- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼
ਮੋਸਮ ਖਰਾਬੀ ਕਾਰਨ 31 ਜੁਲਾਈ ਤਕ ਸੜਕਾਂ ਬਨਣ ਦਾ ਕੰਮ ਹੋ ਰਿਹਾ ਪ੍ਰਭਾਵਿਤ

-ਵਿਧਾਨ ਸਭਾ ਚੋਣਾਂ ਦੇ ਮਦੇਨਜ਼ਰ ਵਿਕਾਸ ਕੰਮਾਂ ਦੀ ਰਫਤਾਰ ਤੇਜ਼ ਕਰਨ ਦੀ ਹਦਾਇਤ
ਮਦਨ ਭਾਰਦਵਾਜ, ਪੰਜਾਬੀ ਜਾਗਰਣ, ਜਲੰਧਰ : ਨਿਗਮ ਵੱਲੋਂ ਸ਼ੁਰੂ ਵਿਕਾਸ ਕੰਮ ਮੌਸਮ ਦੀ ਖਰਾਬੀ ਕਾਰਨ ਨਿਰਧਾਰਤ ਸਮੇਂ ’ਤੇ ਪੂਰੇ ਨਹੀਂ ਹੋ ਰਹੇ ਤੇ ਮੇਅਰ ਵੱਲੋਂ ਵਿਕਾਸ ਕੰਮ ਪੂਰੇ ਕਰਨ ਲਈ ਦਿੱਤੀਆਂ ਜਾ ਰਹੀਆਂ ਡੈੱਡਲਾਈਨਾਂ ਦੇ ਬਾਵਜੂਦ ਕੰਮ ਅਧੂਰੇ ਚਲ ਰਹੇ ਹਨ। ਪਹਿਲਾਂ ਮੇਅਰ ਵੱਲੋਂ ਅਧਿਕਾਰੀਆਂ ਨੂੰ 30 ਜੂਨ ਤਕ ਵਿਕਾਸ ਕੰਮ ਖਾਸ ਕਰਕੇ ਸੜਕਾਂ ਬਣਾਉਣ ਦੇ ਕੰਮ ਪੂਰੇ ਕਰਨ ਦੀ ਡੈਡਲਾਈਨ ਦਿੱਤੀ ਸੀ, ਪਰ ਮੌਸਮ ਖਰਾਬ ਹੋਣ ਕਾਰਨ ਡੈਡਲਾਈਨ ਦੀ ਮਿਆਦ ਵਧਾ ਕੇ ਹੁਣ 31 ਜੁਲਾਈ ਕਰ ਦਿੱਤੀ ਹੈ। ਨਿਗਮ ਦੇ ਸੂਤਰਾਂ ਅਨੁਸਾਰ ਇਸ ਸਮੇਂ ਸ਼ਹਿਰ ’ਚ ਵਿਕਾਸ ਕੰਮ ਤਾਂ ਚਾਲੂ ਹਨ ਪਰ ਉਨ੍ਹਾਂ ਦਾ ਨਿਰਧਾਰਤ ਸਮੇ ਤਕ ਪੂਰਾ ਹੋਣ ਦੀ ਸੰਭਾਵਨਾ ਨਹੀਂ ਹੈ। ਇਸ ਸਮੇਂ ਚਾਰ ਵਿਧਾਨ ਸਭਾ ਹਲਕਿਆਂ ਕੈਂਟ, ਵੈਸਟ, ਨਾਰਥ ਤੇ ਸੈਂਟਰਲ ਹਲਕਿਆਂ ’ਚ ਵਿਕਾਸ ਕੰਮ ਤਾਂ ਜਾਰੀ ਹਨ, ਪਰ ਮੌਸਮ ਖਰਾਬ ਹੋਣ ਕਾਰਨ ਇਹ ਕੰਮ ਸਿਰੇ ਨਹੀਂ ਚੜ੍ਹ ਰਹੇ ਹਨ। ਸ਼ਹਿਰ ’ਚ ਕਰੋੜਾਂ ਦੇ ਵਿਕਾਸ ਕੰਮ ਤਾਂ ਚਲ ਰਹੇ ਹਨ ਤੇ ਅਧਿਕਾਰੀ ਵੀ ਉਨ੍ਹਾਂ ਨੂੰ ਪੂਰਾ ਕਰਨ ਦਾ ਯਤਨ ਕਰ ਰਹੇ ਹਨ, ਪਰ ਬਰਸਾਤ ਦੌਰਾਨ ਵਿਕਾਸ ਕੰਮ ਪ੍ਰਭਾਵਿਤ ਹੋ ਜਾਂਦੇ ਹਨ। ਸੂਤਰਾਂ ਅਨੁਸਾਰ ਇਸ ਸਮੇਂ ਮਾਡਲ ਟਾਊਨ, 66 ਫੁੱਟੀ ਰੋਡ ਸਮੇਤ ਉਕਤ ਚਾਰੋ ਵਿਧਾਨ ਸਭਾ ਹਲਕਿਆਂ ’ਚ ਕੰਮ ਚਾਲੂ ਹਨ ਤੇ ਠੇਕੇਦਾਰ ਕੰਮ ਕਰਨ ਲਈ ਤਿਆਰ ਰਹਿੰਦੇ ਹਨ ਪਰ ਜਦੋਂ ਮੌਸਮ ਧੋਖਾ ਕਰਦਾ ਹੈ ਤਾਂ ਕੀਤੀ ਕਰਾਈ ਤਿਆਰੀ ਤੇ ਪਾਣੀ ਫਿਰ ਜਾਂਦਾ ਹੈ। ਠੇਕੇਦਾਰਾਂ ਅਨੁਸਾਰ ਜਦੋਂ ਉਹ ਥੋੜੀ ਬਹੁਤ ਬਰਸਾਤ ’ਚ ਕੰਮ ਕਰਦੇ ਹਨ ਤਾਂ ਲੋਕ ਰੌਲਾ ਪਾ ਦਿੰਦੇ ਹਨ ਤੇ ਵੀਡੀਓ ਬਣਾ ਕੇ ਪਾਉਣੀਆਂ ਸ਼ੁਰੂ ਕਰ ਦਿੰਦੇ ਹਨ, ਜਿਸ ਕਾਰਨ ਫਿਰ ਕੰਮ ਬੰਦ ਹੀ ਰਹਿੰਦਾ ਹੈ।
ਮੇਅਰ ਵਨੀਤ ਧੀਰ ਅਨੁਸਾਰ ਅਧਿਕਾਰੀਆਂ ਨੂੰ ਪਿਛਲੇ ਮਹੀਨੇ 30 ਜੂਨ ਤਕ ਕੰਮ ਪੂਰੇ ਕਰਨ ਦੀ ਚਿਤਾਵਨੀ ਦਿੱਤੀ ਸੀ, ਪਰ ਬਰਸਾਤ ਨੇ ਕੰਮ ਪ੍ਰਭਾਵਿਤ ਕਰ ਦਿੱਤਾ। ਇਸੇ ਤਰ੍ਹਾਂ ਹੀ ਹੁਣ 31 ਜੁਲਾਈ ਤਕ ਠੇਕੇਦਾਰਾਂ ਨੂੰ ਕੰਮ ਖਤਮ ਕਰਨ ਦੀ ਹਦਾਇਤ ਕੀਤੀ ਸੀ ਪਰ ਫਿਰ ਮੌਸਮ ਖਰਾਬ ਹੋਣ ਕਾਰਨ ਚਿਤਾਵਨੀ ਦੇ ਬਾਵਜੂਦ ਕੰਮ ਅਧੂਰੇ ਹੀ ਰਹਿ ਸਕਦੇ ਹਨ।
ਜਦੋਂ ਨਿਗਮ ਦੇ ਬੀਐਂਡਆਰ ਬਰਾਂਚ ਦੇ ਐੱਸਈ ਰਜਨੀਸ਼ ਡੋਗਰਾ ਨਾਲ ਗੱਲ ਕੀਤੀ, ਤਾਂ ਉਨ੍ਹਾਂ ਕਿਹਾ ਕਿ ਸੜਕਾਂ ਬਣਾਉਣ ਲਈ ਇਸ ਸਮੇਂ ਤਾਪਮਾਨ ਵੀ ਠੀਕ ਚਲ ਰਿਹਾ ਹੈ, ਪਰ ਜਦੋਂ ਖ਼ਰਾਬ ਮੌਸਮ ਹੋਣ ਕਾਰਨ ਬਰਸਾਤ ਸ਼ੁਰੂ ਹੋ ਜਾਂਦੀ ਹੈ ਤਾਂ ਫਿਰ ਇਕ ਤਾਂ ਚਲਦਾ ਬੰਦ ਹੋ ਜਾਂਦਾ ਹੈ ਦੂਜਾ ਜਿਹੜਾ ਸ਼ੁਰੂ ਕਰਨਾ ਹੁੰਦਾ ਹੈ, ਉਹ ਸ਼ੁਰੂ ਨਹੀਂ ਹੋ ਪਾਉਂਦਾ। ਸ਼ਹਿਰ ਦੇ ਵਿਕਾਸ ਕੰਮ ਕਰਨ ਲਈ ਫੰਡ ਦੀ ਕੋਈ ਕਮੀਂ ਨਹੀਂ ਹੈ, ਪਰ ਫੰਡ ਹੋਣ ਦੇ ਬਾਵਜੂਦ ਮੌਸਮ ਸਾਥ ਨਹੀਂ ਦੇ ਰਿਹਾ ਜਿਸ ਕਾਰਨ ਸੜਕਾਂ ਬਣਾਉਣ ਦਾ ਕੰਮ ਰੁਕ ਜਾਂਦਾ ਹੈ। ਸ਼ਹਿਰ ਦੇ ਚਾਰੋ ਵਿਧਾਨ ਸਭਾ ਹਲਕਿਆਂ ਦੇ ਵਿਕਾਸ ਲਈ ਸਰਕਾਰ ਵੱਲੋਂ ਪੰਜਾਬ ਮਿਉਂਸੀਪਲ ਡਿਵੈਲਪਮੈਂਟ ਫੰਡ ਤੋਂ ਲਗਪਗ 58 ਕਰੋੜ ਦੀ ਰਕਮ ਜਾਰੀ ਕੀਤੀ ਜਾ ਚੁੱਕੀ ਹੈ, ਜਦੋਂ ਬਰਸਾਤ ਆਉਂਦੀ ਹੈ ਤਾਂ ਸਾਰੇ ਮਿੱਥੇ ਟੀਚੇ ਉਥੇ ਹੀ ਰਹਿ ਜਾਂਦੇ ਹਨ।