- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼
ਜਲੰਧਰ ਨਗਰ ਨਿਗਮ ਵੱਲੋਂ 41 ਲੱਖ ਰੁਪਏ ਦੀਆਂ ਤਿਰੰਗਾ ਲਾਈਟਾਂ ਦੀ ਖਰੀਦ ’ਤੇ ਉੱਠੇ ਸਵਾਲ

ਭਾਜਪਾ ਕੌਂਸਲਰਾਂ ਵੱਲੋਂ ਨਿਰਪੱਖ ਜਾਂਚ ਦੀ ਮੰਗ
ਸੀਨੀਅਰ ਸਟਾਫ ਰਿਪੋਰਟਰ, ਪੰਜਾਬੀ ਜਾਗਰਣ, ਜਲੰਧਰ : ਜਲੰਧਰ ਨਗਰ ਨਿਗਮ ਵੱਲੋਂ ਸ਼ਹਿਰ ਦੀਆਂ ਪ੍ਰਮੁੱਖ ਸੜਕਾਂ ਦੇ ਸਟਰੀਟ ਲਾਈਟਾਂ ਵਾਲੇ ਖੰਭਿਆਂ ’ਤੇ ਤਿਰੰਗਾ ਰੋਪ ਲਾਈਟਾਂ ਲਗਾਉਣ ਲਈ ਕਥਿਤ ਤੌਰ ’ਤੇ 41 ਲੱਖ ਰੁਪਏ ਖਰਚ ਕੀਤੇ ਜਾਣ ਦੇ ਮਾਮਲੇ ਨੇ ਕਈ ਗੰਭੀਰ ਸਵਾਲ ਖੜ੍ਹੇ ਕਰ ਦਿੱਤੇ ਹਨ। ਭਾਜਪਾ ਕੌਂਸਲਰਾਂ ਦੇ ਵਿਰੋਧੀ ਧਿਰ ਦੇ ਨੇਤਾ ਮਨਜੀਤ ਸਿੰਘ ਟੀਟੂ ਦੀ ਅਗਵਾਈ ਹੇਠ ਭਾਜਪਾ ਕੌਂਸਲਰਾਂ ਨੇ ਇਸ ਪੂਰੇ ਮਾਮਲੇ ਦੀ ਨਿਰਪੱਖ ਜਾਂਚ ਕਰਵਾਉਣ ਤੇ ਲੋਕਾਂ ਦੇ ਪੈਸੇ ਦੇ ਖਰਚ ਦਾ ਪੂਰਾ ਵੇਰਵਾ ਜਨਤਕ ਕਰਨ ਦੀ ਮੰਗ ਕੀਤੀ ਹੈ। ਨਗਰ ਨਿਗਮ ਵੱਲੋਂ ਸ਼ਹਿਰ ਦੀਆਂ 9 ਪ੍ਰਮੁੱਖ ਸੜਕਾਂ ਦੇ 735 ਸਟਰੀਟ ਲਾਈਟਾਂ ਵਾਲੇ ਖੰਭਿਆਂ ’ਤੇ 18 ਮੀਟਰ ਲੰਬੀਆਂ ਤਿਰੰਗਾ ਰੋਪ ਲਾਈਟਾਂ ਲਗਾਉਣ ਲਈ ਲਗਭਗ 41 ਲੱਖ ਰੁਪਏ ਦਾ ਠੇਕਾ ਦਿੱਤਾ ਗਿਆ। ਨਗਰ ਨਿਗਮ ਵੱਲੋਂ ਇੱਕ ਲਾਈਟ ਦੀ ਅੰਦਾਜ਼ਨ ਕੀਮਤ 5,200 ਰੁਪਏ ਤੈਅ ਕੀਤੀ ਗਈ, ਜਦਕਿ ਬਾਜ਼ਾਰ ਵਿੱਚ ਅਜਿਹੀਆਂ ਲਾਈਟਾਂ ਦੀ ਕੀਮਤ ਲਗਭਗ 1,320 ਤੋਂ 1,450 ਰੁਪਏ ਦੱਸੀ ਗਈ ਹੈ।
ਇਸ ਤਰ੍ਹਾਂ ਪ੍ਰਤੀ ਲਾਈਟ ਕੀਮਤ ਵਿੱਚ ਲਗਭਗ 3,750 ਰੁਪਏ ਦਾ ਫਰਕ ਸਾਹਮਣੇ ਆਇਆ ਹੈ। ਏਸ਼ੀਅਨ ਚੈਂਪੀਅਨਜ਼ ਟਰਾਫੀ ਦੇ ਮੱਦੇਨਜ਼ਰ ਇਸ ਕੰਮ ਨੂੰ ਐਮਰਜੈਂਸੀ ਦੱਸ ਕੇ ਬਿਨਾਂ ਟੈਂਡਰ ਪ੍ਰਕਿਰਿਆ ਦੇ ਸਿੱਧਾ ਸਥਾਨਕ ਠੇਕੇਦਾਰ ਨੂੰ ਕੰਮ ਸੌਂਪਣ ਦੇ ਮਾਮਲੇ ’ਤੇ ਵੀ ਸਵਾਲ ਉੱਠੇ ਹਨ। ਇਸ ਮੌਕੇ ਭਾਜਪਾ ਕੌਂਸਲਰਾਂ ਦੇ ਵਿਰੋਧੀ ਧਿਰ ਦੇ ਨੇਤਾ ਮਨਜੀਤ ਸਿੰਘ ਟੀਟੂ ਨੇ ਕਿਹਾ ਕਿ ਲੋਕਾਂ ਦਾ ਪੈਸਾ ਲੋਕਾਂ ਦੀ ਭਲਾਈ ਲਈ ਹੁੰਦਾ ਹੈ, ਨਾ ਕਿ ਕਿਸੇ ਵੀ ਤਰ੍ਹਾਂ ਦੇ ਸ਼ੱਕੀ ਖਰਚ ਜਾਂ ਬੇਲੋੜੀ ਖਰੀਦ ਲਈ। ਜਦੋਂ ਬਾਜ਼ਾਰ ਵਿੱਚ ਉਪਲੱਬਧ ਚੀਜ਼ ਦੀ ਕੀਮਤ ਅਤੇ ਨਗਰ ਨਿਗਮ ਵੱਲੋਂ ਤੈਅ ਕੀਤੀ ਕੀਮਤ ’ਚ ਇੰਨਾ ਵੱਡਾ ਫਰਕ ਹੋਵੇ ਤਾਂ ਨਗਰ ਨਿਗਮ ਪ੍ਰਸ਼ਾਸਨ ਨੂੰ ਇਸ ਦਾ ਜਵਾਬ ਦੇਣਾ ਚਾਹੀਦਾ ਹੈ। ਅਸੀਂ ਮੰਗ ਕਰਦੇ ਹਾਂ ਕਿ ਇਸ ਪੂਰੇ ਮਾਮਲੇ ਦੀ ਨਿਰਪੱਖ ਜਾਂਚ ਹੋਵੇ ਅਤੇ ਖਰੀਦ ਨਾਲ ਸਬੰਧਤ ਸਾਰੇ ਦਸਤਾਵੇਜ਼ ਜਨਤਕ ਕੀਤੇ ਜਾਣ।
ਕੌੰਸਲਰ ਪ੍ਰੋ. ਕੰਵਰ ਸਰਤਾਜ ਸਿੰਘ ਨੇ ਕਿਹਾ, ‘ਨਗਰ ਨਿਗਮ ਦੇ ਕੰਮਕਾਜ ’ਚ ਪਾਰਦਰਸ਼ਤਾ ਤੇ ਵਿੱਤੀ ਜਵਾਬਦੇਹੀ ਬਹੁਤ ਜ਼ਰੂਰੀ ਹੈ। ਵਿਕਾਸ ਦੇ ਨਾਂ ’ਤੇ ਲੋਕਾਂ ਦੇ ਪੈਸੇ ਦੀ ਵਰਤੋਂ ਸਹੀ ਕੀਮਤਾਂ ਤੇ ਨਿਯਮਾਂ ਅਨੁਸਾਰ ਹੋਣੀ ਚਾਹੀਦੀ ਹੈ। ਇਸ ਮਾਮਲੇ ’ਚ ਖਰੀਦ ਦੀ ਕੀਮਤ ਤੈਅ ਕਰਨ ਦੇ ਆਧਾਰ ਤੇ ਭੁਗਤਾਨ ਸਬੰਧੀ ਪੂਰੀ ਜਾਣਕਾਰੀ ਜਨਤਕ ਕੀਤੀ ਜਾਵੇ।’ ਕੌੰਸਲਰ ਰਾਜੀਵ ਢੀਂਗਰਾ ਨੇ ਕਿਹਾ ਕਿ ਬਿਨਾਂ ਪਾਰਦਰਸ਼ੀ ਟੈਂਡਰ ਪ੍ਰਕਿਰਿਆ ਦੇ ਕੰਮ ਸੌਂਪੇ ਜਾਣ ਦੀ ਖ਼ਬਰ ਬੇਹੱਦ ਗੰਭੀਰ ਹੈ। ਐਮਰਜੈਂਸੀ ਦੇ ਨਾਂ ’ਤੇ ਨਿਯਮਾਂ ਨੂੰ ਨਜ਼ਰਅੰਦਾਜ਼ ਨਹੀਂ ਕੀਤਾ ਜਾਣਾ ਚਾਹੀਦਾ। ਨਗਰ ਨਿਗਮ ਦੱਸੇ ਕਿ ਇਸ ਖਰੀਦ ਲਈ ਕਿੰਨੇ ਕੋਟੇਸ਼ਨ ਲਏ ਗਏ ਅਤੇ ਠੇਕੇਦਾਰ ਦੀ ਚੋਣ ਕਿਸ ਆਧਾਰ ’ਤੇ ਕੀਤੀ ਗਈ। ਕੌੰਸਲਰ ਅਜੈ ਕੁਮਾਰ ਬੱਬਲ ਨੇ ਕਿਹਾ ਕਿ ਜਲੰਧਰ ਦੇ ਲੋਕ ਵਧੀਆ ਸੜਕਾਂ, ਸਫ਼ਾਈ, ਸੀਵਰੇਜ ਤੇ ਸਟਰੀਟ ਲਾਈਟਾਂ ਵਰਗੀਆਂ ਬੁਨਿਆਦੀ ਸਹੂਲਤਾਂ ਦੀ ਉਮੀਦ ਕਰਦੇ ਹਨ। ਲੋਕਾਂ ਦੇ ਪੈਸੇ ਦੀ ਵਰਤੋਂ ਬੇਲੋੜੇ ਮਹਿੰਗੇ ਪ੍ਰੋਜੈਕਟਾਂ ’ਤੇ ਨਹੀਂ ਹੋਣੀ ਚਾਹੀਦੀ। ਜੇ ਜਾਂਚ ਦੌਰਾਨ ਕੋਈ ਵਿੱਤੀ ਬੇਨਿਯਮੀ ਸਾਹਮਣੇ ਆਉਂਦੀ ਹੈ ਤਾਂ ਜ਼ਿੰਮੇਵਾਰ ਅਧਿਕਾਰੀਆਂ ਅਤੇ ਸਬੰਧਤ ਲੋਕਾਂ ਖ਼ਿਲਾਫ਼ ਬਣਦੀ ਕਾਰਵਾਈ ਹੋਣੀ ਚਾਹੀਦੀ ਹੈ।
ਕੌੰਸਲਰ ਅਮਿਤ ਸਿੰਘ ਸੰਧਾ ਨੇ ਕਿਹਾ “ਇਸ ਮਾਮਲੇ ਵਿੱਚ ਲਾਈਟਾਂ ਦੀ ਖਰੀਦ ਦੇ ਨਾਲ-ਨਾਲ ਉਨ੍ਹਾਂ ਦੀ ਸਾਂਭ-ਸੰਭਾਲ ਅਤੇ ਤਕਨੀਕੀ ਪ੍ਰਬੰਧਾਂ ’ਤੇ ਵੀ ਸਵਾਲ ਉੱਠ ਰਹੇ ਹਨ। ਜਦੋਂ ਨਗਰ ਨਿਗਮ ਕੋਲ ਤਕਨੀਕੀ ਕਰਮਚਾਰੀ ਅਤੇ ਸਾਂਭ-ਸੰਭਾਲ ਦੇ ਪ੍ਰਬੰਧ ਮੌਜੂਦ ਹਨ ਤਾਂ ਵਾਧੂ ਖਰਚੇ ਅਤੇ ਠੇਕੇ ਦੇਣ ਪਿੱਛੇ ਕੀ ਆਧਾਰ ਸੀ, ਇਸ ਦੀ ਵੀ ਜਾਂਚ ਹੋਣੀ ਚਾਹੀਦੀ ਹੈ।”
ਕੌੰਸਲਰ ਅਸ਼ਵਨੀ ਧਾਂਧ ਨੇ ਕਿਹਾ ਕਿ ਨਗਰ ਨਿਗਮ ਦਾ ਹਰ ਇੱਕ ਰੁਪਇਆ ਸ਼ਹਿਰ ਦੇ ਵਿਕਾਸ ਅਤੇ ਨਾਗਰਿਕਾਂ ਦੀਆਂ ਸਹੂਲਤਾਂ ’ਤੇ ਖਰਚ ਹੋਣਾ ਚਾਹੀਦਾ ਹੈ। ਕਿਸੇ ਵੀ ਪ੍ਰੋਜੈਕਟ ਵਿੱਚ ਬਾਜ਼ਾਰ ਦੀ ਕੀਮਤ, ਗੁਣਵੱਤਾ ਅਤੇ ਪਾਰਦਰਸ਼ਤਾ ਨੂੰ ਪਹਿਲ ਦਿੱਤੀ ਜਾਣੀ ਚਾਹੀਦੀ ਹੈ। ਅਸੀਂ ਮੰਗ ਕਰਦੇ ਹਾਂ ਕਿ ਇਸ ਮਾਮਲੇ ਦੀ ਪੂਰੀ ਜਾਂਚ ਕਰਕੇ ਰਿਪੋਰਟ ਲੋਕਾਂ ਸਾਹਮਣੇ ਰੱਖੀ ਜਾਵੇ।
ਕੌੰਸਲਰ ਜੌਲੀ ਬੇਦੀ, ਮੁੱਖ ਬੁਲਾਰੇ, ਭਾਜਪਾ ਜਲੰਧਰ ਨੇ ਕਿਹਾ ਕਿ ਨਗਰ ਨਿਗਮ ਪ੍ਰਸ਼ਾਸਨ ਨੂੰ ਇਸ ਮਾਮਲੇ ’ਤੇ ਚੁੱਪੀ ਤੋੜ ਕੇ ਲੋਕਾਂ ਸਾਹਮਣੇ ਪੂਰੀ ਸੱਚਾਈ ਰੱਖਣੀ ਚਾਹੀਦੀ ਹੈ। ਭਾਜਪਾ ਲੋਕ ਹਿੱਤ ਦੇ ਮੁੱਦਿਆਂ ਨੂੰ ਲਗਾਤਾਰ ਉਠਾਉਂਦੀ ਰਹੇਗੀ ਅਤੇ ਜਲੰਧਰ ਦੇ ਲੋਕਾਂ ਦੇ ਪੈਸੇ ਦੀ ਜਵਾਬਦੇਹੀ ਯਕੀਨੀ ਬਣਾਉਣ ਲਈ ਆਪਣੀ ਆਵਾਜ਼ ਬੁਲੰਦ ਕਰਦੀ ਰਹੇਗੀ।’ ਭਾਜਪਾ ਆਗੂਆਂ ਨੇ ਸਾਂਝੇ ਤੌਰ ’ਤੇ ਹੇਠ ਲਿਖੀਆਂ ਮੰਗਾਂ ਰੱਖੀਆਂ ਜਿਨਾਂ ਵਿਚ 1. 41 ਲੱਖ ਰੁਪਏ ਦੇ ਤਿਰੰਗਾ ਲਾਈਟ ਪ੍ਰੋਜੈਕਟ ਦੀ ਨਿਰਪੱਖ ਅਤੇ ਆਜ਼ਾਦ ਜਾਂਚ ਕਰਵਾਈ ਜਾਵੇ। ਖਰੀਦ ਨਾਲ ਸਬੰਧਤ ਟੈਂਡਰ, ਕੋਟੇਸ਼ਨ, ਵਰਕ ਆਰਡਰ ਅਤੇ ਭੁਗਤਾਨ ਦਾ ਪੂਰਾ ਰਿਕਾਰਡ ਜਨਤਕ ਕੀਤਾ ਜਾਵੇ। ਬਾਜ਼ਾਰ ਦੀ ਕੀਮਤ ਅਤੇ ਨਗਰ ਨਿਗਮ ਵੱਲੋਂ ਤੈਅ ਕੀਤੀਆਂ ਦਰਾਂ ਵਿਚਲੇ ਫਰਕ ਬਾਰੇ ਸਪੱਸ਼ਟ ਜਵਾਬ ਦਿੱਤਾ ਜਾਵੇ। ਬਿਨਾਂ ਟੈਂਡਰ ਪ੍ਰਕਿਰਿਆ ਦੇ ਕੰਮ ਦਿੱਤੇ ਜਾਣ ਦੇ ਦੋਸ਼ਾਂ ਦੀ ਜਾਂਚ ਕੀਤੀ ਜਾਵੇ।
ਜੇਕਰ ਕੋਈ ਵਿੱਤੀ ਬੇਨਿਯਮੀ ਸਾਬਤ ਹੁੰਦੀ ਹੈ ਤਾਂ ਜ਼ਿੰਮੇਵਾਰ ਵਿਅਕਤੀਆਂ ਖ਼ਿਲਾਫ਼ ਬਣਦੀ ਕਾਰਵਾਈ ਕੀਤੀ ਜਾਵੇ। ਭਾਜਪਾ ਕੌਂਸਲਰਾਂ ਨੇ ਸਪੱਸ਼ਟ ਕੀਤਾ ਕਿ ਲੋਕਾਂ ਦੇ ਪੈਸੇ ਦੀ ਸੁਰੱਖਿਆ, ਨਗਰ ਨਿਗਮ ਵਿੱਚ ਪਾਰਦਰਸ਼ਤਾ ਅਤੇ ਜਲੰਧਰ ਦੇ ਵਿਕਾਸ ਨਾਲ ਜੁੜੇ ਮੁੱਦਿਆਂ ਨੂੰ ਉਹ ਪੂਰੀ ਮਜ਼ਬੂਤੀ ਨਾਲ ਉਠਾਉਂਦੇ ਰਹਿਣਗੇ।