ਪੀਂਘਾਂ, ਗਿੱਧੇ ਤੇ ਬੋਲੀਆਂ ਨਾਲ ਗੂੰਜਿਆ ਪੰਜਾਬੀ ਸੱਭਿਆਚਾਰ, ਤੀਆਂ ਦਾ ਸਮਾਗਮ ਦੇ ਗਿਆ ਨਵੀਂ ਪੀੜ੍ਹੀ ਨੂੰ ਵਿਰਸੇ ਨਾਲ ਜੋੜਨ ਦਾ ਸੁਨੇਹਾ ਪੀਂਘਾਂ, ਗਿੱਧੇ ਤੇ ਬੋਲੀਆਂ ਨਾਲ ਗੂੰਜਿਆ ਪੰਜਾਬੀ ਸੱਭਿਆਚਾਰ, ਤੀਆਂ ਦਾ ਸਮਾਗਮ ਦੇ ਗਿਆ ਨਵੀਂ ਪੀੜ੍ਹੀ ਨੂੰ ਵਿਰਸੇ ਨਾਲ ਜੋੜਨ ਦਾ ਸੁਨੇਹਾ
Publish Date: Sun, 02 Aug 2026 10:50 PM (IST)
Updated Date: Sun, 02 Aug 2026 10:52 PM (IST)
ਗੁਰਪਾਲ ਸਾਬੀ, ਪੰਜਾਬੀ ਜਾਗਰਣ, ਭੋਗਪੁਰ : ਸਾਉਣ ਦੀਆਂ ਫੁਹਾਰਾਂ ਦੇ ਨਾਲ ਹੀ ਪੰਜਾਬੀ ਸੱਭਿਆਚਾਰ ਦਾ ਰੰਗ ਇਕ ਵਾਰ ਫਿਰ ਗੂੜ੍ਹਾ ਹੋ ਗਿਆ ਹੈ। ਪੰਜਾਬੀ ਜਾਗਰਣ ਤੇ ਦੈਨਿਕ ਜਾਗਰਣ ਦੇ ਸਹਿਯੋਗ ਨਾਲ ਭੋਗਪੁਰ ਦੇ ਗ੍ਰਿਲ ਹੱਟ ਜੰਕਸ਼ਨ ’ਚ ਸੋਨੀਆ ਮੇਕਓਵਰ ਵੱਲੋਂ ਕਰਵਾਏ ਗਏ ਤੀਆਂ ਦੇ ਤਿਉਹਾਰ ਨੇ ਪੰਜਾਬ ਦੇ ਪੁਰਾਤਨ ਵਿਰਸੇ, ਧੀਆਂ-ਭੈਣਾਂ ਦੇ ਆਪਸੀ ਪਿਆਰ, ਪੀਂਘਾਂ, ਗਿੱਧੇ ਤੇ ਲੋਕ-ਬੋਲੀਆਂ ਦੀਆਂ ਮਿੱਠੀਆਂ ਯਾਦਾਂ ਨੂੰ ਤਾਜ਼ਾ ਕਰ ਦਿੱਤਾ ਹੈ। ਇਸ ਮੌਕੇ ਮੁੱਖ ਮਹਿਮਾਨ ਤੇਜਿੰਦਰ ਕੌਰ ਥਿੰਦ, ਇੰਸਪੈਕਟਰ ਸੰਦੀਪ ਕੌਰ ਐੱਸਐੱਚਓ ਮਹਿਲਾ ਥਾਣਾ ਹੁਸ਼ਿਆਰਪੁਰ ਤੇ ਇੰਸਪੈਕਟਰ ਅਮਰਜੀਤ ਕੌਰ ਐੱਸਐੱਚਓ ਟਾਂਡਾ ਦਾ ਸਵਾਗਤ ਸੀਨੀਅਰ ਪੱਤਰਕਾਰ ਬਲਵਿੰਦਰ ਸਿੰਘ ਭੰਗੂ, ਰਜਿੰਦਰ ਕੁਮਾਰ, ਮਨਜੀਤ ਕੌਰ ਤੇ ਜਸਵਿੰਦਰ ਕੌਰ ਨੇ ਗੁਲਦਸਤਾ ਦੇ ਕੇ ਕੀਤਾ। ਆਏ ਮਹਿਮਾਨਾਂ ਨੇ ਆਪਣੇ ਸੰਬੋਧਨ ’ਚ ਕਿਹਾ ਕਿ ਪੁਰਾਣੇ ਸਮਿਆਂ ’ਚ ਤੀਆਂ ਮੌਕੇ ਪਿੰਡਾਂ ’ਚ ਬੋਹੜਾਂ-ਪਿੱਪਲਾਂ ਦੇ ਦਰੱਖਤਾਂ ਨਾਲ ਪੀਂਘਾਂ ਝੂਟੀਆਂ ਜਾਂਦੀਆਂ ਸਨ ਤੇ ਔਰਤਾਂ ਰਵਾਇਤੀ ਪੰਜਾਬੀ ਪਹਿਰਾਵੇ ’ਚ ਸੱਜ-ਧੱਜ ਕੇ ਗਿੱਧਾ ਪਾਉਂਦੀਆਂ, ਬੋਲੀਆਂ ਗਾਉਂਦੀਆਂ ਤੇ ਆਪਸੀ ਖੁਸ਼ੀਆਂ ਸਾਂਝੀਆਂ ਕਰਦੀਆਂ ਸਨ। ਅੱਜ ਦੇ ਦੌਰ ’ਚ ਵੀ ਅਜਿਹੇ ਤੀਆਂ ਦੇ ਮੇਲੇ ਪੰਜਾਬੀ ਸੱਭਿਆਚਾਰ ਦੀ ਇਸ ਅਮੀਰ ਰਵਾਇਤ ਨੂੰ ਜਿਊਂਦਾ ਰੱਖਣ ’ਚ ਅਹਿਮ ਭੂਮਿਕਾ ਨਿਭਾ ਰਹੇ ਹਨ। ਤੀਆਂ ਸਿਰਫ਼ ਇਕ ਤਿਉਹਾਰ ਨਹੀਂ, ਸਗੋਂ ਪੰਜਾਬ ਦੀਆਂ ਧੀਆਂ, ਭੈਣਾਂ ਤੇ ਮਾਵਾਂ ਨਾਲ ਜੁੜੀਆਂ ਭਾਵਨਾਵਾਂ ਤੇ ਪਰਿਵਾਰਕ ਰਿਸ਼ਤਿਆਂ ਦਾ ਪ੍ਰਤੀਕ ਹਨ। ਇਸ ਮੌਕੇ ਪੰਜਾਬੀ ਪਹਿਰਾਵੇ, ਫੁਲਕਾਰੀ, ਮਹਿੰਦੀ, ਗਿੱਧਾ ਤੇ ਬੋਲੀਆਂ ਰਾਹੀਂ ਅਮੀਰ ਵਿਰਾਸਤ ਦੀ ਰੰਗਲੀ ਝਲਕ ਦੇਖਣ ਨੂੰ ਮਿਲੀ। ਸਮਾਗਮ ’ਚ ਹਰ ਉਮਰ ਵਰਗ ਦੀਆਂ ਔਰਤਾਂ, ਮੁਟਿਆਰਾਂ ਤੇ ਬੱਚੀਆਂ ਨੇ ਭਾਗ ਲਿਆ। ਸਭ ਨੇ ਪੰਜਾਬੀ ਲੋਕ ਗੀਤਾਂ ’ਤੇ ਡਾਂਸ ਕੀਤਾ। ਸੂਫੀ ਗਾਇਕ ਅਸ਼ਵਿਨ ਸੂਫੀ ਨੇ ਗਜ਼ਲਾਂ ਤੇ ਹੋਰ ਸੂਫੀ ਕਲਾਮ ਸੁਣਾ ਕੇ ਸਮਾਂ ਬੰਨ ਦਿੱਤਾ। ਇਸ ਮੌਕੇ ਮਿਸਿਜ਼ ਤੀਜ ਦਾ ਖ਼ਿਤਾਬ ਮਹਿਕਪ੍ਰੀਤ ਕੌਰ ਨੇ ਜਿੱਤਿਆ। ਸਮਾਗਮ ਦੀ ਐਂਕਰਿੰਗ ਸਿਮਰਨ ਤੇ ਅਨੁਸ਼ਕਾ ਨੇ ਕੀਤੀ। ਗਿੱਧਿਆਂ ਦੀ ਰਾਣੀ ਦਾ ਖ਼ਿਤਾਬ ਕਿਰਨਪ੍ਰੀਤ ਕੌਰ ਨੂੰ ਮਿਲਿਆ। ਪੁਰਾਤਨ ਗਹਿਣਿਆਂ ਦੀ ਪ੍ਰਦਰਸ਼ਨੀ ਗਹਿਣਿਆਂ ਦਾ ਗੁਰਜਿੰਦਰ ਕੌਰ ਨੇ ਲਗਾਈ, ਜਿਸਨੂੰ ਸਾਰਿਆਂ ਨੇ ਖੂਬ ਸਲਾਹਿਆ। ਆਪਣੀਆਂ ਅਮਿੱਟ ਯਾਦਾਂ ਛੱਡਦੀਆਂ ਤੀਆਂ ਅਗਲੇ ਸਾਉਣ ਫਿਰ ਮਿਲਣ ਦਾ ਸੁਨੇਹਾ ਦੇ ਗਈਆਂ। ------------------------ ਨਵੀਂ ਪੀੜ੍ਹੀ ਨੂੰ ਵਿਰਸੇ ਨਾਲ ਜੋੜਨ ਦਾ ਸੱਦਾ ਉਨ੍ਹਾਂ ਚਿੰਤਾ ਪ੍ਰਗਟਾਉਂਦਿਆਂ ਕਿਹਾ ਕਿ ਆਧੁਨਿਕਤਾ ਦੇ ਦੌਰ ’ਚ ਸਾਨੂੰ ਆਪਣੇ ਲੋਕ-ਰਿਵਾਜਾਂ ਨੂੰ ਭੁੱਲਣਾ ਨਹੀਂ ਚਾਹੀਦਾ। ਸਕੂਲਾਂ, ਕਾਲਜਾਂ ਤੇ ਸਮਾਜਿਕ ਸੰਸਥਾਵਾਂ ਵੱਲੋਂ ਸਮੇਂ-ਸਮੇਂ ’ਤੇ ਤੀਆਂ ਵਰਗੇ ਸੱਭਿਆਚਾਰਕ ਸਮਾਗਮ ਉਲੀਕੇ ਜਾਣੇ ਚਾਹੀਦੇ ਹਨ ਤਾਂ ਜੋ ਸਾਡੀ ਨਵੀਂ ਪੀੜ੍ਹੀ ਆਪਣੇ ਮੂਲ ਤੇ ਵਿਰਸੇ ਨਾਲ ਜੁੜੀ ਰਹੇ।