ਦੋਆਬੇ ਦੇ ਰਿਜ਼ਰਵ ਹਲਕਿਆਂ ’ਚ ਅਕਾਲੀ ਦਲ ਦੀ ਸਰਗਰਮੀ ’ਤੇ ਉਠੇ ਸਵਾਲ ਦੋਆਬੇ ਦੇ ਰਿਜ਼ਰਵ ਹਲਕਿਆਂ ’ਚ ਅਕਾਲੀ ਦਲ ਦੀ ਸਰਗਰਮੀ ’ਤੇ ਸਵਾਲ
Publish Date: Mon, 07 Sep 2026 08:25 PM (IST)
Updated Date: Mon, 07 Sep 2026 08:28 PM (IST)
---2027 ਦੀਆਂ ਚੋਣਾਂ ਤੋਂ ਪਹਿਲਾਂ ਆਦਮਪੁਰ, ਬੰਗਾ ਤੇ ਫਗਵਾੜਾ ’ਚ ਹਲਕਾ ਇੰਚਾਰਜ ਨਾ ਲਾਉਣਾ ਚਰਚਾ ਦਾ ਵਿਸ਼ਾ ਪੱਤਰ ਪ੍ਰੇਰਕ, ਪੰਜਾਬੀ ਜਾਗਰਣ, ਜਲੰਧਰ : ਪੰਜਾਬ ਦੀ ਰਾਜਨੀਤੀ ’ਚ ਅਹਿਮ ਸਥਾਨ ਰੱਖਣ ਵਾਲੇ ਦੋਆਬਾ ਖੇਤਰ ’ਚ ਰਿਜ਼ਰਵ ਵਿਧਾਨ ਸਭਾ ਹਲਕਿਆਂ ਨੂੰ ਲੈ ਕੇ ਸ਼੍ਰੋਮਣੀ ਅਕਾਲੀ ਦਲ ਦੀ ਰਣਨੀਤੀ ’ਤੇ ਸਵਾਲ ਉੱਠ ਰਹੇ ਹਨ। ਦੋਆਬਾ ਐੱਸਸੀ ਭਾਈਚਾਰੇ ਦੀ ਵੱਡੀ ਆਬਾਦੀ ਵਾਲਾ ਖੇਤਰ ਹੈ ਤੇ ਅਤੀਤ ’ਚ ਅਕਾਲੀ ਦਲ ਨੇ ਇੱਥੋਂ ਕਈ ਕੱਦਾਵਰ ਆਗੂ ਪੈਦਾ ਕੀਤੇ ਹਨ। ਅਕਾਲੀ ਸਿਆਸਤ ਨਾਲ ਜੁੜੇ ਆਗੂਆਂ ਦਾ ਕਹਿਣਾ ਹੈ ਕਿ ਫਿਲੌਰ, ਆਦਮਪੁਰ ਤੇ ਬੰਗਾ ਵਰਗੇ ਰਿਜ਼ਰਵ ਹਲਕਿਆਂ ’ਚ ਪਾਰਟੀ ਵੱਲੋਂ ਸਥਾਨਕ ਆਗੂਆਂ ਨੂੰ ਅਣਗੌਲਿਆ ਕਰਨ ਨਾਲ ਪਾਰਟੀ ਨੂੰ ਨੁਕਸਾਨ ਹੋਇਆ ਹੈ। ਬੰਗਾ ਦੇ ਵਿਧਾਇਕ ਡਾ. ਸੁਖਵਿੰਦਰ ਸਿੰਘ ਸੁੱਖੀ ਤੇ ਆਦਮਪੁਰ ਦੇ ਸਾਬਕਾ ਵਿਧਾਇਕ ਪਵਨ ਕੁਮਾਰ ਟੀਨੂੰ ਦੇ ਪਾਰਟੀ ਛੱਡ ਕੇ ‘ਆਪ’ ’ਚ ਜਾਣ ਤੋਂ ਬਾਅਦ ਇਨ੍ਹਾਂ ਹਲਕਿਆਂ ’ਚ ਅਕਾਲੀ ਦਲ ਦੀ ਸਿਆਸੀ ਪਕੜ ਹੋਰ ਕਮਜ਼ੋਰ ਹੋਈ ਹੈ। 2027 ਦੀਆਂ ਵਿਧਾਨ ਸਭਾ ਚੋਣਾਂ ਦੇ ਮੱਦੇਨਜ਼ਰ ਆਦਮਪੁਰ, ਬੰਗਾ ਤੇ ਫਗਵਾੜਾ ਹਲਕਿਆਂ ’ਚ ਹਾਲੇ ਤੱਕ ਹਲਕਾ ਇੰਚਾਰਜ ਨਾ ਲਾਏ ਜਾਣ ਨੂੰ ਵੀ ਪਾਰਟੀ ਲਈ ਚੁਣੌਤੀ ਮੰਨਿਆ ਜਾ ਰਿਹਾ ਹੈ। ਹਾਲਾਂਕਿ ਇਨ੍ਹਾਂ ਹਲਕਿਆਂ ’ਚ ਅਕਾਲੀ ਪਿਛੋਕੜ ਵਾਲੇ ਕਈ ਆਗੂ ਸਰਗਰਮ ਹਨ, ਜੋ ਪਾਰਟੀ ਲਈ ਮਜ਼ਬੂਤ ਉਮੀਦਵਾਰ ਬਣ ਸਕਦੇ ਹਨ। ਆਦਮਪੁਰ ’ਚ ਪ੍ਰੋ. ਹਰਬੰਸ ਸਿੰਘ ਬੋਲੀਨਾ, ਬੰਗਾ ’ਚ ਮੋਹਨ ਲਾਲ ਬੰਗਾ ਤੇ ਫਗਵਾੜਾ ’ਚ ਠੇਕੇਦਾਰ ਬਲਜਿੰਦਰ ਸਿੰਘ ਤੇ ਬੀਬੀ ਸਰਬਜੀਤ ਕੌਰ ਵਰਗੇ ਆਗੂਆਂ ਦੇ ਨਾਮ ਸੰਭਾਵੀ ਦਾਅਵੇਦਾਰਾਂ ਵਜੋਂ ਚਰਚਾ ’ਚ ਹਨ। ਇਸ ਦੌਰਾਨ ਪੁਨਰ ਸੁਰਜੀਤ ਅਕਾਲੀ ਦਲ ਵੱਲੋਂ ਆਦਮਪੁਰ ਤੋਂ ਉਮੀਦਵਾਰ ਐਲਾਨੇ ਜਾਣ ਕਾਰਨ ਸ਼੍ਰੋਮਣੀ ਅਕਾਲੀ ਦਲ ’ਤੇ ਵੀ ਆਪਣੇ ਜਥੇਬੰਦਕ ਢਾਂਚੇ ਨੂੰ ਜਲਦ ਮਜ਼ਬੂਤ ਕਰਨ ਦਾ ਦਬਾਅ ਵਧ ਗਿਆ ਹੈ। ਸਿਆਸੀ ਹਲਕਿਆਂ ’ਚ ਚਰਚਾ ਹੈ ਕਿ ਸ਼੍ਰੋਮਣੀ ਅਕਾਲੀ ਦਲ ਨੂੰ ਜਲੰਧਰ, ਕਪੂਰਥਲਾ ਤੇ ਸ਼ਹੀਦ ਭਗਤ ਸਿੰਘ ਨਗਰ ਜ਼ਿਲ੍ਹਿਆਂ ਦੇ ਰਿਜ਼ਰਵ ਹਲਕਿਆਂ ’ਚ ਜਲਦ ਹਲਕਾ ਇੰਚਾਰਜ ਨਿਯੁਕਤ ਕਰਕੇ ਵਰਕਰਾਂ ਦਾ ਮਨੋਬਲ ਵਧਾਉਣ ਦੇ ਨਾਲ 2027 ਦੀਆਂ ਚੋਣਾਂ ਲਈ ਆਪਣੀ ਤਿਆਰੀ ਤੇਜ਼ ਕਰਨੀ ਚਾਹੀਦੀ ਹੈ।