ਰੇਲਵੇ ਨੇ 87 ਲੱਖ ਦੀ ਵਾਟਰ ਸੀਵਰੇਜ ਦੀ ਅਦਾਇਗੀ ਦੀ 27 ਮਾਰਚ ਤੱਕ ਦਿੱਤੀ ਮੋਹਲਤ

-2019 ਤੋਂ 7 ਸਾਲਾਂ ਦਾ ਹੈ ਬਕਾਇਆ ਵਾਟਰ ਸੀਵਰੇਜ ਦਾ ਬਿੱਲ
ਮਦਨ ਭਾਰਦਵਾਜ, ਪੰਜਾਬੀ ਜਰਾਗਰਣ, ਜਲੰਧਰ
ਨਗਰ ਨਿਗਮ ਵੱਲੋਂ ਡਿਫਾਲਟਰਾਂ ਵਿਰੁੱਧ ਸ਼ੁਰੂ ਕੀਤੀ ਗਈ ਮੁਹਿੰਮ ਅਧੀਨ ਮੰਗਲਵਾਰ ਨੂੰ ਰੇਲਵੇ ਸਟੇਸ਼ਨ ਦੇ ਵਾਟਰ ਸਪਲਾਈ ਤੇ ਸੀਵਰੇਜ ਦੇ ਬਕਾਇਆ 87 ਲੱਖ ਰੁਪਏ ਦੀ ਅਦਾਇਗੀ ਨੂੰ ਲੈ ਕੈ ਜਿਥੇ ਨਗਰ ਨਿਗਮ ਤੇ ਰੇਲਵੇ ਦੇ ਅਧਿਕਾਰੀ ਆਹਮੋ-ਸਾਹਮਣੇ ਹੋ ਗਏ, ਉਥੇ ਬਾਅਦ ’ਚ ਉੱਚ ਅਧਿਕਾਰੀਆਂ ਦੀ ਗੱਲਬਾਤ ਮਗਰੋਂ ਰੇਲਵੇ ਨੂੰ 27 ਮਾਰਚ ਤਕ ਅਦਾਇਗੀ ਦੀ ਮੋਹਲਤ ਦਿੱਤੀ ਗਈ ਹੈ। ਜੇ ਉਸ ਨੇ 27 ਮਾਰਚ ਨੂੰ 87 ਲੱਖ ਰੁਪਏ ਦੇ ਬਕਾਇਆ ਬਿੱਲ ਦੀ ਰਕਮ ਜਮ੍ਹਾਂ ਨਹੀਂ ਕਰਵਾਈ ਤਾਂ ਵਾਟਰ ਸੀਵਰੇਜ ਦਾ ਕੁਨੈਕਸ਼ਨ ਕੱਟ ਦਿੱਤਾ ਜਾਵੇਗਾ। ਮੰਗਲਵਾਰ ਨੂੰ ਚੀਫ ਕੁਲੈਕਟਰ ਅਸ਼ਵਨੀ ਗਿੱਲ ਦੀ ਅਗਵਾਈ ’ਚ ਰੇਲਵੇ ਸਟੇਸ਼ਨ ਤੇ ਪਾਣੀ ਤੇ ਸੀਵਰੇਜ ਦਾ ਕੁਨੈਕਸ਼ਨ ਕੱਟਣ ਗਈ ਤਾਂ ਉਥੇ ਰੇਲਵੇ ਦੇ ਅਧਿਕਾਰੀ ਇੱਕਠੇ ਹੋ ਗਏ। ਇਸ ਮਗਰੋਂ ਸਟੇਸ਼ਨ ਸੁਪਰਡੈਂਟ ਹਰੀ ਦੱਤ ਸ਼ਰਮਾ ਦੇ ਦਫਤਰ ’ਚ ਗੱਲਬਾਤ ਕੀਤੀ ਤੇ ਉਨ੍ਹਾਂ ਨੇ ਫੰਡ ਨਾ ਹੋਣ ਦੀ ਗੱਲ ਕੀਤੀ ਜਿਸ ’ਤੇ ਅਸ਼ਵਨੀ ਗਿੱਲ ਨੇ ਕਿਹਾ ਕਿ ਫਿਰ ਤਾਂ ਉਹ ਕੁਨੈਕਸ਼ਨ ਕੱਟਣ ਲਈ ਮਜਬੂਰ ਹੋਵਾਂਗੇ। ਇਸ ’ਤੇ ਰੇਲਵੇ ਅਧਿਕਾਰੀਆਂ ਨੇ ਕੁਝ ਮੋਹਲਤ ਮੰਗੀ ਜਿਸ ’ਤੇ ਨਗਰ ਨਿਗਮ ਦੀ ਸੰਯੁਕਤ ਕਮਿਸ਼ਨਰ ਡਾ. ਸੁਮਨਦੀਪ ਕੌਰ ਨੇ ਮੋਬਾਈਲ ਫੋਨ ’ਤੇ ਹੋਈ ਗੱਲਬਾਤ ਦੌਰਾਨ ਸਪੱਸ਼ਟ ਕੀਤਾ ਕਿ ਜੇ ਅਦਾਇਗੀ ਨਹੀਂ ਹੁੰਦੀ ਤਾਂ ਫਿਰ ਕੁਨੈਕਸ਼ਨ ਹਰ ਹਾਲਾਤ ’ਚ ਕੱਟਿਆ ਜਾਵੇਗਾ। ਇਸ ਮਗਰੋਂ ਸਟੇਸ਼ਨ ਸੁਪਰਡੈਂਟ ਨੇ ਰੇਲਵੇ ਦੇ ਹੈੱਡ ਕੁਆਰਟਰ ਫਿਰੋਜ਼ਪੁਰ ਵਿਖੇ ਗੱਲਬਾਤ ਕੀਤੀ ਪਰ ਕੋਈ ਗੱਲ ਨਾ ਬਣੀ। ਬਾਅਦ ’ਚ ਫਿਰੋਜ਼ਪੁਰ ਰੇਲਵੇ ਮੰਡਲ ਦੇ ਪ੍ਰਬੰਧਕ ਤੇ ਨਿਗਮ ਕਮਿਸ਼ਨਰ ਸੰਦੀਪ ਰਿਸ਼ੀ ਨਾਲ ਮੋਬਾਈਲ ’ਤੇ ਗੱਲਬਾਤ ਹੋਈ। ਇਸ ਮਗਰੋਂ ਰੇਲਵੇ ਨੂੰ 27 ਮਾਰਚ ਤੱਕ 87 ਲੱਖ ਦੀ ਅਦਾਇਗੀ ਕਰਨ ਦੀ ਮੋਹਲਤ ਦੇ ਕੇ ਟੀਮ ਰੇਲਵੇ ਸਟੇਸ਼ਨ ਤੋਂ ਪਰਤ ਆਈ।
----------------------
ਕਰੋਨਾ ਕਾਲ ਤੋਂ ਪੈਂਡਿੰਗ ਹੈ ਅਦਾਇਗੀ : ਗਿੱਲ
ਇਸ ਦੌਰਾਨ ਵਾਟਰ ਸਪਲਾਈ ਦੇ ਚੀਫ ਕੁਲੈਕਟਰ ਅਸ਼ਵਨੀ ਗਿੱਲ ਨੇ ਕਿਹਾ ਕਿ ਰੇਲਵੇ ਨੇ 2019 ਤੋਂ ਕਰੋਨਾ ਕਾਲ ਦੇ ਸਮੇਂ ਤੋਂ ਲੈ ਕੇ ਹੁਣ ਤੱਕ ਦਾ ਕੋਈ ਵੀ ਬਿੱਲ ਅਦਾ ਨਹੀਂ ਕੀਤਾ ਤੇ ਉਸ ਨੂੰ ਬਕਾਇਦਾ ਪਿਛਲੇ 7 ਸਾਲਾਂ ਦੌਰਾਨ ਨੋਟਿਸ ਵੀ ਭੇਜੇ ਗਏ ਪਰ ਰੇਲਵੇ ਨੇ ਉਨ੍ਹਾਂ ਨੂੰ ਨਜ਼ਰਅੰਦਾਜ਼ ਕੀਤਾ, ਜਿਸ ਕਾਰਨ ਮੰਗਲਵਾਰ ਨੂੰ ਵਸੂਲੀ ਲਈ ਗਏ ਸਟਾਫ ਅਸ਼ਵਨੀ ਗਿੱਲ, ਯੋਗੇਸ਼ ਸ਼ਰਮਾ ਤੇ ਰਾਜਿੰਦਰ ਸਭਰਵਾਲ ਆਦਿ ਨੇ ਕੁਨੈਕਸ਼ਨ ਕੱਟਣ ਦਾ ਯਤਨ ਕੀਤਾ ਤਾਂ ਫਿਰ ਉੱਚ ਅਧਿਕਾਰੀਆਂ ਦੀ ਗੱਲਬਾਤ ਹੋਣ ਤੇ 27 ਮਾਰਚ ਨੂੰ ਰਕਮ ਜਮ੍ਹਾਂ ਹੋਣ ਦੇ ਭਰੋਸੇ ਮਗਰੋਂ ਟੀਮ ਵਾਪਸ ਆ ਗਈ।
----------------------
22 ਕਰੋੜ ਦਾ ਹੈ ਬਜਟ
ਨਗਰ ਨਿਗਮ ਦੀ ਵਾਟਰ ਸਪਲਾਈ ਸ਼ਾਖਾ ਦਾ ਸਾਲ 2025-26 ਦਾ ਬਜਟ ਟੀਚਾ 22 ਕਰੋੜ ਹੈ ਜਦਕਿ ਹੁਣ ਤੱਕ 16 ਕਰੋੜ ਦੀ ਵਸੂਲੀ ਹੋ ਚੁੱਕੀ ਹੈ ਤੇ ਵਾਟਰ ਸਪਲਾਈ ਸ਼ਾਖਾ 31 ਮਾਰਚ ਤੱਕ ਬਜਟ ਟੀਚੇ ਨੇੜੇ ਪੁੱਜਣ ਦਾ ਯਤਨ ਕਰ ਰਹੀ ਹੈ।