- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼
ਪੰਜਾਬ ਸਰਕਾਰ ਨੇ ਸੂਬੇ ਦੀ ਖੇਡ ਵਿਰਾਸਤ ਨੂੰ ਮੁੜ ਸੁਰਜੀਤ ਕੀਤਾ: ਮੋਹਿੰਦਰ ਭਗਤ

ਕੈਬਨਿਟ ਮੰਤਰੀ ਨੇ ਜਲੰਧਰ ’ਚ ‘ਖੇਡਾਂ ਵਤਨ ਪੰਜਾਬ ਦੀਆਂ-2026’ ਤਹਿਤ ਰਾਜ ਪੱਧਰੀ ਮੁਕਾਬਲਿਆਂ ਦੀ ਕੀਤੀ ਸ਼ੁਰੂਆਤ
ਸੀਨੀਅਰ ਸਟਾਫ ਰਿਪੋਰਟਰ ਪੰਜਾਬੀ ਜਾਗਰਣ ਜਲੰਧਰ,
ਪੰਜਾਬ ਦੇ ਬਾਗਬਾਨੀ, ਸੁਤੰਤਰਤਾ ਸੈਨਾਨੀ ਅਤੇ ਰੱਖਿਆ ਸੇਵਾਵਾਂ ਭਲਾਈ ਮੰਤਰੀ ਮੋਹਿੰਦਰ ਭਗਤ ਵੱਲੋਂ ਅੱਜ ਸਰਕਾਰੀ ਆਰਟਸ ਐਂਡ ਸਪੋਰਟਸ ਕਾਲਜ, ਜਲੰਧਰ ਵਿਖੇ 'ਖੇਡਾਂ ਵਤਨ ਪੰਜਾਬ ਦੀਆਂ-2026' ਤਹਿਤ ਰਾਜ ਪੱਧਰੀ ਮੁਕਾਬਲਿਆਂ ਦੀ ਰਸਮੀ ਸ਼ੁਰੂਆਤ ਕੀਤੀ ਗਈ। ਇਨ੍ਹਾਂ ਖੇਡਾਂ ਦੌਰਾਨ ਵਾਲੀਬਾਲ ਸ਼ੂਟਿੰਗ, ਸ਼ਤਰੰਜ ਅਤੇ ਟੇਬਲ ਟੈਨਿਸ ਦੇ ਸ਼ਾਨਦਾਰ ਮੁਕਾਬਲੇ ਹੋਣਗੇ। ਇਸ ਮੌਕੇ ਇਕੱਠ ਨੂੰ ਸੰਬੋਧਨ ਕਰਦਿਆਂ ਕੈਬਨਿਟ ਮੰਤਰੀ ਨੇ ਨਿੱਘੀਆਂ ਸ਼ੁਭਕਾਮਨਾਵਾਂ ਦਿੱਤੀਆਂ ਅਤੇ ਕਿਹਾ ਕਿ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੀ ਦੂਰਅੰਦੇਸ਼ੀ ਅਗਵਾਈ ਹੇਠ ਸੂਬਾ ਸਰਕਾਰ ਖੇਡਾਂ ਦੇ ਖੇਤਰ ਵਿੱਚ ਪੰਜਾਬ ਦੀ ਪੁਰਾਤਨ ਸ਼ਾਨ ਨੂੰ ਮੁੜ ਸੁਰਜੀਤ ਕਰਨ ਲਈ ਲਗਾਤਾਰ ਕੰਮ ਕਰ ਰਹੀ ਹੈ।
ਭਗਤ ਨੇ ਕਿਹਾ ਕਿ ਮੁੱਖ ਮੰਤਰੀ ਭਗਵੰਤ ਸਿੰਘ ਮਾਨ, ਜੋ ਖੁਦ ਬਹੁਤ ਵੱਡੇ ਖੇਡ ਪ੍ਰੇਮੀ ਹਨ, ਨੇ ਫੁੱਟਬਾਲ ਅਤੇ ਹਾਕੀ ਤੋਂ ਲੈ ਕੇ ਵਾਲੀਬਾਲ ਤੱਕ, ਸਭ ਦੀਆਂ ਖੇਡਾਂ ਦੇ ਵਿਕਾਸ ਨੂੰ ਲਗਾਤਾਰ ਤਰਜੀਹ ਦਿੱਤੀ ਹੈ। ਉਨ੍ਹਾਂ ਇਸ ਗੱਲ 'ਤੇ ਜ਼ੋਰ ਦਿੱਤਾ ਕਿ ਸੂਬੇ ਵਿੱਚੋਂ ਨਸ਼ਿਆਂ ਦੀ ਸਮੱਸਿਆ ਨੂੰ ਖਤਮ ਕਰਨ ਲਈ ਖੇਡਾਂ ਨੂੰ ਉਤਸ਼ਾਹਿਤ ਕਰਨਾ ਇਕ ਅਹਿਮ ਕਦਮ ਹੈ। ਉਨ੍ਹਾਂ ਅੱਗੇ ਕਿਹਾ ਕਿ ਇੱਕ ਖਿਡਾਰੀ ਕਦੇ ਵੀ ਨਸ਼ਿਆਂ ਵਿੱਚ ਨਹੀ ਪੈਂਦਾ ਅਤੇ ਖੇਡਾਂ ਸਾਡੇ ਨੌਜਵਾਨਾਂ ਦੀ ਊਰਜਾ ਨੂੰ ਉਸਾਰੂ ਗਤੀਵਿਧੀਆਂ ਵਿੱਚ ਲਗਾਉਣ ਦਾ ਸਭ ਤੋਂ ਕਾਰਗਰ ਹਥਿਆਰ ਹਨ। ਕੈਬਨਿਟ ਮੰਤਰੀ ਨੇ ਕਿਹਾ ਕਿ ਸੂਬੇ ਵਿੱਚ ਖੇਡ ਸੱਭਿਆਚਾਰ ਨੂੰ ਵੱਡੇ ਪੱਧਰ ’ਤੇ ਹੁਲਾਰਾ ਦੇਣ ਲਈ ਪੰਜਾਬ ਸਰਕਾਰ ਵੱਲੋਂ 1,800 ਕਰੋੜ ਰੁਪਏ ਦਾ ਇਤਿਹਾਸਕ ਬਜਟ ਰੱਖਿਆ ਗਿਆ ਹੈ। ਉਨ੍ਹਾਂ ਕਿਹਾ ਕਿ ਸਰਕਾਰ ਵੱਲੋਂ ਰਾਸ਼ਟਰੀ ਅਤੇ ਅੰਤਰਰਾਸ਼ਟਰੀ ਪੱਧਰ 'ਤੇ ਮੁਕਾਬਲਿਆਂ ਦੀ ਤਿਆਰੀ ਕਰ ਰਹੇ ਖਿਡਾਰੀਆਂ ਨੂੰ ਖੁਰਾਕ ਅਤੇ ਸਿਖ਼ਲਾਈ ਲਈ ਅਗਾਊਂ ਹੀ ਵਿੱਤੀ ਸਹਾਇਤਾ ਪ੍ਰਦਾਨ ਕੀਤੀ ਜਾਂਦੀ ਹੈ ਤਾਂ ਜੋ ਕਿਸੇ ਵੀ ਯੋਗ ਖਿਡਾਰੀ ਨੂੰ ਵਿੱਤੀ ਰੁਕਾਵਟਾਂ ਦਾ ਸਾਹਮਣਾ ਨਾ ਕਰਨਾ ਪਵੇ। ਭਗਤ ਨੇ ਜ਼ਿਲ੍ਹਾ ਪ੍ਰਸ਼ਾਸਨ ਅਤੇ ਖੇਡ ਵਿਭਾਗ ਵੱਲੋਂ ਕੀਤੇ ਗਏ ਸੁਚੱਜੇ ਪ੍ਰਬੰਧਾਂ ਦੀ ਵੀ ਸ਼ਲਾਘਾ ਕੀਤੀ ਅਤੇ ਸਾਰੇ ਨੌਜਵਾਨ ਭਾਗੀਦਾਰਾਂ ਨੂੰ ਸਮਰਪਣ, ਦ੍ਰਿੜ੍ਹਤਾ ਅਤੇ ਸੱਚੀ ਖੇਡ ਭਾਵਨਾ ਨਾਲ ਖੇਡਣ ਲਈ ਉਤਸ਼ਾਹਿਤ ਕੀਤਾ।
ਇਸ ਤੋਂ ਪਹਿਲਾਂ ਜ਼ਿਲ੍ਹਾ ਖੇਡ ਅਫ਼ਸਰ ਗੁਰਪ੍ਰੀਤ ਸਿੰਘ ਬਾਜਵਾ, ਤੈਰਾਕੀ ਕੋਚ ਉਮੇਸ਼ ਸ਼ਰਮਾ, ਵਾਲੀਬਾਲ ਕੋਚ ਅੰਮ੍ਰਿਤਪਾਲ ਸਿੰਘ, ਪਲਵਿੰਦਰ ਕੌਰ, ਸ਼ਤਰੰਜ ਕੋਚ ਦਿਨੇਸ਼ ਘੇਰਾ ਅਤੇ ਖਿਡਾਰੀਆਂ ਤੇ ਅਧਿਕਾਰੀਆਂ ਵੱਲੋਂ ਕੈਂਪਸ ਵਿੱਚ ਪਹੁੰਚਣ 'ਤੇ ਮੁੱਖ ਮਹਿਮਾਨ ਦਾ ਸਵਾਗਤ ਕੀਤਾ ਗਿਆ।