- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼
ਸੁਰਜੀਤ ਹਾਕੀ ਸਟੇਡੀਅਮ 'ਚ ਪੰਜਾਬੀ ਖਿਡਾਰੀਆਂ ਦਾ ਦਬਦਬਾ, ਹਰਮਨਪ੍ਰੀਤ ਸਿੰਘ ਮਹਾਨ ਬਲਬੀਰ ਸਿੰਘ ਸੀਨੀਅਰ ਦੇ ਰਿਕਾਰਡ ਤੋਂ ਮਹਿਜ਼ ਦੋ ਗੋਲ ਦੂਰ

ਹਰਮਨਪ੍ਰੀਤ ਸਿੰਘ ਮਹਾਨ ਬਲਬੀਰ ਸਿੰਘ ਸੀਨੀਅਰ ਦੇ ਰਿਕਾਰਡ ਤੋਂ ਮਹਿਜ਼ ਦੋ ਗੋਲ ਦੂਰ
ਭਾਰਤ, ਜਾਪਾਨ ਅਤੇ ਮਲੇਸ਼ੀਆ ਨੇ ਹਾਸਲ ਕੀਤੀ ਜਿੱਤ
ਤੇਜਿੰਦਰ ਕੌਰ ਥਿੰਦ, ਪੰਜਾਬੀ ਜਾਗਰਣ, ਜਲੰਧਰ :
ਓਲੰਪੀਅਨ ਸੁਰਜੀਤ ਸਿੰਘ ਹਾਕੀ ਸਟੇਡੀਅਮ ’ਚ ਅੱਜ ਤਿੰਨ ਰੋਮਾਂਚਕ ਤੇ ਜ਼ਬਰਦਸਤ ਮੁਕਾਬਲੇ ਹੋਏ, ਜਿਸ ’ਚ ਮੇਜ਼ਬਾਨ ਭਾਰਤ, ਜਾਪਾਨ ਤੇ ਮਲੇਸ਼ੀਆ ਨੇ ਜਿੱਤ ਦਰਜ ਕੀਤੀ। ਪੰਜਾਬ ਦੇ ਖੇਤੀਬਾੜੀ ਤੇ ਕਿਸਾਨ ਭਲਾਈ ਮੰਤਰੀ ਗੁਰਮੀਤ ਸਿੰਘ ਖੁੱਡੀਆਂ ਨੇ ਵੀ ਭਾਰਤ-ਚੀਨ ਮੁਕਾਬਲਾ ਦੇਖਿਆ ਅਤੇ ਦੋਵਾਂ ਟੀਮਾਂ ਦੇ ਖਿਡਾਰੀਆਂ ਨਾਲ ਮੁਲਾਕਾਤ ਕੀਤੀ। ਇਸ ਮੌਕੇ ਮੰਤਰੀ ਨੇ ਕਿਹਾ ਕਿ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੇ ਲਗਾਤਾਰ ਯਤਨਾਂ ਸਦਕਾ ਹੀ ਪੰਜਾਬ ਨੂੰ ਵੱਕਾਰੀ 'ਏਸ਼ੀਅਨ ਚੈਂਪੀਅਨਜ਼ ਟਰਾਫੀ' ਦੀ ਮੇਜ਼ਬਾਨੀ ਕਰਨ ਦਾ ਮੌਕਾ ਮਿਲਿਆ ਹੈ। ਪੰਜਾਬ ਨੂੰ ਦੇਸ਼ ਵਿੱਚ ਹਾਕੀ ਦਾ ਗੜ੍ਹ ਦੱਸਦਿਆਂ ਖੁੱਡੀਆਂ ਨੇ ਕਿਹਾ ਕਿ ਸੂਬਾ ਸਰਕਾਰ ਇਸ ਟੂਰਨਾਮੈਂਟ ਦੀ ਸਫਲਤਾ ਲਈ ਕੋਈ ਕਸਰ ਬਾਕੀ ਨਹੀਂ ਛੱਡ ਰਹੀ ਹੈ।
ਓਲੰਪੀਅਨ ਸੁਰਜੀਤ ਹਾਕੀ ਸਟੇਡੀਅਮ ਵਿਖੇ ਖੇਡੀ ਜਾ ਰਹੀ ਏਸ਼ੀਅਨ ਹਾਕੀ ਚੈਂਪੀਅਨਜ਼ ਟਰਾਫ਼ੀ ਵਿੱਚ ਪੰਜਾਬੀ ਗੱਭਰੂਆਂ ਦੇ ਬਿਹਤਰੀਨ ਖੇਡ ਨੂੰ ਦੇਖਣ ਲਈ ਦਰਸ਼ਕਾਂ ਵਿਚ ਭਾਰੀ ਉਤਸ਼ਾਹ ਦੇਖਣ ਨੂੰ ਮਿਲਿਆ। ਭਾਰਤੀ ਟੀਮ ਨੇ ਹੁਣ ਤੱਕ ਖੇਡੇ ਆਪਣੇ ਦੋਵੇਂ ਲੀਗ ਮੈਚਾਂ ਵਿੱਚ ਸ਼ਾਨਦਾਰ ਜਿੱਤ ਦਰਜ ਕਰਕੇ ਟੂਰਨਾਮੈਂਟ ਵਿੱਚ ਆਪਣੀ ਮਜ਼ਬੂਤ ਸਥਿਤੀ ਬਣਾ ਲਈ ਹੈ। ਅੱਜ ਵੀ ਭਾਰਤ ਲਈ, ਕਪਤਾਨ ਹਰਮਨਪ੍ਰੀਤ ਸਿੰਘ ਨੇ ਸ਼ਾਨਦਾਰ 'ਡਰੈਗ ਫਲਿਕ' ਦਾ ਪ੍ਰਦਰਸ਼ਨ ਕਰਦਿਆਂ 27ਵੇਂ ਅਤੇ 31ਵੇਂ ਮਿੰਟ ਵਿੱਚ ਪੈਨਲਟੀ ਕਾਰਨਰ ਰਾਹੀਂ ਦੋ ਗੋਲ ਕੀਤੇ। ਸੁਖਜੀਤ ਸਿੰਘ ਨੇ 12ਵੇਂ ਅਤੇ 34ਵੇਂ ਮਿੰਟ ਵਿੱਚ ਦੋ 'ਫੀਲਡ ਗੋਲ' ਕੀਤੇ। ਜੁਗਰਾਜ ਸਿੰਘ ਨੇ 47ਵੇਂ ਮਿੰਟ ਵਿੱਚ ਪੈਨਲਟੀ ਕਾਰਨਰ ਰਾਹੀਂ ਗੋਲ ਕੀਤਾ ਤੇ ਭਾਰਤ ਨੂੰ ਜਿੱਤ ਦਿਵਾਈ।
ਟੂਰਨਾਮੈਂਟ ਦੇ ਪਹਿਲੇ ਮੁਕਾਬਲੇ ਵਿੱਚ ਭਾਰਤ ਨੇ ਬੰਗਲਾਦੇਸ਼ ਨੂੰ ਕਰਾਰੀ ਹਾਰ ਦਿੱਤੀ। ਇਸ ਮੈਚ ਵਿੱਚ ਜਲੰਧਰ ਦੇ ਸਟਾਰ ਓਲੰਪੀਅਨ ਖਿਡਾਰੀ ਮਨਦੀਪ ਸਿੰਘ ਨੇ ਸ਼ਾਨਦਾਰ ਖੇਡ ਦਾ ਮੁਜ਼ਾਹਰਾ ਕਰਦਿਆਂ ਜ਼ਬਰਦਸਤ ਹੈਟ੍ਰਿਕ ਜੜੀ। ਦੂਜੇ ਪਾਸੇ ਟੀਮ ਦੇ ਕਪਤਾਨ ਅਤੇ ਅੰਮ੍ਰਿਤਸਰ ਦੇ ਲਾਲ ਹਰਮਨਪ੍ਰੀਤ ਸਿੰਘ ਨੇ ਵੀ ਆਪਣੀ ਕਲਾਸ ਦਿਖਾਉਂਦੇ ਹੋਏ 2 ਗੋਲ ਦਾਗੇ। ਇਸ ਲੜੀ ਨੂੰ ਅੱਗੇ ਤੋਰਦਿਆਂ ਦੂਜੇ ਰੋਮਾਂਚਕ ਮੁਕਾਬਲੇ ਵਿੱਚ ਚੀਨ ਖਿਲਾਫ਼ ਵੀ ਪੰਜਾਬੀ ਖਿਡਾਰੀਆਂ ਦੀ ਤੂਤੀ ਬੋਲੀ। ਜਲੰਧਰ ਦੇ ਹੋਣਹਾਰ ਖਿਡਾਰੀ ਸੁਖਜੀਤ ਸਿੰਘ ਨੇ ਬਿਹਤਰੀਨ ਤਾਲਮੇਲ ਦਾ ਮੁਜ਼ਾਹਰਾ ਕਰਦਿਆਂ 2 ਮਹੱਤਵਪੂਰਨ ਗੋਲ ਕੀਤੇ, ਜਦਕਿ ਕਪਤਾਨ ਹਰਮਨਪ੍ਰੀਤ ਸਿੰਘ ਨੇ ਆਪਣੀ ਸ਼ਾਨਦਾਰ ਫਾਰਮ ਜਾਰੀ ਰੱਖਦਿਆਂ 2 ਹੋਰ ਗੋਲ ਟੀਮ ਦੀ ਝੋਲੀ ਪਾਏ।
ਦੱਸ ਦੇਈਏ ਕਿ ਭਾਰਤੀ ਟੀਮ ਦੇ ਕਪਤਾਨ ਅਤੇ ਦੁਨੀਆ ਦੇ ਮੰਨੇ-ਪ੍ਰਮੰਨੇ ਡ੍ਰੈਗ-ਫਲਿੱਕਰ ਹਰਮਨਪ੍ਰੀਤ ਸਿੰਘ ਹੁਣ ਇੱਕ ਇਤਿਹਾਸਕ ਰਿਕਾਰਡ ਤੋੜਨ ਦੇ ਬਿਲਕੁਲ ਕਰੀਬ ਪਹੁੰਚ ਗਏ ਹਨ। ਉਹ ਮਹਾਨ ਖਿਡਾਰੀ ਬਲਬੀਰ ਸਿੰਘ ਸੀਨੀਅਰ ਦੇ 246 ਗੋਲ ਤੋਂ ਮਹਿਜ਼ 2 ਕਦਮ ਦੂਰ ਹਨ। ਹੁਣ ਤਕ ਹਰਮਨਪ੍ਰੀਤ ਸਿੰਘ ਦੇ ਮੌਜੂਦਾ ਗੋਲ 244 ਹਨ। ਨਵਾਂ ਰਿਕਾਰਡ ਬਣਾਉਣ ਲਈ ਮਹਿਜ਼ 3 ਗੋਲ ਚਾਹੀਦੇ ਹਨ।
---
ਸਟੇਡੀਅਮ 'ਚ ਛਾਇਆ 'ਪੰਜਾਬੀ ਰੰਗ': ਗੀਤਾਂ 'ਤੇ ਝੂਮੇ ਦਰਸ਼ਕ, ਲਹਿਰਾਇਆ ਝੰਡਾ
ਭਾਰਤ ਤੇ ਚੀਨ ਦੇ ਮੈਚ ਦੌਰਾਨ ਸੁਰਜੀਤ ਹਾਕੀ ਸਟੇਡੀਅਮ ਖਚਾਖਚ ਭਰਿਆ ਹੋਇਆ ਸੀ। ਮੈਚ ਦੌਰਾਨ ਪ੍ਰਸ਼ੰਸਕਾਂ ਦਾ ਉਤਸ਼ਾਹ ਦੇਖਣਯੋਗ ਸੀ। ਭਾਰਤੀ ਟੀਮ ਵੱਲੋਂ ਗੋਲ ਹੁੰਦੇ ਹੀ ਸਟੇਡੀਅਮ 'ਚ ਪੰਜਾਬੀ ਗੀਤਾਂ ਦੀ ਗੂੰਜ ਅਤੇ ਭੰਗੜਾ ਸ਼ੁਰੂ ਹੋ ਜਾਂਦਾ ਸੀ। ਹਜ਼ਾਰਾਂ ਹਾਕੀ ਪ੍ਰੇਮੀਆਂ ਨੇ ਹੱਥਾਂ 'ਚ ਤਿਰੰਗਾ ਲਹਿਰਾ ਕੇ ਭਾਰਤੀ ਟੀਮ ਦਾ ਹੌਸਲਾ ਵਧਾਇਆ।