੈ। ਸਥਾਨਕ ਲੋਕਾਂ ਦਾ ਕਹਿਣਾ ਹੈ ਕਿ ਸਿਰਫ਼ ਨਵਾਂ ਪ੍ਰਾਜੈਕਟ ਲਗਾਉਣ ਨਾਲ ਸਮੱਸਿਆ ਹੱਲ ਨਹੀਂ ਹੋਵੇਗੀ। ਪੁਰਾਣੇ ਪੰਪ ਚਾਲੂ ਨਹੀਂ ਹਨ ਤੇ ਪਾਣੀ ਦੀ ਨਿਕਾਸੀ ਵਾਲੀਆਂ ਨਾਲੀਆਂ ਵੀ ਬੰਦ ਪਈਆਂ ਹਨ। ਜਦੋਂ ਤੱਕ ਪੰਪਿੰਗ ਸਿਸਟਮ ਨੂੰ 24 ਘੰਟੇ ਚਾਲੂ ਹਾਲਤ ’ਚ ਨਹੀਂ ਰੱਖਿਆ ਜਾਂਦਾ, ਉਦੋਂ ਤੱਕ ਸਮੱਸਿਆ ਦਾ ਸਥਾਈ ਹੱਲ ਨਹੀਂ ਹੋ ਸਕਦਾ। ਇਸੇ ਤਰ੍ਹਾਂ ਦੀ ਸਥਿਤੀ ਇਕਹਿਰੀ ਪੁਲੀ ਦੀ ਵੀ ਹੈ। ਚੰਦਨ ਨਗਰ ’ਚ ਪੰਪਿੰਗ ਸੈੱਟ ਨਾ ਚੱਲਣ ਕਾਰਨ ਹਰ ਵਾਰ ਪਾਣੀ ਭਰ ਜਾਂਦਾ ਹੈ।
---------------------------
ਸੋਢਲ ਮੇਲੇ ਤੋਂ ਪਹਿਲਾਂ ਪਾਣੀ ਦੀ ਨਿਕਾਸੀ ਦੇ ਪੱਕੇ ਪ੍ਰਬੰਧ ਜ਼ਰੂਰੀ
ਸੋਢਲ ਮੇਲਾ ਵੀ ਹੁਣ ਨੇੜੇ ਆ ਗਿਆ ਹੈ ਤੇ ਇਸ ਤੋਂ ਪਹਿਲਾਂ ਪਾਣੀ ਦੀ ਨਿਕਾਸੀ ਦੇ ਪੁਖਤਾ ਪ੍ਰਬੰਧ ਕਰਨਾ ਜ਼ਰੂਰੀ ਹੈ। ਮੇਲੇ ਦੌਰਾਨ ਆਮ ਤੌਰ ’ਤੇ ਬਾਰਿਸ਼ ਹੋਣ ਦੀ ਸੰਭਾਵਨਾ ਰਹਿੰਦੀ ਹੈ। ਜੇਕਰ ਅੰਡਰਬ੍ਰਿਜਾਂ ’ਚੋਂ ਪਾਣੀ ਦੀ ਨਿਕਾਸੀ ਦਾ ਢੁੱਕਵਾਂ ਪ੍ਰਬੰਧ ਨਾ ਕੀਤਾ ਗਿਆ ਤਾਂ ਸ਼ਰਧਾਲੂਆਂ ਨੂੰ ਭਾਰੀ ਦਿੱਕਤਾਂ ਦਾ ਸਾਹਮਣਾ ਕਰਨਾ ਪੈ ਸਕਦਾ ਹੈ। ਚੰਦਨ ਨਗਰ, ਦੋਮੋਰੀਆ ਪੁਲ ਆਰਯੂਬੀ ਤੇ ਇਕਹਿਰੀ ਪੁਲੀ ਰਾਹੀਂ ਹਜ਼ਾਰਾਂ ਲੋਕ ਮੇਲੇ ’ਚ ਆਉਂਦੇ-ਜਾਂਦੇ ਹਨ। ਮੇਲੇ ਦੇ ਦਿਨਾਂ ’ਚ ਟ੍ਰੈਫਿਕ ਦਾ ਦਬਾਅ ਆਮ ਦਿਨਾਂ ਨਾਲੋਂ ਕਈ ਗੁਣਾ ਵੱਧ ਜਾਂਦਾ ਹੈ। ਜੇਕਰ ਉਸ ਦੌਰਾਨ ਬਾਰਿਸ਼ ਹੋ ਗਈ ਤੇ ਅੰਡਰਬ੍ਰਿਜਾਂ ’ਚ ਪਾਣੀ ਭਰ ਗਿਆ ਤਾਂ ਲੋਕਾਂ ਲਈ ਵੱਡੀ ਮੁਸ਼ਕਲ ਖੜ੍ਹੀ ਹੋ ਸਕਦੀ ਹੈ। ਲੋਕਾਂ ਨੇ ਨਗਰ ਨਿਗਮ ਤੋਂ ਮੰਗ ਕੀਤੀ ਹੈ ਕਿ ਮੇਲੇ ਤੋਂ ਪਹਿਲਾਂ ਹੀ ਇਸ ਸਮੱਸਿਆ ਦਾ ਸਥਾਈ ਹੱਲ ਕੀਤਾ ਜਾਵੇ। ਹਰ ਅੰਡਰਬ੍ਰਿਜ ’ਤੇ ਵਾਧੂ ਪੰਪ, ਮਸ਼ੀਨਰੀ ਤੇ ਸਟਾਫ਼ ਤਾਇਨਾਤ ਕੀਤਾ ਜਾਵੇ ਤਾਂ ਜੋ ਵਰਖਾ ਤੋਂ ਤੁਰੰਤ ਬਾਅਦ ਪਾਣੀ ਦੀ ਨਿਕਾਸੀ ਕੀਤੀ ਜਾ ਸਕੇ।