- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼
ਪੰਜਾਬ ਪੁਲਿਸ ਸਟੇਟ ਬਣ ਚੁੱਕਾ ਹੈ, ਫਿਰੌਤੀ ਨਾ ਦੇਣ ’ਤੇ ਦੁਕਾਨਦਾਰਾਂ ਤੱਕ ਦੇ ਕਤਲ ਹੋ ਰਹੇ ਹਨ: ਸਚਿਨ ਪਾਇਲਟ

ਤੇਜਿੰਦਰ ਕੌਰ ਥਿੰਦ, ਪੰਜਾਬੀ ਜਾਗਰਣ, ਜਲੰਧਰ :
ਪੰਜਾਬ ਪ੍ਰਦੇਸ਼ ਕਾਂਗਰਸ ਕਮੇਟੀ ਦੇ ਪ੍ਰਧਾਨ ਪਰਗਟ ਸਿੰਘ ਤੇ ਪੰਜਾਬ ਕਾਂਗਰਸ ਦੇ ਇੰਚਾਰਜ ਸਚਿਨ ਪਾਇਲਟ ਦੇ ਪੰਜ ਦਿਨਾਂ ਦੇ ਦੌਰੇ ਦੌਰਾਨ ਅੱਜ ਜਲੰਧਰ ਪੁੱਜਣ ’ਤੇ ਜ਼ਿਲ੍ਹਾ ਕਾਂਗਰਸ ਭਵਨ ’ਚ ਸ਼ਾਨਦਾਰ ਸਵਾਗਤ ਕੀਤਾ ਗਿਆ। ਇਸ ਮੌਕੇ ਦੋਵਾਂ ਆਗੂਆਂ ਨੇ ਪੰਜਾਬ ਦੀ ਵਿਗੜਦੀ ਕਾਨੂੰਨ ਵਿਵਸਥਾ ਤੇ ਵਧ ਰਹੇ ਗੈਂਗਸਟਰਵਾਦ ਨੂੰ ਲੈ ਕੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੀ ਸਰਕਾਰ ’ਤੇ ਤਿੱਖਾ ਹਮਲਾ ਬੋਲਿਆ। ਉਨ੍ਹਾਂ ਕਿਹਾ ਕਿ ਪੰਜਾਬ ਵਿੱਚ ਹਾਲਾਤ ਲਗਾਤਾਰ ਵਿਗੜ ਰਹੇ ਹਨ ਤੇ ਕਾਨੂੰਨ ਵਿਵਸਥਾ ਪੂਰੀ ਤਰ੍ਹਾਂ ਢਹਿ-ਢੇਰੀ ਹੋ ਚੁੱਕੀ ਹੈ। ਆਮ ਲੋਕ ਡਰ ਦੇ ਮਾਹੌਲ ਵਿੱਚ ਰਹਿਣ ਲਈ ਮਜਬੂਰ ਹਨ। ਵਪਾਰੀਆਂ ਤੋਂ ਲੈ ਕੇ ਆਮ ਨਾਗਰਿਕਾਂ ਤੱਕ ਵਿੱਚ ਅਸੁਰੱਖਿਆ ਦੀ ਭਾਵਨਾ ਵਧ ਰਹੀ ਹੈ, ਜਦਕਿ ਸਰਕਾਰ ਹਾਲਾਤ ’ਤੇ ਕਾਬੂ ਪਾਉਣ ਵਿੱਚ ਨਾਕਾਮ ਦਿਖਾਈ ਦੇ ਰਹੀ ਹੈ।
ਸਚਿਨ ਪਾਇਲਟ ਨੇ ਕਿਹਾ ਕਿ ਆਮ ਆਦਮੀ ਪਾਰਟੀ ਦੀ ਸਰਕਾਰ ਨੇ ਪੰਜਾਬ ਨੂੰ ਪੁਲਿਸ ਸਟੇਟ ਬਣਾ ਕੇ ਰੱਖ ਦਿੱਤਾ ਹੈ ਪਰ ਇਸ ਦੇ ਬਾਵਜੂਦ ਅਪਰਾਧੀਆਂ ਤੇ ਗੈਂਗਸਟਰਾਂ ’ਤੇ ਪ੍ਰਭਾਵਸ਼ਾਲੀ ਕਾਬੂ ਨਜ਼ਰ ਨਹੀਂ ਆ ਰਿਹਾ। ਕਾਂਗਰਸੀ ਆਗੂ ਗੈਂਗਸਟਰਵਾਦ ਤੇ ਨਸ਼ਿਆਂ ਵਿਰੁੱਧ ਆਵਾਜ਼ ਉਠਾਉਣ ਕਾਰਨ ਜਾਨਾਂ ਗੁਆਉਣ ਵਾਲੇ ਲੋਕਾਂ ਦੇ ਪਰਿਵਾਰਾਂ ਨਾਲ ਮੁਲਾਕਾਤ ਕਰ ਕੇ ਦੁੱਖ ਸਾਂਝਾ ਕਰ ਰਹੇ ਹਨ ਤੇ ਇਨਸਾਫ਼ ਦੀ ਲੜਾਈ ’ਚ ਹਰ ਸੰਭਵ ਸਾਥ ਦੇਣ ਦਾ ਭਰੋਸਾ ਦੇ ਰਹੇ ਹਨ। ਉਨ੍ਹਾਂ ਕਿਹਾ ਕਿ ਪੰਜਾਬ ਵਿੱਚ ਛੋਟੇ ਦੁਕਾਨਦਾਰਾਂ ਤੱਕ ਨੂੰ ਫਿਰੌਤੀ ਲਈ ਧਮਕੀਆਂ ਦਿੱਤੀਆਂ ਜਾ ਰਹੀਆਂ ਹਨ ਤੇ ਪੈਸੇ ਨਾ ਦੇਣ ’ਤੇ ਉਨ੍ਹਾਂ ਦੀ ਹੱਤਿਆ ਕਰ ਦਿੱਤੀ ਜਾਂਦੀ ਹੈ। ਇਹ ਸਥਿਤੀ ਸਰਕਾਰ ਦੀ ਕਾਨੂੰਨ ਵਿਵਸਥਾ ਕਾਇਮ ਰੱਖਣ ਦੀ ਜ਼ਿੰਮੇਵਾਰੀ ’ਤੇ ਗੰਭੀਰ ਸਵਾਲ ਖੜ੍ਹੇ ਕਰਦੀ ਹੈ। ਆਮ ਆਦਮੀ ਪਾਰਟੀ ਨੇ ਪੰਜਾਬ ਦੇ ਲੋਕਾਂ ਦਾ ਪੂਰਾ ਵਿਸ਼ਵਾਸ ਗੁਆ ਦਿੱਤਾ ਹੈ। ਇੰਨੇ ਸਾਲ ਬੀਤ ਜਾਣ ਦੇ ਬਾਵਜੂਦ ਸਰਕਾਰੀ ਮੰਚਾਂ 'ਤੇ ਗੰਭੀਰ ਮੁੱਦਿਆਂ 'ਤੇ ਚਰਚਾ ਕਰਨ ਦੀ ਬਜਾਏ ਸਿਰਫ਼ ਚੁਟਕਲੇ ਤੇ ਮਜ਼ਾਕ ਹੀ ਚੱਲ ਰਹੇ ਹਨ।
ਦੋਵਾਂ ਆਗੂਆਂ ਨੇ ਕਿਹਾ ਕਿ ਪੰਜਾਬ ਨੂੰ ਮੌਜੂਦਾ ਡਰ ਅਤੇ ਅਸੁਰੱਖਿਆ ਦੇ ਮਾਹੌਲ ਵਿੱਚੋਂ ਬਾਹਰ ਕੱਢਣ ਲਈ ਸਿਆਸੀ ਬਦਲਾਅ ਜ਼ਰੂਰੀ ਹੈ। ਕਾਂਗਰਸ ਦਾ ਟੀਚਾ ਪੰਜਾਬ ਵਿੱਚ ਅਜਿਹਾ ਮਾਹੌਲ ਬਹਾਲ ਕਰਨਾ ਹੈ, ਜਿੱਥੇ ਵਪਾਰੀ ਬਿਨਾਂ ਕਿਸੇ ਡਰ ਦੇ ਕਾਰੋਬਾਰ ਕਰ ਸਕਣ, ਆਮ ਨਾਗਰਿਕ ਆਪਣੇ ਆਪ ਨੂੰ ਸੁਰੱਖਿਅਤ ਮਹਿਸੂਸ ਕਰਨ ਤੇ ਨੌਜਵਾਨਾਂ ਨੂੰ ਨਸ਼ਿਆਂ ਅਤੇ ਅਪਰਾਧ ਦੇ ਜਾਲ ਤੋਂ ਬਚਾਇਆ ਜਾ ਸਕੇ। ਜ਼ਿਲ੍ਹਾ ਕਾਂਗਰਸ ਭਵਨ ਵਿੱਚ ਵੱਡੀ ਗਿਣਤੀ ਵਿੱਚ ਇਕੱਠੇ ਹੋਏ ਆਗੂਆਂ ਤੇ ਵਰਕਰਾਂ ਨੇ ਪਾਰਟੀ ਦੀ ਏਕਤਾ ਅਤੇ ਲੋਕਾਂ ਦੇ ਮੁੱਦਿਆਂ ਲਈ ਸੰਘਰਸ਼ ਕਰਨ ਦੇ ਸੰਕਲਪ ਨੂੰ ਦਰਸਾਇਆ।
ਇਸ ਮੌਕੇ ਜ਼ਿਲ੍ਹਾ ਕਾਂਗਰਸ ਸ਼ਹਿਰੀ ਪ੍ਰਧਾਨ ਰਾਜਿੰਦਰ ਕੁਮਾਰ ਬੇਰੀ, ਵਿਧਾਇਕ ਹਰਦੇਵ ਸਿੰਘ ਲਾਡੀ, ਵਿਧਾਇਕ ਬਾਵਾ ਹੈਨਰੀ, ਸਾਬਕਾ ਵਿਧਾਇਕ ਸੁਰਿੰਦਰ ਚੌਧਰੀ, ਹਲਕਾ ਇੰਚਾਰਜ ਸੁਰਿੰਦਰ ਕੌਰ, ਡਾ. ਨਵਜੋਤ ਸਿੰਘ ਦਹੀਆ, ਕਾਂਗਰਸੀ ਆਗੂ ਰਾਜਿੰਦਰ ਸਿੰਘ, ਕੌਂਸਲਰ ਡਾ. ਜਸਲੀਨ ਸੇਠੀ, ਕੌਂਸਲਰ ਸ਼ੈਰੀ ਚੱਢਾ, ਕੌਂਸਲਰ ਪਵਨ ਕੁਮਾਰ, ਸਾਬਕਾ ਕੌਂਸਲਰ ਪ੍ਰਭ ਦਿਆਲ ਭਗਤ, ਕਾਂਗਰਸੀ ਆਗੂ ਅੰਮ੍ਰਿਤ ਭੌਸਲੇ, ਰਵਿਸ਼ ਰਾਜ ਸ਼ਰਮਾ, ਜ਼ਿਲ੍ਹਾ ਮਹਿਲਾ ਕਾਂਗਰਸ ਪ੍ਰਧਾਨ ਅਨੁਰਾਧਾ ਬੰਗਾ, ਕਾਂਗਰਸੀ ਆਗੂ ਜਗਦੀਪ ਸਿੰਘ ਸੋਨੂੰ ਸੰਧਰ, ਰਛਪਾਲ ਜੱਖੂ, ਸੁਰਜੀਤ ਸਿੰਘ, ਸੁਦੇਸ਼ ਭਗਤ, ਸਤਪਾਲ ਮੀਕਾ ਸਮੇਤ ਹੋਰ ਕਾਂਗਰਸੀ ਆਗੂ ਅਤੇ ਵਰਕਰ ਮੌਜੂਦ ਸਨ।
---
ਸਿਰਫ 20 ਮਿੰਟ ਰੁਕੇ ਸਚਿਨ, ਨਹੀਂ ਕੀਤੀ ਵਰਕਰਾਂ ਨਾਲ ਚਰਚਾ
ਪੰਜਾਬ ਕਾਂਗਰਸ ਦੀ ਨਵੇਂ ਇੰਚਾਰਜ ਸਚਿਨ ਪਾਇਲਟ ਪਹਿਲੀ ਵਾਰ ਜਲੰਧਰ ਪਹੁੰਚੇ ਤੇ ਕਾਂਗਰਸ ਭਵਨ ਵਿਚ ਸਿਰਫ 20 ਮਿੰਟ ਰੁਕੇ ਤੇ ਮੌਜੂਦ ਵਰਕਰਾਂ ਨੂੰ ਸੰਬੋਧਨ ਕੀਤਾ। ਉਨ੍ਹਾਂ ਨੇ ਪਾਰਟੀ ਦੇ ਪ੍ਰਧਾਨ ਬਲਾਕਾਂ ਤੇ ਕੌਸਲਰਾਂ ਤੋਂ ਮੌਜੂਦਾ ਰਾਜਨੀਤੀ 'ਤੇ ਚਰਚਾ ਕਰਨੀ ਸੀ ਪਰ ਬਿਨਾ ਚਰਚਾ ਕੀਤੇ ਹੀ ਵਾਪਸ ਚਲੇ ਗਏ। ਉਹ ਪੰਜਾਬ ’ਚ ਉਨ੍ਹਾਂ ਪਰਿਵਾਰ ਮਿਲ ਰਹੇ ਹਨ. ਜਿਨ੍ਹਾਂ ਪਰਿਵਾਰ ਦਾ ਕੋਈ ਮੈਂਬਰ ਗੈਂਗਸਟਰ ਕਲਚਰ ਦੀ ਭੇਟ ਚੜ੍ਹ ਚੁੱਕਾ ਹੈ। ਇਸ ਕੜੀ ’ਚ ਉਹ ਐਤਵਾਰ ਨੂੰ ਨਕੋਦਰ ’ਚ ਟਿੰਮੀ ਚਾਵਲਾ ਅਤੇ ਸ਼ਾਹਕੋਟ ’ਚ ਸੰਦੀਪ ਨੰਗਲ ਅੰਬੀਆਂ ਦੇ ਪਰਿਵਾਰ ਨੂੰ ਮਿਲਣਗੇ।