ਚੇਅਰਮੈਨ ਗਰੇਵਾਲ ਨੇ ਸੁਣੀਆਂ ਸਫਾਈ ਮੁਲਾਜ਼ਮਾਂ ਦੀਆਂ ਮੁਸ਼ਕਲਾਂ ਸਫ਼ਾਈ ਮੁਲਾਜ਼ਮਾਂ ਦੀਆਂ ਮੰਗਾਂ ਨੂੰ ਲੈ ਕੇ ਪੰਜਾਬ ਸਰਕਾਰ ਦਾ ਫ਼ੈਸਲਾ ਇਤਿਹਾਸਕ : ਚੰਦਨ ਗਰੇਵਾਲ
Publish Date: Wed, 19 Aug 2026 06:58 PM (IST)
Updated Date: Wed, 19 Aug 2026 07:00 PM (IST)
ਪ੍ਰਿਤਪਾਲ ਸਿੰਘ, ਪੰਜਾਬੀ ਜਾਗਰਣ, ਸ਼ਾਹਕੋਟ: ਪੰਜਾਬ ਰਾਜ ਸਫਾਈ ਕਰਮਚਾਰੀ ਕਮਿਸ਼ਨ ਦੇ ਚੇਅਰਮੈਨ ਚੰਦਨ ਗਰੇਵਾਲ ਨਗਰ ਪੰਚਾਇਤ ਦਫ਼ਤਰ ਸ਼ਾਹਕੋਟ ’ਚ ਪੁੱਜੇ। ਉਨ੍ਹਾਂ ਸਫ਼ਾਈ ਕਰਮਚਾਰੀਆਂ ਨਾਲ ਮੁਲਾਕਾਤ ਕਰਕੇ ਉਨ੍ਹਾਂ ਦੀਆਂ ਸਮੱਸਿਆਵਾਂ ਸੁਣੀਆਂ ਤੇ ਸਰਕਾਰ ਵੱਲੋਂ ਉਨ੍ਹਾਂ ਦੇ ਹਿੱਤ ਵਿੱਚ ਲਏ ਗਏ ਇਤਿਹਾਸਕ ਫ਼ੈਸਲਿਆਂ ਬਾਰੇ ਜਾਣਕਾਰੀ ਸਾਂਝੀ ਕੀਤੀ। ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਚੇਅਰਮੈਨ ਚੰਦਨ ਗਰੇਵਾਲ ਨੇ ਕਿਹਾ ਕਿ ਮੁੱਖ ਮੰਤਰੀ ਭਗਵੰਤ ਮਾਨ ਦੀ ਅਗਵਾਈ ਵਾਲੀ ਸਰਕਾਰ ਨੇ ਸਫ਼ਾਈ ਮੁਲਾਜ਼ਮਾਂ ਦੀਆਂ ਲੰਮੇ ਸਮੇਂ ਤੋਂ ਲਟਕਦੀਆਂ ਮੰਗਾਂ ਨੂੰ ਪੂਰਾ ਕਰਦਿਆਂ ਉਨ੍ਹਾਂ ਦੀਆਂ ਤਨਖਾਹਾਂ ਲਗਭਗ ਦੁੱਗਣੀਆਂ ਕਰਨ ਦਾ ਇਤਿਹਾਸਕ ਕਦਮ ਚੁੱਕਿਆ ਹੈ। ਨੋਟੀਫਿਕੇਸ਼ਨ ਅਨੁਸਾਰ ਮੁਲਾਜ਼ਮਾਂ ਦੀ ਤਨਖਾਹ 20,500 ਰੁਪਏ ਨਿਸ਼ਚਿਤ ਕੀਤੀ ਗਈ ਹੈ, ਜਿਸ ਵਿੱਚੋਂ ਪ੍ਰੋਵੀਡੈਂਟ ਫੰਡ ਆਦਿ ਦੀ ਕਟੌਤੀ ਤੋਂ ਬਾਅਦ ਬਾਕੀ ਰਕਮ ਕਰਮਚਾਰੀਆਂ ਨੂੰ ਮਿਲੇਗੀ। ਉਨ੍ਹਾਂ ਦੱਸਿਆ ਕਿ ਸਰਕਾਰ ਵੱਲੋਂ ਆਊਟਸੋਰਸ ਮੁਲਾਜ਼ਮਾਂ ਨੂੰ ਇਨਸੋਰਸ ਕਰਨ ਅਤੇ 2021 ਦੇ ਕੰਟਰੈਕਟ ਵਰਕਰਾਂ ਨੂੰ ਰੈਗੂਲਰ ਕਰਨ ਦੀ ਪ੍ਰਕਿਰਿਆ ਅਮਲ ਵਿੱਚ ਲਿਆਂਦੀ ਜਾ ਰਹੀ ਹੈ। ਵੱਧ ਉਮਰ ਵਾਲੇ ਮੁਲਾਜ਼ਮਾਂ ਬਾਰੇ ਵੀ ਕੈਬਨਿਟ ਮੰਤਰੀ ਹਰਜੋਤ ਸਿੰਘ ਬੈਂਸ ਤੇ ਵਿੱਤ ਮੰਤਰੀ ਹਰਪਾਲ ਸਿੰਘ ਚੀਮਾ ਨਾਲ ਗੰਭੀਰਤਾ ਨਾਲ ਵਿਚਾਰ-ਵਟਾਂਦਰਾ ਕੀਤਾ ਗਿਆ ਹੈ ਤੇ ਸਰਕਾਰ ਦਾ ਰਵੱਈਆ ਇਸ ਪ੍ਰਤੀ ਬਹੁਤ ਹਾਂ-ਪੱਖੀ ਹੈ। ਚੇਅਰਮੈਨ ਨੇ ਸਫ਼ਾਈ ਸੇਵਕਾਂ ਦਾ ਧੰਨਵਾਦ ਕਰਦਿਆਂ ਕਿਹਾ ਕਿ ਹੜਤਾਲ ਖ਼ਤਮ ਹੋਣ ਤੋਂ ਬਾਅਦ ਮੁਲਾਜ਼ਮਾਂ ਨੇ ਪੂਰੀ ਮਿਹਨਤ ਨਾਲ ਸ਼ਹਿਰਾਂ ਨੂੰ ਸਾਫ਼-ਸੁਥਰਾ ਬਣਾਇਆ ਹੈ। ਇਸ ਮੌਕੇ ਹਲਕਾ ਇੰਚਾਰਜ ਪਰਮਿੰਦਰ ਸਿੰਘ ਪੰਡੋਰੀ, ਨਗਰ ਪੰਚਾਇਤ ਦੇ ਕਾਰਜਸਾਧਕ ਅਫ਼ਸਰ ਜਗਤਾਰ ਸਿੰਘ, ਸਾਬਕ ਪ੍ਰਧਾਨ ਸਤੀਸ਼ ਰਿਹਾਨ ਐੱਮਸੀ, ਪ੍ਰਵੀਨ ਗਰੋਵਰ ਐਮਸੀ, ਬੂਟਾ ਸਿੰਘ ਕਲਸੀ ਐੱਮਸੀ, ਰਾਖੀ ਮੱਟੂ ਐਮਸੀ, ਜਤਿੰਦਰਪਾਲ ਬੱਲਾ ਸਾਬਕ ਐੱਮਸੀ, ਬੱਬਲੂ ਰਿਹਾਨ ਯੂਥ ਆਗੂ, ਕੁਲਦੀਪ ਸਿੰਘ ਦੀਦ ਮੈਂਬਰ ਵਪਾਰੀ ਕਮਿਸ਼ਨ, ਗਗਨਦੀਪ ਸਿੰਘ ਐਮਸੀ, ਬਲਜਿੰਦਰ ਸਿੰਘ ਖਿੰਡਾ, ਕਾਲੀ ਪ੍ਰਧਾਨ , ਵਿਲੀਅਮ ਜੋਨ, ਸੁਨੀਲ ਕੁਮਾਰ ਪ੍ਰਧਾਨ ਸਫ਼ਾਈ ਕਰਮਚਾਰੀ ਯੂਨੀਅਨ, ਬੰਟੀ ਮੀਤ ਪ੍ਰਧਾਨ, ਅਰਸ਼ ਖਿੰਡਾ ਤੇ ਹੋਰ ਪਤਵੰਤੇ ਹਾਜ਼ਰ ਸਨ।