- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼
ਸੋਮਵਾਰ ਦੇਰ ਰਾਤ ਪੰਜਾਬ ਸਫਾਈ ਕਮਿਸ਼ਨ ਦੇ ਚੇਅਰਮੈਨ ਚੰਦਨ ਗਰੇਵਾਲ ਅਤੇ ਦਲਿਤ ਵਿਕਾਸ ਬੋਰਡ ਦੇ ਚੇਅਰਮੈਨ ਵਿਜੇ ਦਾਨਵ ਦੀ ਅਗਵਾਈ ਹੇਠ ਨੁਮਾਇੰਦਿਆਂ ਦੀ ਸਰਕਾਰ ਨਾਲ ਇੱਕ ਅਹਿਮ ਮੀਟਿੰਗ ਹੋਈ। ਇਸ ਮੀਟਿੰਗ ਵਿੱਚ ਸਰਕਾਰ ਨੇ ਸਫਾਈ ਕਰਮਚਾਰੀਆਂ ਦੀਆਂ ਮੰਗਾਂ ਮੰਨਣ ਅਤੇ ਤਨਖਾਹਾਂ ਵਿੱਚ ਦੁਗਣਾ ਵਾਧਾ ਕਰਨ ਦਾ ਭਰੋਸਾ ਦਿੱਤਾ।

ਤੇਜਿੰਦਰ ਕੌਰ ਥਿੰਦ, ਪੰਜਾਬੀ ਜਾਗਰਣ ਜਲੰਧਰ : ਸੋਮਵਾਰ ਦੇਰ ਰਾਤ ਪੰਜਾਬ ਸਫਾਈ ਕਮਿਸ਼ਨ ਦੇ ਚੇਅਰਮੈਨ ਚੰਦਨ ਗਰੇਵਾਲ ਅਤੇ ਦਲਿਤ ਵਿਕਾਸ ਬੋਰਡ ਦੇ ਚੇਅਰਮੈਨ ਵਿਜੇ ਦਾਨਵ ਦੀ ਅਗਵਾਈ ਹੇਠ ਨੁਮਾਇੰਦਿਆਂ ਦੀ ਸਰਕਾਰ ਨਾਲ ਇੱਕ ਅਹਿਮ ਮੀਟਿੰਗ ਹੋਈ। ਇਸ ਮੀਟਿੰਗ ਵਿੱਚ ਸਰਕਾਰ ਨੇ ਸਫਾਈ ਕਰਮਚਾਰੀਆਂ ਦੀਆਂ ਮੰਗਾਂ ਮੰਨਣ ਅਤੇ ਤਨਖਾਹਾਂ ਵਿੱਚ ਦੁਗਣਾ ਵਾਧਾ ਕਰਨ ਦਾ ਭਰੋਸਾ ਦਿੱਤਾ। ਇਸ ਦੇ ਨਾਲ ਹੀ ਪੰਜਾਬ ਸਫਾਈ ਕਮਿਸ਼ਨ ਦੇ ਚੇਅਰਮੈਨ ਚੰਦਨ ਗਰੇਵਾਲ ਨੇ ਬਰਨਾਲਾ ਵਿਚ ਵਾਪਰੀ ਘਟਨਾ ਦਾ ਗੰਭੀਰ ਨੋਟਿਸ ਲੈਂਦਿਆਂ ਪ੍ਰਸ਼ਾਸਨ ਨਾਲ ਗੱਲਬਾਤ ਕੀਤੀ। ਜਿਸ ਡੀਐੱਸਪੀ ਦੀ ਮੌਜੂਦਗੀ ਵਿੱਚ ਸ਼ਾਂਤਮਈ ਧਰਨੇ 'ਤੇ ਲਾਠੀਚਾਰਜ ਹੋਇਆ ਸੀ, ਉਸ ਨੂੰ ਤੁਰੰਤ ਮੁਅੱਤਲ ਕਰਵਾਇਆ ਗਿਆ ਅਤੇ ਜ਼ਖਮੀ ਕਰਮਚਾਰੀਆਂ ਦਾ ਹਾਲ-ਚਾਲ ਪੁੱਛਿਆ ਗਿਆ। ਪਰ ਕਹਾਣੀ ਵਿੱਚ ਮੋੜ ਉਦੋਂ ਆਇਆ ਜਦੋਂ ਜਮੀਨੀ ਪੱਧਰ 'ਤੇ ਲੜਾਈ ਲੜ ਰਹੇ ਮੁੱਖ ਆਗੂਆਂ ਨੇ ਇਸ ਸਮਝੌਤੇ ਨੂੰ ਮੰਨਣ ਤੋਂ ਸਾਫ਼ ਇਨਕਾਰ ਕਰ ਦਿੱਤਾ। ਸਫਾਈ ਸੇਵਕ ਯੂਨੀਅਨ ਦੇ ਪੰਜਾਬ ਪ੍ਰਧਾਨ, ਅਸ਼ੋਕ ਸਰਵਾਨ,ਨਗਰ ਨਿਗਮ ਯੂਨੀਅਨ ਪ੍ਰਧਾਨ, ਬੰਟੂ ਸਭਰਵਾਲ ਅਤੇ ਭਗਵਾਨ ਵਾਲਮੀਕਿ ਆਸ਼ਰਮ ਦੇ ਚੇਅਰਮੈਨ, ਵਿਪਨ ਸਭਰਵਾਲ ਨੇ ਸਪੱਸ਼ਟ ਕੀਤਾ ਕਿ ਸਰਕਾਰ ਨੇ ਅਸਲ ਯੂਨੀਅਨ ਆਗੂਆਂ ਨਾਲ ਕੋਈ ਸਿੱਧੀ ਗੱਲਬਾਤ ਨਹੀਂ ਕੀਤੀ, ਸਿਰਫ ਸਰਕਾਰੀ ਨੁਮਾਇੰਦਿਆੰ ਨਾਲ ਗੱਲਬਾਤ ਕਰਕੇ ਲਾਲੀਪੌਪ ਦਿੱਤਾ ਹੈ। ਉਨ੍ਹਾਂ ਅਨੁਸਾਰ ਸਰਕਾਰੀ ਨੁਮਾਇੰਦਿਆਂ ਨਾਲ ਹੋਏ ਦਾਅਵਿਆਂ 'ਤੇ ਭਰੋਸਾ ਨਹੀਂ ਕੀਤਾ ਜਾ ਸਕਦਾ। ਆਗੂਆਂ ਨੇ ਐਲਾਨ ਕੀਤਾ ਕਿ ਜਦੋਂ ਤੱਕ ਉਨ੍ਹਾਂ ਦੀਆਂ ਮੰਗਾਂ ਦਾ ਠੋਸ ਹੱਲ ਨਹੀਂ ਨਿਕਲਦਾ, ਹੜਤਾਲ ਅਤੇ ਸੰਘਰਸ਼ ਜਾਰੀ ਰਹੇਗਾ। ਇਸ ਦੇ ਨਾਲ ਹੀ 30 ਨੂੰ ਬੰਦ ਦਾ ਸੱਦਾ ਵੀ ਕਾਇਮ ਰਹੇਗਾ।
ਸੰਘਰਸ਼ ਨੂੰ ਤਿੱਖਾ ਕਰਨ ਦੀ ਅਗਲੀ ਰਣਨੀਤੀ
ਸੰਘਰਸ਼ ਨੂੰ ਬੀਜੇਪੀ ਦੇ ਸਮਰਥਨ ਤੋੰ ਬਾਅਦ ਹੋਰ ਮਜ਼ਬੂਤ ਕਰਨ ਲਈ ਆਗੂਆਂ ਨੇ ਧਾਰਮਿਕ ਅਤੇ ਸਮਾਜਿਕ ਸ਼ਖਸੀਅਤਾਂ ਦਾ ਸਹਿਯੋਗ ਲੈਣ ਦਾ ਫੈਸਲਾ ਕੀਤਾ ਹੈ। ਵਿਪਨ ਸਭਰਵਾਲ ਨੇ ਦੱਸਿਆ ਕਿ ਭਲਕੇ ਅੰਮ੍ਰਿਤਸਰ ਵਿਖੇ ਸੰਤ ਸਮਾਜ ਨਾਲ ਅਹਿਮ ਮੀਟਿੰਗ ਕੀਤੀ ਜਾਵੇਗੀ। ਪਹਿਲੀ ਬੈਠਕ ਸੰਤ ਮਹਾਨਾਥ ਨਾਲ ਹੋਵੇਗੀ। ਇਸ ਤੋਂ ਬਾਅਦ ਸੰਤ ਗਿਰਧਾਰੀ ਨਾਥ ਅਤੇ ਸੰਤ ਮਲਕੀਤ ਨਾਥ ਨਾਲ ਮੁਲਾਕਾਤ ਕਰਕੇ ਅਗਲੀ ਰਣਨੀਤੀ ਤੈਅ ਕੀਤੀ ਜਾਵੇਗੀ।
ਮੌਨਸੂਨ 'ਚ ਆਮ ਜਨਤਾ ਦੀਆਂ ਵਧੀਆਂ ਮੁਸ਼ਕਲਾਂ
ਇਸ ਆਪਸੀ ਖਿੱਚੋਤਾਣ ਅਤੇ ਕਈ ਦਿਨਾਂ ਤੋਂ ਚੱਲ ਰਹੀ ਹੜਤਾਲ ਦਾ ਸਭ ਤੋਂ ਵੱਡਾ ਖਾਮਿਆਜ਼ਾ ਆਮ ਲੋਕਾਂ ਨੂੰ ਭੁਗਤਣਾ ਪੈ ਰਿਹਾ ਹੈ। ਸ਼ਹਿਰਾਂ ਵਿੱਚੋਂ ਕੂੜਾ ਨਾ ਚੁੱਕੇ ਜਾਣ ਕਰਕੇ ਥਾਂ-ਥਾਂ ਗੰਦਗੀ ਦੇ ਢੇਰ ਲੱਗ ਚੁੱਕੇ ਹਨ। ਮੌਨਸੂਨ ਦੇ ਇਸ ਮੌਸਮ ਵਿੱਚ ਹੋ ਰਹੀ ਲਗਾਤਾਰ ਬਾਰਿਸ਼ ਕਾਰਨ ਸੜਕਾਂ 'ਤੇ ਫੈਲਿਆ ਕੂੜਾ ਬਦਬੂ ਮਾਰ ਰਿਹਾ ਹੈ, ਜਿਸ ਨਾਲ ਮੁਹੱਲਿਆਂ ਵਿੱਚ ਬਿਮਾਰੀਆਂ ਫੈਲਣ ਦਾ ਗੰਭੀਰ ਖਤਰਾ ਬਣ ਗਿਆ ਹੈ।
ਯੂਨੀਅਨਾਂ ਦੇ ਸੰਘਰਸ਼ ਅਤੇ ਸਰਕਾਰ ਦੇ ਅੜੀਅਲ ਰਵੱਈਏ ਤੇ ਅਧੂਰੇ ਭਰੋਸਿਆਂ ਵਿਚਕਾਰ ਆਮ ਨਾਗਰਿਕ ਪੀਸਿਆ ਜਾ ਰਿਹਾ ਹੈ। ਸਮੇਂ ਦੀ ਮੰਗ ਹੈ ਕਿ ਸਰਕਾਰ ਦਿਖਾਵੇ ਦੀਆਂ ਬੈਠਕਾਂ ਛੱਡ ਕੇ ਅਸਲ ਯੂਨੀਅਨ ਆਗੂਆਂ ਨਾਲ ਟੇਬਲ 'ਤੇ ਬੈਠ ਕੇ ਗੱਲਬਾਤ ਕਰੇ ਅਤੇ ਕੋਈ ਸਾਰਥਕ ਤੇ ਸਥਾਈ ਹੱਲ ਕੱਢੇ, ਤਾਂ ਜੋ ਸ਼ਹਿਰਾਂ ਦੀ ਸਫਾਈ ਵਿਵਸਥਾ ਬਹਾਲ ਹੋ ਸਕੇ ਅਤੇ ਲੋਕਾਂ ਨੂੰ ਸੁੱਖ ਦਾ ਸਾਹ ਮਿਲੇ।