- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼
1 ਦੀ ਲੀਡ...) -ਬੈਂਕ ਖਾਤੇ

1 ਦੀ ਲੀਡ...)
-ਬੈਂਕ ਖਾਤੇ ਹੋਏ ਫ਼ਰੀਜ਼, ਹੁਣ ਰੁਕ ਸਕਦੇ ਨੇ ਨਗਰ ਨਿਗਮ ਦੇ ਵਿਕਾਸ ਕੰਮ ਰੁਕਣ ਦਾ ਖ਼ਦਸ਼ਾ
ਜਾ.ਸ., ਜਲੰਧਰ : ਵਿਧਾਨ ਸਭਾ ਚੋਣਾਂ ਤੋਂ ਪਹਿਲਾਂ 25 ਨਵੰਬਰ ਨੂੰ ਹੋਣ ਵਾਲੀ ਨਿਗਮ ਦੀ ਹਾਊਸ ਮੀਟਿੰਗ ’ਚ 150 ਕਰੋੜ ਰੁਪਏ ਦੇ ਵਿਕਾਸ ਕੰਮਾਂ ਦੇ ਮਤੇ ਪੇਸ਼ ਕੀਤੇ ਜਾਣਗੇ। ਇਨ੍ਹਾਂ ਵਿਚ ਸੜਕਾਂ ਦੀ ਮਸ਼ੀਨੀ ਸਫ਼ਾਈ ਦੇ ਦੋ ਪ੍ਰੋਜੈਕਟਾਂ ’ਤੇ 55 ਕਰੋੜ ਰੁਪਏ ਅਤੇ ਚਾਰੇ ਵਿਧਾਨ ਸਭਾ ਹਲਕਿਆਂ ’ਚ ਹੋਰ ਵਿਕਾਸ ਕੰਮਾਂ ’ਤੇ 95 ਕਰੋੜ ਰੁਪਏ ਖ਼ਰਚਣ ਦੀ ਯੋਜਨਾ ਹੈ। ਚੋਣਾਂ ਤੋਂ ਪਹਿਲਾਂ ਇਹ ਕੰਮ ਸੱਤਾ ਧਿਰ ਲਈ ਅਹਿਮ ਹਨ, ਪਰ ਨਿਗਮ ਦੀ ਮਾੜੀ ਮਾਲੀ ਹਾਲਤ ਕਾਰਨ ਇਨ੍ਹਾਂ ਨੂੰ ਪੂਰਾ ਕਰਨਾ ਚੁਣੌਤੀ ਬਣ ਸਕਦਾ ਹੈ। ਨਿਗਮ ਸਿਰ ਪਹਿਲਾਂ ਹੀ ਲਗਪਗ 60 ਕਰੋੜ ਰੁਪਏ ਦੀ ਦੇਣਦਾਰੀ ਹੈ। ਵਿਕਾਸ ਕੰਮਾਂ ਦੇ ਮਤੇ ਪਾਸ ਕਰਨਾ ਭਾਵੇਂ ਸੌਖਾ ਹੋਵੇ, ਪਰ ਇਨ੍ਹਾਂ ਲਈ ਪੈਸੇ ਦਾ ਪ੍ਰਬੰਧ ਕਰਨਾ ਮੁਸ਼ਕਲ ਹੈ। ਨਿਗਮ ਦੇ ਬਜਟ ’ਚ ਵਿਕਾਸ ਕੰਮਾਂ ਲਈ ਹਰ ਸਾਲ ਮੁਸ਼ਕਲ ਨਾਲ 80 ਕਰੋੜ ਰੁਪਏ ਹੀ ਹੁੰਦੇ ਹਨ। ਕੇਂਦਰ ਤੇ ਸੂਬਾ ਸਰਕਾਰ ਦੀਆਂ ਯੋਜਨਾਵਾਂ ਰਾਹੀਂ ਵੀ ਫੰਡ ਮਿਲਦੇ ਹਨ, ਪਰ ਇਕ ਸਾਲ ’ਚ ਇਹ ਰਕਮ ਕਦੇ ਵੀ 50 ਕਰੋੜ ਰੁਪਏ ਤੋਂ ਵੱਧ ਨਹੀਂ ਰਹੀ। ਨਿਗਮ ਦੀ ਆਮਦਨ ਸੀਮਤ ਹੈ ਤੇ ਅਦਾਲਤੀ ਮਾਮਲਿਆਂ ਕਾਰਨ ਇਸ ਦੇ ਚਾਰ ਬੈਂਕ ਖਾਤੇ ਫ਼ਰੀਜ਼ ਹਨ। ਪੁਰਾਣੇ ਕੰਮਾਂ ਦੇ ਬਿੱਲਾਂ ਦਾ ਭੁਗਤਾਨ ਨਾ ਹੋਣ ਕਾਰਨ ਕਈ ਠੇਕੇਦਾਰ ਕੰਮ ਕਰਨ ਤੋਂ ਪਿੱਛੇ ਹਟ ਰਹੇ ਹਨ। ਭੁਗਤਾਨ ਲੈਣ ਲਈ ਕੁਝ ਠੇਕੇਦਾਰ ਅਦਾਲਤ ਦਾ ਦਰਵਾਜ਼ਾ ਵੀ ਖੜਕਾ ਸਕਦੇ ਹਨ। ਨਿਗਮ ਵੱਲੋਂ ਪਹਿਲਾਂ ਜਾਰੀ ਕੀਤੇ ਕਈ ਟੈਂਡਰਾਂ ਦੇ ਕੰਮ ਵੀ ਇਸੇ ਕਰਕੇ ਰੁਕੇ ਹੋਏ ਹਨ ਕਿ ਠੇਕੇਦਾਰਾਂ ਨੂੰ ਪੁਰਾਣਾ ਬਕਾਇਆ ਨਹੀਂ ਮਿਲ ਰਿਹਾ।
-ਬਾਕਸ-
-ਨਿਗਮ ਦੇ ਖਾਤਿਆਂ ’ਚ ਫ਼ਰੀਜ਼ ਹਨ 22 ਕਰੋੜ ਰੁਪਏ
ਠੇਕਿਆਂ ਨਾਲ ਜੁੜੇ ਆਰਬਿਟਰੇਸ਼ਨ ਮਾਮਲਿਆਂ ’ਚ ਨਗਰ ਨਿਗਮ ਦੇ ਚਾਰ ਬੈਂਕ ਖਾਤੇ ਫ਼ਰੀਜ਼ ਹਨ। ਇਨ੍ਹਾਂ ਵਿਚ ਲਗਪਗ 22 ਕਰੋੜ ਰੁਪਏ ਜਮ੍ਹਾਂ ਹਨ, ਪਰ ਠੇਕੇਦਾਰਾਂ ਨੂੰ ਭੁਗਤਾਨ ਕਰਨ ਲਈ ਇਹ ਰਕਮ ਵਰਤੀ ਨਹੀਂ ਜਾ ਰਹੀ। ਜਿੰਦਲ ਇਨਫ੍ਰਾਸਟ੍ਰਕਚਰ ਦਾ ਠੇਕਾ ਰੱਦ ਕਰਨ ਨਾਲ ਜੁੜੇ ਮਾਮਲੇ ’ਚ ਅਦਾਲਤ ਨੇ ਸਟੇਟ ਬੈਂਕ ਆਫ਼ ਇੰਡੀਆ ਤੇ ਐੱਚਡੀਐੱਫਸੀ ਬੈਂਕ ਦੇ ਖਾਤੇ ਫ਼ਰੀਜ਼ ਕੀਤੇ ਹਨ। ਦੁਰਗਾ ਪਬਲਿਸਿਟੀ ਦੇ ਆਰਬਿਟਰੇਸ਼ਨ ਮਾਮਲੇ ’ਚ ਪੰਜਾਬ ਨੈਸ਼ਨਲ ਬੈਂਕ ਤੇ ਇੰਡੀਅਨ ਓਵਰਸੀਜ਼ ਬੈਂਕ ਦੇ ਖਾਤੇ ਸ਼ਾਮਲ ਹਨ। ਜਿੰਦਲ ਕੰਪਨੀ ਨਾਲ ਜੁੜੇ ਲਗਪਗ 204 ਕਰੋੜ ਰੁਪਏ ਦੇ ਮਾਮਲੇ ਵਿਚ ਰਕਮ ਫਸੀ ਹੋਈ ਹੈ, ਜਦਕਿ ਦੁਰਗਾ ਪਬਲਿਸਿਟੀ ਨੂੰ ਕਰੀਬ 21 ਕਰੋੜ ਰੁਪਏ ਦਾ ਹਰਜਾਨਾ ਦੇਣਾ ਹੈ। ਮਾਲੀ ਸੰਕਟ ਕਾਰਨ ਨਿਗਮ ਮੁਲਾਜ਼ਮਾਂ ਦਾ ਪੀਐੱਫ਼ ਵੀ ਜਮ੍ਹਾਂ ਨਹੀਂ ਕਰਵਾ ਸਕਿਆ। ਪਿਛਲੇ ਮਹੀਨਿਆਂ ’ਚ ਠੇਕੇਦਾਰਾਂ ਨੂੰ ਜਾਰੀ ਕੀਤੇ ਚੈੱਕ ਵੀ ਬਾਊਂਸ ਹੋਏ ਹਨ।
-ਬਾਕਸ-
-ਵਾਤਾਵਰਣੀ ਮੁਆਵਜ਼ੇ ਦੇ 8.40 ਕਰੋੜ ਰੁਪਏ ਹਨ ਬਕਾਇਆ
ਵਰਿਆਣਾ ਡੰਪ ਸਾਈਟ ’ਤੇ ਕੂੜਾ ਮੈਨੇਜਮੈਂਟ ਦੇ ਨਿਯਮਾਂ ਦੀ ਉਲੰਘਣਾ ਕਰਨ ’ਤੇ ਨੈਸ਼ਨਲ ਗ੍ਰੀਨ ਟ੍ਰਿਬਿਊਨਲ ਨੇ ਨਿਗਮ ਨੂੰ 9.30 ਕਰੋੜ ਰੁਪਏ ਦਾ ਵਾਤਾਵਰਣੀ ਮੁਆਵਜ਼ਾ ਲਾਇਆ ਸੀ। ਇਸ ਵਿੱਚੋਂ 90 ਲੱਖ ਰੁਪਏ ਜਮ੍ਹਾਂ ਕਰਵਾਏ ਹਨ, ਜਦਕਿ 8.40 ਕਰੋੜ ਰੁਪਏ ਹਾਲੇ ਬਕਾਇਆ ਹਨ। ਐੱਨਜੀਟੀ ਨੇ ਪੰਜਾਬ ਪ੍ਰਦੂਸ਼ਣ ਕੰਟਰੋਲ ਬੋਰਡ ਨੂੰ ਬਕਾਇਆ ਰਕਮ ਵਸੂਲਣ ਲਈ ਕਾਰਵਾਈ ਕਰਨ ਦੇ ਨਿਰਦੇਸ਼ ਦਿੱਤੇ ਹਨ।
-ਬਾਕਸ-
ਠੇਕੇਦਾਰਾਂ ਨੇ ਕੰਮ ਤੋਂ ਖਿੱਚੇ ਹੱਥ, ਕੂੜਾ ਚੁੱਕਣ ’ਤੇ ਵੀ ਸੰਕਟ
ਨਿਗਮ ’ਤੇ ਵੱਧਦੇ ਜਾ ਰਹੇ ਮਾਲੀ ਬੋਝ ਕਾਰਨ ਕੂੜਾ ਚੁੱਕਣ ਵਾਲੇ ਠੇਕੇਦਾਰਾਂ ਦੇ ਭੁਗਤਾਨ ਵੀ ਰੁਕ ਗਏ ਹਨ। ਬਕਾਇਆ ਰਕਮ ਲਗਪਗ 15 ਕਰੋੜ ਰੁਪਏ ਤੱਕ ਪਹੁੰਚ ਗਈ ਹੈ। ਠੇਕੇਦਾਰ ਕਿਸੇ ਵੀ ਵੇਲੇ ਸਫ਼ਾਈ ਤੇ ਕੂੜਾ ਚੁੱਕਣ ਦਾ ਕੰਮ ਬੰਦ ਕਰ ਸਕਦੇ ਹਨ। ਪੁਰਾਣੇ ਵਿਕਾਸ ਕੰਮਾਂ ਦਾ ਭੁਗਤਾਨ ਨਾ ਹੋਣ ਕਾਰਨ ਠੇਕੇਦਾਰ ਨਵੇਂ ਟੈਂਡਰ ਲੈਣ ਵਿਚ ਵੀ ਦਿਲਚਸਪੀ ਨਹੀਂ ਦਿਖਾ ਰਹੇ। ਅਜਿਹੇ ’ਚ ਨਵੇਂ ਵਿਕਾਸ ਕੰਮਾਂ ਦੇ ਟੈਂਡਰ ਸੱਤਾਧਿਰ ਲਈ ਮੁਸ਼ਕਲਾਂ ਵਧਾ ਸਕਦੇ ਹਨ।
-ਬਾਕਸ-
-ਆਮਦਨ ’ਚ ਵੱਡੇ ਵਾਧੇ ਦੀ ਆਸ ਨਹੀਂ
ਨਗਰ ਨਿਗਮ ਦੀ ਆਮਦਨ ਦੇ ਮੁੱਖ ਸਰੋਤ ਪ੍ਰਾਪਰਟੀ ਟੈਕਸ, ਬਿਲਡਿੰਗ ਬ੍ਰਾਂਚ ਅਤੇ ਜਲ ਸਪਲਾਈ ਹਨ। ਅਗਲੇ ਦੋ ਤੋਂ ਤਿੰਨ ਮਹੀਨਿਆਂ ਵਿਚ ਪ੍ਰਾਪਰਟੀ ਟੈਕਸ ਤੋਂ ਵੱਡੀ ਆਮਦਨ ਦੀ ਉਮੀਦ ਨਹੀਂ ਹੈ, ਕਿਉਂਕਿ ਇਸ ਦੀ ਜ਼ਿਆਦਾਤਰ ਵਸੂਲੀ ਸਤੰਬਰ ਤੱਕ ਹੋ ਜਾਂਦੀ ਹੈ। ਇਸ ਤੋਂ ਬਾਅਦ ਸਿਰਫ਼ 20 ਤੋਂ 25 ਫ਼ੀਸਦੀ ਵਸੂਲੀ ਹੀ ਬਾਕੀ ਰਹਿੰਦੀ ਹੈ। ਜਲ ਸਪਲਾਈ ਤੋਂ ਹੋਣ ਵਾਲੀ ਆਮਦਨ ਵੀ ਘੱਟ ਹੈ। ਚੋਣਾਂ ਤੋਂ ਪਹਿਲਾਂ ਅਧਿਕਾਰੀਆਂ ਨੂੰ ਵਸੂਲੀ ਦੇ ਹੁਕਮ ਦੇਣਾ ਔਖਾ ਹੋ ਸਕਦਾ ਹੈ, ਕਿਉਂਕਿ ਇਸ ਨਾਲ ਲੋਕਾਂ ਵਿਚ ਨਾਰਾਜ਼ਗੀ ਫੈਲਣ ਦਾ ਖ਼ਦਸ਼ਾ ਹੈ। ਇਸ ਲਈ ਨਿਗਮ ਆਪਣੇ ਸਰੋਤਾਂ ਰਾਹੀਂ ਵੀ ਵੱਧ ਪੈਸਾ ਇਕੱਠਾ ਨਹੀਂ ਕਰ ਸਕੇਗਾ।
-ਬਾਕਸ-
-ਸਰਕਾਰ ਵੱਲੋਂ ਮਨਜ਼ੂਰ ਗ੍ਰਾਂਟ ਨਾ ਮਿਲਣ ’ਤੇ ਭੁਗਤਾਨ ਰੁਕੇ
ਸ਼ਹਿਰ ਦੇ ਵਿਕਾਸ ਲਈ ਸਰਕਾਰ ਵੱਲੋਂ ਜਾਰੀ ਕੀਤੀ ਗ੍ਰਾਂਟ ਹਾਲੇ ਤੱਕ ਨਿਗਮ ਜਲੰਧਰ ਨੂੰ ਨਹੀਂ ਮਿਲੀ। ਇਸ ਕਾਰਨ ਠੇਕੇਦਾਰਾਂ ਅਤੇ ਏਜੰਸੀਆਂ ਦੇ ਬਿੱਲਾਂ ਦਾ ਭੁਗਤਾਨ ਅਟਕਿਆ ਹੋਇਆ ਹੈ। ਇਹ ਮਾਮਲਾ 25 ਨਵੰਬਰ ਦੀ ਹਾਊਸ ਮੀਟਿੰਗ ਦੇ ਏਜੰਡੇ ਵਿਚ ਵੀ ਸ਼ਾਮਲ ਕੀਤਾ ਹੈ। ਮਤੇ ਅਨੁਸਾਰ, ਸ਼ਹਿਰ ਦੇ ਵਿਕਾਸ ਲਈ ਸਰਕਾਰ ਨੇ ਯੂਈਆਈਪੀ ਦੇ ਪਹਿਲੇ, ਦੂਜੇ ਤੇ ਤੀਜੇ ਪੜਾਅ ਅਤੇ ਆਮ ਆਦਮੀ ਕਲੀਨਿਕਾਂ ਲਈ ਗ੍ਰਾਂਟ ਭੇਜੀ ਸੀ। ਇਸ ਰਕਮ ਵਿੱਚੋਂ ਠੇਕੇਦਾਰਾਂ ਅਤੇ ਏਜੰਸੀਆਂ ਨੂੰ ਭੁਗਤਾਨ ਕੀਤਾ ਜਾਣਾ ਸੀ। ਮਿਲੀ ਹੋਈ ਗ੍ਰਾਂਟ ਠੇਕੇਦਾਰਾਂ ਨੂੰ ਦਿੱਤੀ ਜਾ ਚੁੱਕੀ ਹੈ, ਪਰ ਬਾਕੀ ਰਕਮ ਹਾਲੇ ਨਹੀਂ ਆਈ। ਇਸ ਸਬੰਧੀ ਡਿਪਟੀ ਕਮਿਸ਼ਨਰ ਦਫ਼ਤਰ ਨੂੰ ਪਹਿਲਾਂ ਵੀ ਪੱਤਰ ਲਿਖਿਆ ਹੈ। ਮਤੇ ’ਚ ਕਿਹਾ ਹੈ ਕਿ ਅਧਿਕਾਰੀਆਂ ਦੀ ਸਹਿਮਤੀ ਤੋਂ ਬਾਅਦ ਸਰਕਾਰ ਨੂੰ ਬੇਨਤੀ ਕੀਤੀ ਜਾਵੇ ਕਿ ਅੱਗੇ ਜਾਰੀ ਹੋਣ ਵਾਲੀ ਗ੍ਰਾਂਟ ਸਿੱਧੀ ਨਗਰ ਨਿਗਮ ਦੇ ਖਾਤੇ ਵਿਚ ਭੇਜੀ ਜਾਵੇ।