ਮੀਂਹ ਨੇ ਕੀਤੇ ਟਰੈਕ ਦੇ ਕੈਮਰੇ ਬੰਦ, ਜਨਰੇਟਰ ਨੇ ਵੀ ਤੋੜਿਆ ਦਮ ਮੀਂਹ ਨੇ ਕੀਤੇ ਟਰੈਕ ਦੇ ਕੈਮਰੇ ਬੰਦ, ਬਿਜਲੀ ਗਈ ਤਾਂ ਜਨਰੇਟਰ ਨੇ ਵੀ ਤੋੜਿਆ ਦਮ
Publish Date: Mon, 28 Sep 2026 09:04 PM (IST)
Updated Date: Mon, 28 Sep 2026 09:06 PM (IST)
-ਮੀਂਹ ਨੇ ਖੋਲ੍ਹੀ ‘ਹਾਈਟੈੱਕ’ ਪ੍ਰਬੰਧਾਂ ਦੀ ਪੋਲ, ਘੰਟਿਆਂ ਪਕੇਸ਼ਾਨ ਹੋਏ ਲੋਕ, ਪ੍ਰਸ਼ਾਸਨ ਖ਼ਿਲਾਫ਼ ਫੁੱਟਿਆ ਗੁੱਸਾ ਲਖਬੀਰ, ਪੰਜਾਬੀ ਜਾਗਰਣ, ਜਲੰਧਰ : ਖੇਤਰੀ ਟਰਾਂਸਪੋਰਟ ਅਥਾਰਟੀ (ਆਰਟੀਏ) ਜਲੰਧਰ ਦੇ ਆਨਲਾਈਨ ਡਰਾਈਵਿੰਗ ਟੈਸਟ ਟਰੈਕ ’ਤੇ ਸੋਮਵਾਰ ਨੂੰ ਮੀਂਹ ਤੋਂ ਬਾਅਦ ਇਕ ਵਾਰ ਫਿਰ ਤਕਨੀਕੀ ਵਿਵਸਥਾ ਸਵਾਲਾਂ ਦੇ ਘੇਰੇ ’ਚ ਆ ਗਈ। ਮੀਂਹ ਦੌਰਾਨ ਟਰੈਕ ਦੇ ਕੈਮਰੇ ਬੰਦ ਹੋ ਗਏ ਤੇ ਇਸ ਤੋਂ ਬਾਅਦ ਬਿਜਲੀ ਸਪਲਾਈ ਪ੍ਰਭਾਵਿਤ ਹੋਣ ’ਤੇ ਬੈਕਅਪ ਲਈ ਰੱਖਿਆ ਜਨਰੇਟਰ ਵੀ ਚਾਲੂ ਨਹੀਂ ਹੋ ਸਕਿਆ। ਦੋਵੇਂ ਵਿਵਸਥਾਵਾਂ ਪ੍ਰਭਾਵਿਤ ਹੋਣ ਕਾਰਨ ਆਨਲਾਈਨ ਡਰਾਈਵਿੰਗ ਟੈਸਟ ਦੀ ਪ੍ਰਕਿਰਿਆ ਪ੍ਰਭਾਵਿਤ ਹੋਈ ਤੇ ਟੈਸਟ ਦੇਣ ਆਏ ਲੋਕਾਂ ਨੂੰ ਘੰਟਿਆਂ ਪ੍ਰੇਸ਼ਾਨੀ ਝੱਲਣੀ ਪਈ। ਮੀਂਹ ਵਰ੍ਹਿਆ ਤਾਂ ਆਰਟੀਏ ਦੇ ਆਨਲਾਈਨ ਡਰਾਈਵਿੰਗ ਟੈਸਟ ਟਰੈਕ ਦੀ ‘ਹਾਈਟੈੱਕ’ ਵਿਵਸਥਾ ਵੀ ਵਹਿ ਗਈ। ਮੀਂਹ ਪੈਂਦੇ ਹੀ ਕੈਮਰੇ ਬੰਦ ਹੋ ਗਏ, ਬਿਜਲੀ ਗਈ ਤਾਂ ਬੈਕਅਪ ਲਈ ਰੱਖੇ ਜਨਰੇਟਰ ਨੇ ਵੀ ਦਮ ਤੋੜ ਦਿੱਤਾ। ਆਨਲਾਈਨ ਟੈਸਟ ਦੇਣ ਪਹੁੰਚੇ ਲੋਕ ਘੰਟਿਆਂ ਤੱਕ ਟਰੈਕ ’ਤੇ ਖੜ੍ਹੇ ਰਹੇ ਤੇ ਤਕਨੀਕੀ ਵਿਵਸਥਾ ਬਹਾਲ ਹੋਣ ਦੀ ਉਡੀਕ ਕਰਦੇ ਰਹੇ। ਕੁਝ ਘੰਟਿਆਂ ਦੇ ਮੀਂਹ ਨੇ ਆਰਟੀਏ ਦੀ ਤਿਆਰੀ ’ਤੇ ਵੱਡਾ ਸਵਾਲ ਖੜ੍ਹਾ ਕਰ ਦਿੱਤਾ ਜਦੋਂ ਆਮ ਮੀਂਹ ’ਚ ਹੀ ਕੈਮਰੇ ਤੇ ਬੈਕਅਪ ਸਿਸਟਮ ਜਵਾਬ ਦੇ ਜਾਣ ਤਾਂ ਲੋਕਾਂ ਨੂੰ ਆਨਲਾਈਨ ਟੈਸਟ ਦੀ ਸਹੂਲਤ ਦੇਣ ਦੇ ਦਾਅਵੇ ਕਿੰਨੇ ਕਾਰਗਰ ਹਨ। ਆਨਲਾਈਨ ਡਰਾਈਵਿੰਗ ਟੈਸਟ ਦੀ ਪੂਰੀ ਪ੍ਰਕਿਰਿਆ ਕੈਮਰਿਆਂ ਤੇ ਤਕਨੀਕੀ ਸਿਸਟਮ ’ਤੇ ਨਿਰਭਰ ਹੈ। ਕੈਮਰਿਆਂ ਰਾਹੀਂ ਟੈਸਟ ਪ੍ਰਕਿਰਿਆ ਦੀ ਨਿਗਰਾਨੀ ਤੇ ਰਿਕਾਰਡਿੰਗ ਕੀਤੀ ਜਾਂਦੀ ਹੈ। ਅਜਿਹੇ ’ਚ ਕੈਮਰੇ ਬੰਦ ਹੋਣ ਤੋਂ ਬਾਅਦ ਟੈਸਟ ਪ੍ਰਕਿਰਿਆ ਨੂੰ ਅੱਗੇ ਵਧਾਉਣਾ ਮੁਸ਼ਕਲ ਹੋ ਗਿਆ। ਇਸੇ ਦੌਰਾਨ ਬਿਜਲੀ ਸਪਲਾਈ ਬੰਦ ਹੋਣ ਨਾਲ ਸਥਿਤੀ ਹੋਰ ਵਿਗੜ ਗਈ। ਲੋਕਾਂ ਨੂੰ ਉਮੀਦ ਸੀ ਕਿ ਜਨਰੇਟਰ ਰਾਹੀਂ ਬਿਜਲੀ ਵਿਵਸਥਾ ਬਹਾਲ ਹੋ ਜਾਵੇਗੀ, ਪਰ ਜਨਰੇਟਰ ਨੇ ਵੀ ਜਵਾਬ ਦੇ ਦਿੱਤਾ। ------------------------------ ਬਿਜਲੀ ਗਈ ਤਾਂ ਬੈਕਅਪ ਵੀ ਗਿਆ ਟਰੈਕ ’ਤੇ ਜਨਰੇਟਰ ਨੂੰ ਐਮਰਜੈਂਸੀ ਦੌਰਾਨ ਬੈਕਅਪ ਵਜੋਂ ਰੱਖਿਆ ਗਿਆ ਹੈ ਤਾਂ ਜੋ ਬਿਜਲੀ ਸਪਲਾਈ ਪ੍ਰਭਾਵਿਤ ਹੋਣ ਦੇ ਬਾਵਜੂਦ ਆਨਲਾਈਨ ਟੈਸਟ ਪ੍ਰਕਿਰਿਆ ਜਾਰੀ ਰਹਿ ਸਕੇ। ਪਰ ਸੋਮਵਾਰ ਨੂੰ ਲੋੜ ਪੈਣ ’ਤੇ ਜਨਰੇਟਰ ਦੇ ਕੰਮ ਨਾ ਕਰਨ ਕਾਰਨ ਇਸ ਦੀ ਸਾਂਭ-ਸੰਭਾਲ ਤੇ ਨਿਯਮਤ ਜਾਂਚ ਨੂੰ ਲੈ ਕੇ ਸਵਾਲ ਖੜ੍ਹੇ ਹੋ ਗਏ। ਲੋਕਾਂ ਦਾ ਕਹਿਣਾ ਸੀ ਕਿ ਬਿਜਲੀ ਕੱਟ ਕੋਈ ਨਵੀਂ ਗੱਲ ਨਹੀਂ ਹੈ। ਆਨਲਾਈਨ ਟੈਸਟ ਟਰੈਕ ਵਰਗੀ ਮਹੱਤਵਪੂਰਨ ਵਿਵਸਥਾ ਲਈ ਬੈਕਅਪ ਸਿਸਟਮ ਹਰ ਸਮੇਂ ਚਾਲੂ ਹਾਲਤ ’ਚ ਹੋਣਾ ਚਾਹੀਦਾ ਹੈ। ਜੇਕਰ ਬਿਜਲੀ ਜਾਣ ਤੋਂ ਬਾਅਦ ਜਨਰੇਟਰ ਵੀ ਕੰਮ ਨਾ ਕਰੇ ਤਾਂ ਪੂਰੀ ਵਿਵਸਥਾ ਠੱਪ ਹੋਣਾ ਸੁਭਾਵਿਕ ਹੈ। -------------------- ਮੀਂਹ ਆਉਂਦੇ ਹੀ ਕੈਮਰਿਆਂ ’ਤੇ ਸੰਕਟ ਟਰੈਕ ’ਤੇ ਕੈਮਰਿਆਂ ਦੇ ਬੰਦ ਹੋਣ ਨੂੰ ਲੈ ਕੇ ਵੀ ਸਵਾਲ ਉੱਠੇ। ਲੋਕਾਂ ਮੁਤਾਬਕ ਮੀਂਹ ਦੌਰਾਨ ਕੈਮਰਿਆਂ ਤੇ ਤਕਨੀਕੀ ਸਿਸਟਮ ’ਚ ਪ੍ਰੇਸ਼ਾਨੀ ਪਹਿਲਾਂ ਵੀ ਸਾਹਮਣੇ ਆਉਂਦੀ ਰਹੀ ਹੈ। ਇਸ ਦੇ ਬਾਵਜੂਦ ਸਮੱਸਿਆ ਦਾ ਪੱਕਾ ਹੱਲ ਨਹੀਂ ਹੋ ਸਕਿਆ। ਸਵਾਲ ਇਹ ਹੈ ਕਿ ਜੇਕਰ ਟਰੈਕ ’ਤੇ ਲੱਗੇ ਕੈਮਰੇ ਮੀਂਹ ਦੌਰਾਨ ਹੀ ਜਵਾਬ ਦੇਣ ਲੱਗ ਪੈਂਦੇ ਹਨ ਤਾਂ ਉਨ੍ਹਾਂ ਦੀ ਸੁਰੱਖਿਆ ਤੇ ਤਕਨੀਕੀ ਰੱਖ-ਰਖਾਅ ਲਈ ਕੀ ਪ੍ਰਬੰਧ ਕੀਤੇ ਗਏ ਹਨ? ਕੀ ਕੈਮਰਿਆਂ ਦੀ ਨਿਯਮਤ ਜਾਂਚ ਹੁੰਦੀ ਹੈ? ਕੀ ਮੀਂਹ ਤੋਂ ਪਹਿਲਾਂ ਤਕਨੀਕੀ ਸਿਸਟਮ ਦੀ ਟੈਸਟਿੰਗ ਕੀਤੀ ਜਾਂਦੀ ਹੈ? ਸੋਮਵਾਰ ਦੀ ਸਥਿਤੀ ਨੇ ਇਨ੍ਹਾਂ ਸਵਾਲਾਂ ਨੂੰ ਮੁੜ ਸਾਹਮਣੇ ਲਿਆ ਦਿੱਤਾ। -------------------------- ਘੰਟਿਆਂ ਇੰਤਜ਼ਾਰ ਕਰਦੇ ਰਹੇ ਟੈਸਟ ਦੇਣ ਆਏ ਲੋਕ ਡਰਾਈਵਿੰਗ ਟੈਸਟ ਲਈ ਨਿਰਧਾਰਤ ਸਮੇਂ ’ਤੇ ਟਰੈਕ ’ਤੇ ਪਹੁੰਚੇ ਲੋਕਾਂ ਨੂੰ ਤਕਨੀਕੀ ਵਿਵਸਥਾ ਬਹਾਲ ਹੋਣ ਦੀ ਉਡੀਕ ਕਰਨੀ ਪਈ। ਕਈ ਲੋਕਾਂ ਦਾ ਕਹਿਣਾ ਸੀ ਕਿ ਉਹ ਆਪਣਾ ਕੰਮ ਛੱਡ ਕੇ ਤੇ ਸਮਾਂ ਕੱਢ ਕੇ ਟੈਸਟ ਦੇਣ ਪਹੁੰਚੇ ਸਨ, ਪਰ ਮੌਕੇ ’ਤੇ ਪਹੁੰਚਣ ਤੋਂ ਬਾਅਦ ਉਨ੍ਹਾਂ ਨੂੰ ਘੰਟਿਆਂ ਇੰਤਜ਼ਾਰ ਕਰਨਾ ਪਿਆ। ਲੋਕਾਂ ਨੇ ਕਿਹਾ ਕਿ ਆਨਲਾਈਨ ਸਿਸਟਮ ’ਚ ਟੈਸਟ ਲਈ ਸਮਾਂ ਨਿਰਧਾਰਤ ਕੀਤਾ ਜਾਂਦਾ ਹੈ। ਅਜਿਹੇ ’ਚ ਜੇਕਰ ਵਿਭਾਗੀ ਵਿਵਸਥਾ ’ਚ ਤਕਨੀਕੀ ਖਰਾਬੀ ਆ ਜਾਵੇ ਤੇ ਲੋਕਾਂ ਨੂੰ ਲੰਮੇ ਸਮੇਂ ਤੱਕ ਉਡੀਕ ਕਰਨੀ ਪਵੇ ਤਾਂ ਉਨ੍ਹਾਂ ਦੇ ਸਮੇਂ ਦੀ ਭਰਪਾਈ ਕੌਣ ਕਰੇਗਾ? ਲੋਕਾਂ ਨੇ ਪ੍ਰਸ਼ਾਸਨ ਤੋਂ ਮੰਗ ਕੀਤੀ ਕਿ ਤਕਨੀਕੀ ਖਰਾਬੀ ਦੀ ਸਥਿਤੀ ’ਚ ਸਪੱਸ਼ਟ ਬਦਲਵੀਂ ਵਿਵਸਥਾ ਬਣਾਈ ਜਾਵੇ। ------------------------- ਲੋਕਾਂ ਨੇ ਪ੍ਰਸ਼ਾਸ਼ਨ ਨੂੰ ਜੰਮ ਕੇ ਕੋਸਿਆ ਮੀਂਹ ਨੇ ਇਕ ਵਾਰ ਫਿਰ ਆਰਟੀਏ ਦੀ ਆਨਲਾਈਨ ਟੈਸਟ ਵਿਵਸਥਾ ਦੇ ਰੱਖ-ਰਖਾਅ ’ਤੇ ਸਵਾਲ ਖੜ੍ਹੇ ਕਰ ਦਿੱਤੇ ਹਨ। ਲੋਕਾਂ ਦਾ ਕਹਿਣਾ ਸੀ ਕਿ ਆਨਲਾਈਨ ਡਰਾਈਵਿੰਗ ਟੈਸਟ ਨੂੰ ਆਧੁਨਿਕ ਤੇ ਪਾਰਦਰਸ਼ੀ ਬਣਾਉਣ ਲਈ ਤਕਨੀਕ ਦੀ ਵਰਤੋਂ ਕੀਤੀ ਜਾ ਰਹੀ ਹੈ, ਪਰ ਜੇਕਰ ਕੈਮਰੇ ਤੇ ਬਿਜਲੀ ਬੈਕਅਪ ਵਰਗੀਆਂ ਬੁਨਿਆਦੀ ਵਿਵਸਥਾਵਾਂ ਹੀ ਲੋੜ ਵੇਲੇ ਕੰਮ ਨਹੀਂ ਕਰਨਗੀਆਂ ਤਾਂ ਪੂਰੀ ਪ੍ਰਕਿਰਿਆ ਪ੍ਰਭਾਵਿਤ ਹੋਣਾ ਤੈਅ ਹੈ। ਲੋਕਾਂ ਨੇ ਪ੍ਰਸ਼ਾਸਨ ਨੂੰ ਜਮ ਕੇ ਕੋਸਦਿਆਂ ਮੰਗ ਕੀਤੀ ਕਿ ਟਰੈਕ ਦੇ ਸਾਰੇ ਕੈਮਰਿਆਂ, ਬਿਜਲੀ ਵਿਵਸਥਾ, ਜਨਰੇਟਰ ਤੇ ਹੋਰ ਤਕਨੀਕੀ ਉਪਕਰਨਾਂ ਦੀ ਤੁਰੰਤ ਜਾਂਚ ਕਰਵਾਈ ਜਾਵੇ। ਨਾਲ ਹੀ ਇਹ ਵੀ ਯਕੀਨੀ ਬਣਾਇਆ ਜਾਵੇ ਕਿ ਮੀਂਹ ਜਾਂ ਬਿਜਲੀ ਕੱਟ ਕਾਰਨ ਭਵਿੱਖ ’ਚ ਟੈਸਟ ਦੇਣ ਵਾਲਿਆਂ ਨੂੰ ਪ੍ਰੇਸ਼ਾਨੀ ਨਾ ਝੱਲਣੀ ਪਵੇ।