ਪੰਜਾਬ ਪੁਲਿਸ ਦਾ ਲਿੰਗ ਸੰਵੇਦਨਸ਼ੀਲਤਾ ਸਿਖਲਾਈ ਪ੍ਰੋਜੈਕਟ ਮੁਕੰਮਲ ਪੰਜਾਬ ਪੁਲਿਸ ਦਾ ਲਿੰਗ ਸੰਵੇਦਨਸ਼ੀਲਤਾ ਸਿਖਲਾਈ ਪ੍ਰੋਜੈਕਟ ਮੁਕੰਮਲ
Publish Date: Thu, 20 Aug 2026 10:47 PM (IST)
Updated Date: Thu, 20 Aug 2026 10:48 PM (IST)
-‘5 ਫੀਸਦੀ ਵਾਧੂ ਕੋਸ਼ਿਸ਼’ ਕੰਮ ’ਚ ਉੱਤਮਤਾ ਦੀ ਕੁੰਜੀ : ਸ਼ਰਮਾ -ਮਹਿਲਾ ਅਧਿਕਾਰੀ ਐੱਸਐੱਚਓ ਸਮੇਤ ਮੋਹਰੀ ਭੂਮਿਕਾਵਾਂ ਲਈ ਅੱਗੇ ਆਉਣ : ਦਿਓ ਪੱਤਰ ਪ੍ਰੇਰਕ, ਪੰਜਾਬੀ ਜਾਗਰਣ, ਫਿਲੌਰ : ਪੰਜਾਬ ਪੁਲਿਸ ਵੱਲੋਂ ਆਰਸੀਟੀ ਐੱਨਜੀਓ, ਜਮੀਲ ਪਾਵਰਟੀ ਐਕਸ਼ਨ ਲੈਬ (ਜੇ-ਪਾਲ) ਤੇ ਹਾਰਟੇਕ ਫਾਊਂਡੇਸ਼ਨ ਦੇ ਸਹਿਯੋਗ ਨਾਲ ‘ਲਿੰਗ ਸੰਵੇਦਨਸ਼ੀਲਤਾ ਤੇ ਪੰਜਾਬ ਪੁਲਿਸ ’ਚ ਔਰਤਾਂ ਦੀ ਮੁੱਖ ਧਾਰਾ ’ਚ ਸ਼ਮੂਲੀਅਤ’ ਵਿਸ਼ੇ ’ਤੇ ਸਾਲ ਭਰ ਚੱਲਿਆ ਸਿਖਲਾਈ ਪ੍ਰੋਜੈਕਟ ਮਹਾਰਾਜਾ ਰਣਜੀਤ ਸਿੰਘ ਪੰਜਾਬ ਪੁਲਿਸ ਅਕੈਡਮੀ (ਐੱਮਆਰਐੱਸਪੀਪੀਏ), ਫਿਲੌਰ ਵਿਖੇ ਮੁਕੰਮਲ ਹੋ ਗਿਆ। ਇਸ ਸਿਖਲਾਈ ਦੇ ਆਖਰੀ ਗੇੜ ’ਚ ਸੂਬੇ ਭਰ ਦੇ ਮਹਿਲਾ ਹੈਲਪਡੈੱਸਕਾਂ ’ਤੇ ਤਾਇਨਾਤ ਪੰਜਾਬ ਪੁਲਿਸ ਦੀਆਂ ਮਹਿਲਾ ਮਿੱਤਰਾਂ ਨੇ ਸ਼ਮੂਲੀਅਤ ਕੀਤੀ। ਸਮਾਪਤੀ ਸਮਾਗਮ ਦੇ ਮੁੱਖ ਮਹਿਮਾਨ ‘ਦਿ ਇੰਡੀਅਨ ਐਕਸਪ੍ਰੈੱਸ’ ਦੀ ਰੈਜ਼ੀਡੈਂਟ/ਨੈਸ਼ਨਲ ਐਡੀਟਰ (ਨਾਰਥ) ਮਨਰਾਜ ਗਰੇਵਾਲ ਸ਼ਰਮਾ ਨੇ ਮਹਿਲਾ ਪੁਲਿਸ ਕਰਮਚਾਰੀਆਂ ਨਾਲ ਆਪਣੇ ਤਜਰਬੇ ਸਾਂਝੇ ਕੀਤੇ। ਉਨ੍ਹਾਂ ਕਿਹਾ ਕਿ ਪੁਰਸ਼-ਪ੍ਰਧਾਨ ਖੇਤਰ ’ਚ ਚੁਣੌਤੀਆਂ ਦਾ ਸਾਹਮਣਾ ਕਰਦਿਆਂ ਆਪਣੀ ਪੇਸ਼ੇਵਰ ਪਛਾਣ ਬਣਾਉਣ ਲਈ ਦ੍ਰਿੜਤਾ ਤੇ ਲਗਾਤਾਰ ਮਿਹਨਤ ਜ਼ਰੂਰੀ ਹੈ। ਉਨ੍ਹਾਂ ਕਿਹਾ ਕਿ ‘5 ਫੀਸਦੀ ਵਾਧੂ ਕੋਸ਼ਿਸ਼’ ਵਿਅਕਤੀ ਨੂੰ ਹੋਰਨਾਂ ਤੋਂ ਵੱਖਰਾ ਬਣਾਉਣ ’ਚ ਅਹਿਮ ਭੂਮਿਕਾ ਨਿਭਾਉਂਦੀ ਹੈ। ਉਨ੍ਹਾਂ ਮਹਿਲਾ ਪੁਲਿਸ ਕਰਮਚਾਰੀਆਂ ਨੂੰ ਕੰਮਕਾਜੀ ਥਾਂ ’ਤੇ ਲਿੰਗ ਆਧਾਰਿਤ ਜਾਂ ਅਣਉਚਿਤ ਟਿੱਪਣੀਆਂ ਵਿਰੁੱਧ ਆਵਾਜ਼ ਉਠਾਉਣ ਅਤੇ ਆਪਣੀ ਪੇਸ਼ੇਵਰ ਅਹਿਮੀਅਤ ਕਾਇਮ ਕਰਨ ਦੀ ਅਪੀਲ ਕੀਤੀ। ਵਿਸ਼ੇਸ਼ ਡੀਜੀਪੀ ਕਮਿਊਨਿਟੀ ਅਫੇਅਰਜ਼ ਡਿਵੀਜ਼ਨ (ਸੀਏਡੀ) ਗੁਰਪ੍ਰੀਤ ਕੌਰ ਦਿਓ ਨੇ ਕਿਹਾ ਕਿ ਕਰੀਬ 80 ਹਜ਼ਾਰ ਮੁਲਾਜ਼ਮਾਂ ਵਾਲੀ ਪੰਜਾਬ ਪੁਲਿਸ ’ਚ ਮਹਿਲਾ ਕਰਮਚਾਰੀਆਂ ਦੀ ਹਿੱਸੇਦਾਰੀ ਲਗਭਗ 11 ਫੀਸਦੀ ਹੈ। ਉਨ੍ਹਾਂ ਕਿਹਾ ਕਿ ਔਰਤਾਂ ਨੂੰ ਸਨਮਾਨ ਤੇ ਬਰਾਬਰ ਮੌਕੇ ਦੇਣ ਲਈ ਅਜਿਹੀਆਂ ਸਿਖਲਾਈ ਪਹਿਲਕਦਮੀਆਂ ਮਹੱਤਵਪੂਰਨ ਹਨ। ਉਨ੍ਹਾਂ ਮਹਿਲਾ ਅਧਿਕਾਰੀਆਂ ਨੂੰ ਪ੍ਰਸ਼ਾਸਨਿਕ ਡੈਸਕਾਂ ਤੱਕ ਸੀਮਤ ਨਾ ਰਹਿਣ ਸਗੋਂ ਚੁਣੌਤੀਪੂਰਨ ਫੀਲਡ ਅਸਾਈਨਮੈਂਟਾਂ, ਐੱਸਐੱਚਓ ਦੀਆਂ ਪੋਸਟਿੰਗਾਂ ਅਤੇ ਹੋਰ ਫਰੰਟਲਾਈਨ ਲੀਡਰਸ਼ਿਪ ਭੂਮਿਕਾਵਾਂ ਲਈ ਸਰਗਰਮੀ ਨਾਲ ਅੱਗੇ ਆਉਣ ਲਈ ਪ੍ਰੇਰਿਤ ਕੀਤਾ। ਵਿਸ਼ੇਸ਼ ਡੀਜੀਪੀ ਨੇ ਘਰੇਲੂ ਹਿੰਸਾ ਨਾਲ ਨਜਿੱਠਣ ਲਈ ਕਮਿਊਨਿਟੀ ਅਫੇਅਰਜ਼ ਡਿਵੀਜ਼ਨ ਦੀਆਂ ਪਹਿਲਕਦਮੀਆਂ, ਖ਼ਾਸ ਕਰਕੇ ‘ਸਾਂਝ ਰਾਹਤ ਕੇਂਦਰ’ ਪ੍ਰੋਜੈਕਟ ਬਾਰੇ ਵੀ ਜਾਣਕਾਰੀ ਦਿੱਤੀ। ਇਸ ਮੌਕੇ ਘਰੇਲੂ ਹਿੰਸਾ ’ਤੇ ਆਧਾਰਿਤ 15 ਮਿੰਟ ਦੀ ਦਸਤਾਵੇਜ਼ੀ ਫ਼ਿਲਮ ਵੀ ਦਿਖਾਈ ਗਈ। ਮਹਾਰਾਸ਼ਟਰ ਕੇਡਰ ਦੀ ਸਾਬਕਾ ਡੀਜੀਪੀ ਮੀਰਾ ਚੱਢਾ ਬੋਰਵੰਕਰ ਨੇ ਮਹਿਲਾ ਪੁਲਿਸ ਅਧਿਕਾਰੀ ਵਜੋਂ ਆਪਣੇ ਤਜਰਬੇ ਸਾਂਝੇ ਕੀਤੇ। ਪੰਜਾਬ ਦੇ ਸਾਬਕਾ ਡੀਜੀਪੀ ਆਰਸੀ ਸਿੰਘ ਨੇ ਸੰਯੁਕਤ ਰਾਸ਼ਟਰ ’ਚ ਆਪਣੇ ਤਜਰਬੇ ਸਾਂਝੇ ਕਰਦਿਆਂ ਮਹਿਲਾਵਾਂ ਦੀ ਬਰਾਬਰ ਭਾਗੀਦਾਰੀ ਦੀ ਮਹੱਤਤਾ ’ਤੇ ਜ਼ੋਰ ਦਿੱਤਾ। ਇਸ ਮੌਕੇ ਵਿਸ਼ੇਸ਼ ਡੀਜੀਪੀ ਗੁਰਪ੍ਰੀਤ ਕੌਰ ਦਿਓ ਨੇ 51 ਮਾਸਟਰ ਟ੍ਰੇਨਰਾਂ ਨੂੰ ਸੂਬੇ ਭਰ ਵਿੱਚ ਕੈਸਕੇਡਿੰਗ ਸਿਖਲਾਈ ਮਾਡਲ ਨੂੰ ਸਫਲਤਾਪੂਰਵਕ ਲਾਗੂ ਕਰਨ ਲਈ ਵਧਾਈ ਦਿੱਤੀ ਤੇ ਸਨਮਾਨਿਤ ਕੀਤਾ। ਇਸ ਪ੍ਰੋਜੈਕਟ ਤਹਿਤ ਪੰਜਾਬ ਦੇ 384 ਪੁਲਿਸ ਥਾਣਿਆਂ ਤੋਂ ਕਰੀਬ 1500 ਪੁਲਿਸ ਮੁਲਾਜ਼ਮਾਂ ਨੂੰ ਸਿਖਲਾਈ ਦਿੱਤੀ ਗਈ।