ਅਪ੍ਰੈਲ ਮਹੀਨੇ ਦਾ ਪਹਿਲਾ

ਅਪ੍ਰੈਲ ਮਹੀਨੇ ਦਾ ਪਹਿਲਾ ਹਫ਼ਤਾ ਬੀਤ ਜਾਣ ਦੇ ਬਾਵਜੂਦ ਮੱਠੀ ਰਫ਼ਤਾਰ ਨਾਲ ਹੋ ਰਿਹੈ ਕੰਮ
ਜਾਸ, ਜਲੰਧਰ : ਸ਼ਹਿਰ ’ਚ ਪਿਛਲੇ ਇਕ ਮਹੀਨੇ ’ਚ ਚੌਥੀ ਵਾਰ ਪਏ ਮੀਂਹ ਕਾਰਨ ਸੜਕਾਂ ਬਣਾਉਣ ਦਾ ਕੰਮ ਲਗਾਤਾਰ ਰੁਕ ਗਿਆ ਹੈ। ਬੇਮੌਸਮੇ ਪੈ ਰਹੇ ਮੀਂਹ ਕਾਰਨ ਟੁੱਟੀਆਂ ਸੜਕਾਂ ’ਤੇ ਲੁਕ-ਬਜਰੀ ਪਾਉਣ ਦਾ ਕੰਮ ਪ੍ਰਭਾਵਿਤ ਹੋ ਰਿਹਾ ਹੈ, ਜਿਸ ਕਾਰਨ ਅਪ੍ਰੈਲ ਮਹੀਨੇ ਦਾ ਪਹਿਲਾ ਹਫ਼ਤਾ ਬੀਤ ਜਾਣ ਦੇ ਬਾਵਜੂਦ ਸੜਕਾਂ ਬਣਾਉਣ ਦੇ ਕੰਮ ਨੇ ਕੋਈ ਰਫ਼ਤਾਰ ਨਹੀਂ ਫੜੀ। ਕਈ ਵਾਰ ਸੜਕ ਬਣਾਉਣ ’ਚ ਲੱਗੀ ਠੇਕੇਦਾਰ ਦੀ ਮਸ਼ੀਨਰੀ ਨੂੰ ਬੰਦ ਕਰਨਾ ਪਿਆ ਹੈ। ਖਾਸ ਕਰ ਕੇ ਸਰਫੇਸ ਵਾਟਰ ਪ੍ਰੋਜੈਕਟ ਦੀ ਪਾਈਪ ਲਾਈਨ ਪਾਉਣ ਲਈ ਪੁੱਟੀ ਕੀਤੀ ਗਈ ਸੜਕ ਦਾ ਕੰਮ ਵਾਰ-ਵਾਰ ਪੈਂਡਿੰਗ ਹੋ ਰਿਹਾ ਹੈ, ਜਿੱਥੇ ਪ੍ਰੀਮਿਕਸ ਪਾਉਣ ਮਗਰੋਂ ਮੀਂਹ ਕਾਰਨ ਕੰਮ ਰੁਕ ਗਿਆ ਹੈ। ਇਸ ਕਾਰਨ ਪਿਛਲੇ ਇਕ ਮਹੀਨੇ ਤੋਂ ਗੁਰੂ ਰਵਿਦਾਸ ਚੌਕ ਤੋਂ ਮੈਨਬ੍ਰੋ ਚੌਕ ਤੱਕ ਤੇ ਮਹਾਵੀਰ ਮਾਰਗ ਨੂੰ ਬਣਾਉਣ ਦਾ ਕੰਮ ਲਟਕਿਆ ਹੋਇਆ ਹੈ।
ਸਮਾਰਟ ਸਿਟੀ ਦੇ ਸਰਫੇਸ ਵਾਟਰ ਪ੍ਰੋਜੈਕਟ ਦੀ ਪਾਈਪ ਪਾਉਣ ਲਈ ਮਹਾਵੀਰ ਮਾਰਗ, ਗੁਰੂ ਰਵਿਦਾਸ ਚੌਕ ਤੇ ਮਾਡਲ ਟਾਊਨ ਸ਼ਮਸ਼ਾਨਘਾਟ ਤੋਂ ਖੁਰਲਾ ਕਿੰਗਰਾ ਜਾਣ ਵਾਲੀ ਸੜਕ ਪੁੱਟੀ ਗਈ ਸੀ। ਬਾਅਦ ’ਚ ਪਿਛਲੇ ਸਾਲ ਮੌਨਸੂਨ ਦੌਰਾਨ ਲੋਕਾਂ ਨੇ ਇਨ੍ਹਾਂ ਸੜਕਾਂ ’ਤੇ ਮੁਸ਼ਕਲਾਂ ਦਾ ਸਾਹਮਣਾ ਕੀਤਾ ਪਰ ਬੇਸਵਰਕ ਪੂਰਾ ਨਾ ਹੋਣ ਕਾਰਨ ਸੜਕ ਨਹੀਂ ਬਣ ਸਕੀ। ਬਾਅਦ ’ਚ ਮੌਸਮ ਬਦਲਿਆ ਤਾਂ ਸੜਕ ਦੇ ਬੇਸਵਰਕ ਮਗਰੋਂ ਪ੍ਰੀਮਿਕਸ ਪਾਉਣ ਦਾ ਕੰਮ ਸ਼ੁਰੂ ਹੋਇਆ, ਜੋ ਹੁਣ ਬੇਮੌਸਮੇ ਮੀਂਹ ਕਾਰਨ ਇਕ ਮਹੀਨੇ ’ਚ ਚੌਥੀ ਵਾਰ ਰੁਕ ਚੁੱਕਾ ਹੈ।
---
ਨਗਰ ਨਿਗਮ ਦੇ ਬੀਐਂਡਆਰ ਬ੍ਰਾਂਚ ਦੇ ਐੱਸਈ ਰਜਨੀਸ਼ ਡੋਗਰਾ ਤੇ ਐੱਸਈ ਰਾਹੁਲ ਧਵਨ ਦਾ ਕਹਿਣਾ ਹੈ ਕਿ ਹੁਣ ਤੱਕ ਗੁਰੂ ਰਵਿਦਾਸ ਚੌਕ ਤੋਂ ਮੈਨਬ੍ਰੋ ਚੌਕ ਤੱਕ ਪ੍ਰੀਮਿਕਸ ਪਾਉਣ ਦਾ ਕੰਮ ਪੂਰਾ ਹੋ ਚੁੱਕਾ ਹੈ ਪਰ ਹੁਣ ਵੀ ਮੈਨਬ੍ਰੋ ਚੌਕ ਤੋਂ ਜੀਟੀਬੀ ਨਗਰ ਰੋਡ ਦਾ ਕੰਮ ਰੁਕਿਆ ਹੋਇਆ ਹੈ। ਜੋ ਹੁਣ ਤਾਪਮਾਨ ਠੀਕ ਹੋਣ ’ਤੇ ਅਗਲੇ ਹਫ਼ਤੇ ਪੂਰਾ ਹੋ ਜਾਵੇਗਾ, ਉਦੋਂ ਤੱਕ ਰੋਡ ਦੇ ਬੇਸਵਰਕ ਦਾ ਕੰਮ ਕਰਵਾਇਆ ਜਾ ਰਿਹਾ ਹੈ। ਦੂਜੇ ਪਾਸੇ ਮਹਾਵੀਰ ਮਾਰਗ ’ਤੇ ਵੀ ਕਰੀਬ 80 ਫੀਸਦੀ ਪੁੱਟੀ ਗਈ ਸੜਕ ’ਤੇ ਪ੍ਰੀਮਿਕਸ ਪਾਉਣ ਦਾ ਕੰਮ ਹੋ ਚੁੱਕਾ ਹੈ ਪਰ ਮੌਸਮ ਬਦਲਣ ਕਾਰਨ ਬਚੀ ਹੋਈ ਸੜਕ, ਗਲੀ ਤੇ ਕੱਚਾ ਕੰਮ ਕਰਵਾਇਆ ਜਾ ਰਿਹਾ ਹੈ, ਜਿੱਥੇ ਤਾਪਮਾਨ ਠੀਕ ਹੋਣ 'ਤੇ ਪ੍ਰੀਮਿਕਸ ਪਾਉਣ ਦਾ ਕੰਮ ਕੀਤਾ ਜਾਵੇਗਾ।
---
ਨੈਸ਼ਨਲ ਹਾਈਵੇ ’ਤੇ ਵੀ ਆਵਾਜਾਈ ਪ੍ਰਭਾਵਿਤ, ਪੁੱਟੀ ਸੜਕ ’ਤੇ ਚਿੱਕੜ
ਨੈਸ਼ਨਲ ਹਾਈਵੇ ਦੇ ਸਰਵਿਸ ਰੋਡ 'ਤੇ ਸਰਫੇਸ ਵਾਟਰ ਪ੍ਰੋਜੈਕਟ ਦੀ ਪਾਈਪਲਾਈਨ ਪਾਉਣ ਦਾ ਕੰਮ ਪਿਛਲੇ ਦੋ ਮਹੀਨਿਆਂ ਤੋਂ ਚੱਲ ਰਿਹਾ ਹੈ। ਇਸ ਦੌਰਾਨ ਵਾਰ-ਵਾਰ ਬਰਸਾਤ ਕਾਰਨ ਸਰਵਿਸ ਰੋਡ ’ਤੇ ਦੋਹਰੀਆਂ ਮੁਸ਼ਕਲਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਮੌਜੂਦਾ ਸਮੇਂ ’ਚ ਸਰਵਿਸ ਰੋਡ 'ਤੇ ਤਿੰਨ ਹਿੱਸਿਆਂ ’ਚ ਸੜਕ ਪੁੱਟਣ ਦਾ ਕੰਮ ਚੱਲ ਰਿਹਾ ਹੈ। ਇਸ ’ਚ ਪਠਾਨਕੋਟ ਚੌਕ ਤੋਂ ਟ੍ਰਾਂਸਪੋਰਟ ਨਗਰ ਚੌਕ ਤੱਕ, ਦੂਜਾ ਲੰਮਾ ਪਿੰਡ ਚੌਕ ਤੋਂ ਪਠਾਨਕੋਟ ਚੌਕ ਤੱਕ ਤੇ ਲੰਮਾ ਪਿੰਡ ਚੌਕ ਤੋਂ ਸੂਰਿਆ ਐਨਕਲੇਵ ਦੀ ਵੱਲ ਜਾਣ ਵਾਲੀ ਸਰਵਿਸ ਰੋਡ ’ਤੇ ਪ੍ਰੇਮ ਨਗਰ ਤੱਕ ਸੜਕ ਪੁੱਟੀ ਹੋ ਚੁੱਕੀ ਹੈ। ਸਰਵਿਸ ਰੋਡ ਪੁੱਟਣ ਕਾਰਨ ਟ੍ਰੈਫਿਕ ਨੂੰ ਗਲਤ ਪਾਸਿਓਂ ਤੋਂ ਮੇਨ ਹਾਈਵੇ ’ਤੇ ਜਾਣ ਲਈ ਮਜਬੂਰ ਹੋਣਾ ਪੈ ਰਿਹਾ ਹੈ, ਜਦਕਿ ਬਰਸਾਤ ਕਾਰਨ ਸਰਵਿਸ ਰੋਡ ਪੁੱਟਣ ਮਗਰੋਂ ਪੱਧਰਾ ਕੀਤੀ ਗਈ ਸੜਕ ’ਤੇ ਚਿੱਕੜ ਕਾਰਨ ਵੀ ਆਵਾਜਾਈ ਦਾ ਲੰਘਣਾ ਮੁਸ਼ਕਲ ਹੋ ਰਿਹਾ ਹੈ। ਮੌਸਮ ਠੀਕ ਹੋਣ ਤੱਕ ਨੈਸ਼ਨਲ ਹਾਈਵੇ ’ਤੇ ਇਹ ਮੁਸ਼ਕਲ ਜਾਰੀ ਰਹੇਗੀ, ਉਦੋਂ ਧੁੱਪ ਨਿਕਲਣ ਤੋਂ ਬਾਅਦ ਧੂੜ-ਮਿੱਟੀ ਦੇ ਗੁਬਾਰ ਨੂੰ ਰੋਕਣ ਲਈ ਦਿਨ ’ਚ ਟੈਕਰ ਨਾਲ ਪਾਣੀ ਛਿੜਕਣਾ ਪੈਂਦਾ ਹੈ।