ਪੰਜਾਬ ਹਾਟ ਮਿਕਸ ਪਲਾਂਟ ਐਸੋਸੀਏਸ਼ਨ ਵੱਲੋਂ ਸਰਕਾਰ ਖ਼ਿਲਾਫ਼ ਨਾਰਾਜ਼ਗੀ ਪੰਜਾਬ ਹਾਟ ਮਿਕਸ ਪਲਾਂਟ ਐਸੋਸੀਏਸ਼ਨ ਵੱਲੋਂ ਸਰਕਾਰ ਖ਼ਿਲਾਫ਼ ਨਾਰਾਜ਼ਗੀ, ਬਕਾਇਆ ਪੇਮੈਂਟਾਂ ਤੇ ਲੁੱਕ ਦੀ ਘਾਟ ਕਾਰਨ ਠੇਕੇਦਾਰ ਪ੍ਰੇਸ਼ਾਨ
Publish Date: Thu, 22 Oct 2026 07:02 PM (IST)
Updated Date: Thu, 22 Oct 2026 07:03 PM (IST)
ਬਕਾਇਆ ਪੇਮੈਂਟਾਂ ਤੇ ਲੁੱਕ ਦੀ ਘਾਟ ਕਾਰਨ ਠੇਕੇਦਾਰ ਪਰੇਸ਼ਾਨ ਬਿਟੂਮਨ ਐਸਕਲੇਸ਼ਨ ਦੀ ਰਕਮ ਜਾਰੀ ਕਰਨ ਤੇ ਕੰਮਾਂ ’ਚ ਦੇਰੀ ਲਈ ਜੁਰਮਾਨੇ ਨਾ ਲਗਾਉਣ ਦੀ ਮੰਗ ਦਵਿੰਦਰ ਕੁਮਾਰ, ਪੰਜਾਬੀ ਜਾਗਰਣ ਜਲੰਧਰ : ਜਲੰਧਰ ਪੰਜਾਬ ਹਾਟ ਮਿਕਸ ਪਲਾਂਟ ਐਸੋਸੀਏਸ਼ਨ ਨੇ ਪੰਜਾਬ ਸਰਕਾਰ ਵੱਲੋਂ ਉਨ੍ਹਾਂ ਦੀਆਂ ਸਮੱਸਿਆਵਾਂ ਵੱਲ ਧਿਆਨ ਨਾ ਦੇਣ ਦੇ ਦੋਸ਼ ਲਗਾਉਂਦਿਆਂ ਕਈ ਅਹਿਮ ਮੰਗਾਂ ਉਠਾਈਆਂ ਹਨ। ਐਸੋਸੀਏਸ਼ਨ ਅਨੁਸਾਰ ਸੜਕਾਂ ਦੇ ਨਿਰਮਾਣ ਨਾਲ ਜੁੜੇ ਠੇਕੇਦਾਰਾਂ ਨੂੰ ਲੁੱਕ (ਬਿਟੂਮਨ) ਦੀ ਘਾਟ, ਕਰੈਸ਼ਰ ਬੰਦ ਹੋਣ ਕਾਰਨ ਨਿਰਮਾਣ ਸਮੱਗਰੀ ਦੀ ਕਮੀ, ਵਧਦੀਆਂ ਕੀਮਤਾਂ ਤੇ ਕੀਤੇ ਗਏ ਕੰਮਾਂ ਦੀਆਂ ਪੇਮੈਂਟਾਂ ਨਾ ਮਿਲਣ ਵਰਗੀਆਂ ਸਮੱਸਿਆਵਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਐਸੋਸੀਏਸ਼ਨ ਵੱਲੋਂ ਕਿਹਾ ਗਿਆ ਹੈ ਕਿ ਰਾਮਾ ਰਿਫਾਈਨਰੀ ਤੋਂ ਲੁੱਕ ਦੀ ਸਪਲਾਈ ਸਮੇਂ ਸਿਰ ਨਹੀਂ ਮਿਲ ਰਹੀ। ਦਾਅਵਾ ਕੀਤਾ ਗਿਆ ਹੈ ਕਿ ਪੈਸੇ ਜਮ੍ਹਾਂ ਕਰਵਾਉਣ ਦੇ ਬਾਵਜੂਦ ਠੇਕੇਦਾਰਾਂ ਨੂੰ ਲੁੱਕ ਲਈ ਉਡੀਕ ਕਰਨੀ ਪੈਂਦੀ ਹੈ, ਜਿਸ ਕਾਰਨ ਸੜਕਾਂ ਦੇ ਨਿਰਮਾਣ ਕਾਰਜ ਪ੍ਰਭਾਵਿਤ ਹੋ ਰਹੇ ਹਨ। ਐਸੋਸੀਏਸ਼ਨ ਨੇ ਇਹ ਵੀ ਕਿਹਾ ਕਿ ਪੰਜਾਬ ’ਚ ਕਰੈਸ਼ਰ ਬੰਦ ਹੋਣ ਕਾਰਨ ਸੜਕਾਂ ਬਣਾਉਣ ਲਈ ਲੋੜੀਂਦਾ ਮਟੀਰੀਅਲ ਉਪਲਬਧ ਨਹੀਂ ਹੋ ਰਿਹਾ। ਇਸ ਕਾਰਨ ਠੇਕੇਦਾਰਾਂ ਨੂੰ ਦੂਜੇ ਸੂਬਿਆਂ ਤੋਂ ਸਮੱਗਰੀ ਮੰਗਵਾਉਣੀ ਪੈ ਰਹੀ ਹੈ ਤੇ ਇਸ ਦੇ ਰੇਟ ਵੀ ਵਧ ਰਹੇ ਹਨ। ਐਸੋਸੀਏਸ਼ਨ ਦਾ ਕਹਿਣਾ ਹੈ ਕਿ ਇਸ ਸਥਿਤੀ ’ਚ ਨਿਰਧਾਰਤ ਸਮੇਂ ਅੰਦਰ ਕੰਮ ਪੂਰੇ ਕਰਨਾ ਮੁਸ਼ਕਲ ਹੋ ਰਿਹਾ ਹੈ। ਸਰਕਾਰ ਤੋਂ ਮੰਗ ਕੀਤੀ ਗਈ ਹੈ ਕਿ ਪਹਿਲਾਂ ਕੀਤੇ ਗਏ ਕੰਮਾਂ ਦੀ ਬਿਟੂਮਨ ਦੀਆਂ ਕੀਮਤਾਂ ’ਚ ਵਾਧੇ ਨਾਲ ਸਬੰਧਤ ਬਕਾਇਆ ਰਕਮ, ਜਿਸ ਨੂੰ ਬਿਟੂਮਨ ਐਸਕਲੇਸ਼ਨ ਕਿਹਾ ਜਾਂਦਾ ਹੈ, ਜਲਦੀ ਜਾਰੀ ਕੀਤੀ ਜਾਵੇ। ਇਸ ਤੋਂ ਇਲਾਵਾ ਪੂਰੇ ਕੀਤੇ ਗਏ ਕੰਮਾਂ ਦੀਆਂ ਪੇਮੈਂਟਾਂ ਦਾ ਭੁਗਤਾਨ ਕਰਨ ਤੇ ਸਮੱਗਰੀ ਦੀ ਘਾਟ ਜਾਂ ਹੋਰ ਅਜਿਹੀਆਂ ਸਮੱਸਿਆਵਾਂ ਕਾਰਨ ਕੰਮਾਂ ’ਚ ਹੋਣ ਵਾਲੀ ਦੇਰੀ ਲਈ ਠੇਕੇਦਾਰਾਂ ’ਤੇ ਜੁਰਮਾਨੇ ਨਾ ਲਗਾਉਣ ਦੀ ਮੰਗ ਵੀ ਕੀਤੀ ਗਈ ਹੈ। ਐਸੋਸੀਏਸ਼ਨ ਅਨੁਸਾਰ ਸਰਦੀ ਦਾ ਮੌਸਮ ਨੇੜੇ ਆਉਣ ਕਾਰਨ ਸੜਕਾਂ ਦੇ ਨਿਰਮਾਣ ਕਾਰਜਾਂ ਲਈ ਸਮਾਂ ਸੀਮਤ ਰਹਿ ਗਿਆ ਹੈ। ਕੰਮ ਕਰਨ ਲਈ ਲਗਭਗ 20 ਤੋਂ 25 ਦਿਨ ਹੀ ਬਚੇ ਹੋਣ ਕਾਰਨ ਸਰਕਾਰ ਨੂੰ ਇਸ ਮਾਮਲੇ ’ਚ ਤੁਰੰਤ ਦਖ਼ਲ ਦੇਣਾ ਚਾਹੀਦਾ ਹੈ। ਐਸੋਸੀਏਸ਼ਨ ਨੇ ਚਿੰਤਾ ਪ੍ਰਗਟਾਈ ਹੈ ਕਿ ਜੇਕਰ ਸਮੱਸਿਆਵਾਂ ਦਾ ਜਲਦੀ ਹੱਲ ਨਾ ਹੋਇਆ ਤਾਂ ਸੜਕਾਂ ਦੇ ਕੰਮ ਹੋਰ ਪ੍ਰਭਾਵਿਤ ਹੋ ਸਕਦੇ ਹਨ। ਐਸੋਸੀਏਸ਼ਨ ਨੇ ਸਰਕਾਰ ਨੂੰ ਅਪੀਲ ਕੀਤੀ ਹੈ ਕਿ ਠੇਕੇਦਾਰਾਂ ਦੀਆਂ ਸਮੱਸਿਆਵਾਂ ਦਾ ਹੱਲ ਕਰਕੇ ਬਕਾਇਆ ਪੇਮੈਂਟਾਂ ਜਾਰੀ ਕੀਤੀਆਂ ਜਾਣ, ਲੁੱਕ ਤੇ ਹੋਰ ਨਿਰਮਾਣ ਸਮੱਗਰੀ ਦੀ ਸਪਲਾਈ ਯਕੀਨੀ ਬਣਾਈ ਜਾਵੇ ਤੇ ਕੰਮਾਂ ਨੂੰ ਸਮੇਂ ਸਿਰ ਪੂਰਾ ਕਰਨ ਲਈ ਲੋੜੀਂਦੇ ਕਦਮ ਚੁੱਕੇ ਜਾਣ। ਇਸ ਦੌਰਾਨ ਐਸੋਸੀਏਸ਼ਨ ਵੱਲੋਂ ਆਪਣੀਆਂ ਮੰਗਾਂ ਤੇ ਸੜਕ ਨਿਰਮਾਣ ਕਾਰਜਾਂ ਨਾਲ ਸਬੰਧਤ ਸਮੱਸਿਆਵਾਂ ਬਾਰੇ ਮੀਡੀਆ ਸਾਹਮਣੇ ਵਿਸਥਾਰ ਨਾਲ ਜਾਣਕਾਰੀ ਦਿੱਤੇ ਜਾਣ ਦੀ ਉਮੀਦ ਹੈ।