ਸਿਵਲ ਹਸਪਤਾਲ ਗੁਰਾਇਆ ਨੇ ਧਾਰਿਆ ਜੰਗਲ ਦਾ ਰੂਪ ਪੰਜਾਬ ਸਰਕਾਰ ਦੇ ਦਾਅਵੇ ਖੋਖਲੇ, ਸਿਹਤ ਕ੍ਰਾਂਤੀ ਦੀ ਨਿੱਕਲੀ ਫੂਕ
Publish Date: Wed, 19 Aug 2026 08:13 PM (IST)
Updated Date: Wed, 19 Aug 2026 08:15 PM (IST)
ਮਨਜੀਤ ਮੱਕੜ, ਪੰਜਾਬੀ ਜਾਗਰਣ, ਗੁਰਾਇਆ : ਪੰਜਾਬ ਸਰਕਾਰ ਦੀ ਸਿਹਤ ਕ੍ਰਾਂਤੀ ਸਿਰਫ ਫਲੈਕਸਾਂ ਚ ਹੀ ਨਜ਼ਰ ਆ ਰਹੀ ਹੈ। ਉਕਤ ਸ਼ਬਦ ਅਕਾਲੀ ਦਲ ਸਰਕਲ ਗੁਰਾਇਆ ਦੇ ਪ੍ਰਧਾਨ ਕੁਲਵਿੰਦਰ ਸਿੰਘ ਸੰਧੂ ਨੇ ਸਿਵਲ ਹਸਪਤਾਲ ਦੇ ਦੌਰੇ ਮੌਕੇ ਕਹੇ। ਉਨ੍ਹਾਂ ਕਿਹਾ ਕਿ ਹਸਪਤਾਲ ਜੰਗਲ ਦਾ ਰੂਪ ਧਾਰਨ ਕਰ ਚੁੱਕਿਆ ਹੈ। ਚਾਰੇ ਪਾਸੇ ਗੰਦਗੀ ਦੇ ਢੇਰ ਲੱਗੇ ਹੋਏ ਹਨ ਤੇ ਸਫਾਈ ਦਾ ਨਾਂ ਨਿਸ਼ਾਨ ਨਹੀਂ ਪ੍ਰੰਤੂ ਹਸਪਤਾਲ ਪ੍ਰਸ਼ਾਸਨ ਤੇ ਨਗਰ ਪੰਚਾਇਤ ਗੁਰਾਇਆ ਦੇ ਪ੍ਰਧਾਨ ਇਸ ਪਾਸੇ ਕੋਈ ਧਿਆਨ ਨਹੀਂ ਦੇ ਰਿਹਾ। ਹਸਪਤਾਲ ਚ ਆਉਣ ਵਾਲੇ ਮਰੀਜ਼ਾਂ ਨੂੰ ਭਾਰੀ ਮੁਸ਼ਕਲਾ ਦਾ ਸਾਹਮਣਾ ਕਰਨਾ ਪੈਂਦਾ ਹੈ। ਅਕਾਲੀ ਆਗੂ ਮੁਖਤਿਆਰ ਸਿੰਘ ਢਿੱਲੋਂ ਨੇ ਕਿਹਾ ਸਿਵਲ ਹਸਪਤਾਲ ਲਈ ਰਾਮ ਸਿੰਘ ਢਿੱਲੋਂ ਵੱਲੋਂ ਜ਼ਮੀਨ ਦਾਨ ਵਜੋਂ ਦਿੱਤੀ ਗਈ ਸੀ। ਅਕਾਲੀ ਭਾਜਪਾ ਦੇ ਰਾਜ ’ਚ 25 ਕਰੋੜ ਦੀ ਲਾਗਤ ਨਾਲ ਹਸਪਤਾਲ ਦੀ ਬਿਲਡਿੰਗ ਦੀ ਉਸਾਰੀ ਕੀਤੀ ਗਈ ਸੀ ਪ੍ਰੰਤੂ ਹੁਣ ਹਸਪਤਾਲ ਦੀ ਹਾਲਤ ਬਦ ਤੋਂ ਬਦਤਰ ਹੈ। ਮੁਹੱਲਾ ਕਲੀਨਿਕ ਦਾ ਬੋਰਡ ਤਾਂ ਲੱਗਾ ਹੈ ਪ੍ਰੰਤੂ ਉਕਤ ਹਸਪਤਾਲ ਮੁੱਢਲੀਆਂ ਸੁਵਿਧਾਵਾ ਤੋਂ ਵਾਂਝਾ ਹੀ ਹੈ। ਉਨ੍ਹਾਂ ਮੰਗ ਕਰਦੇ ਹੋਏ ਕਿਹਾ ਕਿ ਨਗਰ ਕੌਂਸਲ ਗੁਰਾਇਆ ਤੇ ਪੰਜਾਬ ਸਰਕਾਰ ਇਸ ਵੱਲ ਧਿਆਨ ਦੇਵੇ। ਇਸ ਸਬੰਧੀ ਜਦੋਂ ਨਗਰ ਕੌਂਸਲ ਗੁਰਾਇਆ ਦੇ ਪ੍ਰਧਾਨ ਹਰਮੇਸ਼ ਲਾਲ ਮੇਸ਼ੀ ਨਾਲ ਗਲਬਾਤ ਕੀਤੀ ਗਈ ਤਾਂ ਉਨ੍ਹਾਂ ਕਿਹਾ ਕਿ ਉਕਤ ਮਸਲਾ ਕੌਂਸਲ ਦੇ ਧਿਆਨ ਹਿੱਤ ਹੈ। ਸਫਾਈ ਸੇਵਕਾਂ ਦੀ ਲੰਮੇ ਸਮੇ ਤੱਕ ਚੱਲੀ ਹੜਤਾਲ ਕਾਰਨ ਨਗਰ ਕੌਂਸਲ ਦੇ ਕਈ ਇਲਾਕੇ ਸਫਾਈ ਪੱਖੋਂ ਰਹਿ ਗਏ ਹਨ। ਇਸ ਮਸਲੇ ਦਾ ਹੱਲ ਵੀ ਪਹਿਲ ਦੇ ਆਧਾਰ ’ਤੇ ਕੀਤਾ ਜਾਵੇਗਾ। ਇਸ ਮੌਕੇ ਕੁਲਵਿੰਦਰ ਸਿੰਘ ਸੰਧੂ, ਬਲਵਿੰਦਰ ਸਿੰਘ ਕੁੰਦੀ, ਪਰਮਜੀਤ ਸਿੰਘ ਢਿੱਲੋਂ, ਮਲਕੀਤ ਸਿੰਘ ਢਿੱਲੋ, ਮੁਖਤਿਆਰ ਸਿੰਘ ਢਿੱਲੋਂ, ਹਰੀਸ਼ ਸ਼ਰਮਾ ਮਨਜਿੰਦਰ ਸਿੰਘ ਢਿੱਲੋਂ, ਜਸਵੰਤ ਰਾਏ, ਕਾਰਤਿਕ ਸ਼ਰਮਾ, ਹਰੀਤ ਸ਼ਰਮਾ, ਅਮਿਤ ਕੁਮਾਰ, ਵਿਸ਼ਨੂੰ ਆਸ਼ੀਸ਼ ਆਦਿ ਹਾਜ਼ਰ ਸਨ।